Close
Menu

ਦਿੱਲੀ ਓਪਨ: ਸੋਮਦੇਵ ਤੇ ਯੂਕੀ ਵਿਚਾਲੇ ਹੋਵੇਗੀ ਖ਼ਿਤਾਬੀ ਭੇੜ

-- 22 February,2015

ਨਵੀਂ ਦਿੱਲੀ, ਸੋਮਦੇਵ ਦੇਵਬਰਮਨ ਅਤੇ ਯੂਕੀ ਭਾਂਬਰੀ ਆਪਣੇ ਆਪਣੇ ਸੈਮੀ ਫਾਈਨਲ ਮੁਕਾਬਲੇ ਜਿੱਤ ਕੇ ਇਕ ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਦਿੱਲੀ ਏਟੀਪੀ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ’ਚ ਜਗ੍ਹਾ ਬਣਾਉਣ ਵਿੱਚ ਸਫਲ ਰਹੇ ਹਨ। ਸੋਮਦੇਵ ਨੇ ਸੈਮੀ ਫਾਈਨਲ ’ਚ ਬੈਲਜੀਅਮ ਦੇ ਕਿਮੇਰ ਕੋਪੇਯਾਂਸ ਨੂੰ 65 ਮਿੰਟਾਂ ’ਚ ਸਿੱਧੇ ਸੈੱਟਾਂ ’ਚ 6-3, 6-1 ਨਾਲ ਹਾਰ ਦਿੱਤੀ। ਸੋਮਦੇਵ ਨੇ ਵਿਸ਼ਵ ਦੇ 183ਵੇਂ ਨੰਬਰ ਦੇ ਬੈਲਜੀਅਮ ਦੇ ਖਿਡਾਰੀ ਦੀ ਇਕ ਨਾ ਚੱਲਣ ਦਿੱਤੀ।
ਯੂਕੀ ਨੇ ਇਕ ਸੈੱਟ ਪਛੜਨ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਬੈਲਜੀਅਮ ਦੇ ਰੂਬੇਨ ਬੇਸੇਲਮਾਨਜ਼ ਨੂੰ 4-6, 6-4, 7-5 ਨਾਲ ਹਰਾਇਆ। ਯੂਕੀ ਨੇ ਇਸ ਮੈਚ ’ਚ ਕਾਫੀ ਗਲਤੀਆਂ ਕੀਤੀਆਂ। ਜੇਕਰ ਵਿਰੋਧੀ ਖਿਡਾਰੀ ਥੋੜ੍ਹਾ ਸੰਭਲ ਕੇ ਖੇਡਦਾ ਤਾਂ ਭਾਰਤੀ ਖਿਡਾਰੀ ਨੂੰ ਹਰਾ ਸਕਦਾ ਸੀ। ਮੈਚ ਜਿੱਤਣ ਬਾਅਦ ਯੂਕੀ ਨੇ ਕਿਹਾ, ‘‘ਮੈਂ ਬੈਲਜੀਅਮ ਖਿਡਾਰੀ ਖ਼ਿਲਾਫ਼ ਪਹਿਲੀ ਵਾਰ ਖੇਡਿਆ ਸੀ। ਇਸ ਲਈ ਮੈਂ ਉਸ ਦੀ ਖੇਡ ਬਾਰੇ ਅਣਜਾਣ ਸੀ। ਮੈਂ ਵੱਖ-ਵੱਖ ਚੀਜ਼ਾਂ ਪਰਖ ਰਿਹਾ ਸੀ ਤੇ ਇਸ ’ਚ ਸਫਲ ਰਿਹਾ। ਉਸ ਨੂੰ ਸਮਝਣ ’ਚ ਕੁਝ ਸਮਾਂ ਜ਼ਰੂਰ ਲੱਗਿਆ।’’ ਸੋਮਦੇਵ ਖ਼ਿਲਾਫ਼ ਖਿਤਾਬੀ ਮੈਚ ਬਾਰੇ ਪੁੱਛਣ ’ਤੇ ਯੂਕੀ ਨੇ ਕਿਹਾ ਕਿ ਜੋ ਦਬਾਅ ਨਾਲ ਬਿਹਤਰ ਤਰੀਕੇ ਨਾਲ ਨਿਪਟੇਗਾ, ਉਹ ਟਰਾਫ਼ੀ ਜਿੱਤ ਲਵੇਗਾ। ਹਾਲ ਹੀ ’ਚ ਸੋਮਦੇਵ ਨੇ ਹਾਂਗਕਾਂਗ ਓਪਨ ਦੇ ਪਹਿਲੇ ਗੇੜ ’ਚ ਯੂਕੀ ਨੂੰ ਹਰਾਇਆ ਸੀ। ਫਾਈਨਲ ’ਚ ਪਹੁੰਚਣ ਬਾਅਦ ਸੋਮਦੇਵ ਨੇ ਕਿਹਾ, ‘‘ਇਹ ਆਸਾਨ ਮੈਚ ਨਹੀਂ ਸੀ। ਮੈਂ ਨਵੀਂ ਗੇਂਦ ਨਾਲ ਉਸ ’ਤੇ ਦਬਾਅ ਬਣਾਇਆ ਪਰ ਇਸ ਮੈਚ ’ਚ ਸਾਡੇ ’ਚੋਂ ਕੋਈ ਵੀ ਜਿੱਤ ਸਕਦਾ ਸੀ ਪਰ ਮੈਂ ਖੁਸ਼ਕਿਸਮਤ ਰਿਹਾ ਤੇ ਜਿੱਤ ਦੇ ਫਾਈਨਲ ’ਚ ਪਹੁੰਚ ਗਿਆ।’’

Facebook Comment
Project by : XtremeStudioz