Close
Menu

ਦਿੱਲੀ ਕਮੇਟੀ ਵਲੋਂ ਵੀ ਡੇਰਾ ਮੁਖੀ ਨੂੰ ਮੁਆਫ਼ ਕਰਨ ਦੇ ਫ਼ੈਸਲੇ ਦਾ ਸਮਰਥਨ

-- 03 October,2015

ਅੰਮ੍ਰਿਤਸਰ, 3 ਅਕਤੂਬਰ: ਸ਼੍ਰੋਮਣੀ ਕਮੇਟੀ ਤੋਂ ਬਾਅਦ ਅੱਜ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਹੋਰ ਜਥੇਦਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਵਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ ਕਰਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਫੈਸਲੇ ਦਾ ਵਿਰੋਧ ਕਰ ਰਹੀਆਂ ਜਥੇਬੰਦੀਆਂ ਨੇ ਇਸ ਫੈਸਲੇ ਖ਼ਿਲਾਫ਼ ਰੋਸ ਵਿਖਾਵੇ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਸਿੱਖ ਸਦਭਾਵਨਾ ਦਲ ਵਲੋਂ ਇਸੇ ਤਹਿਤ ਅੱਜ ਇਕ ਘੰਟਾ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਰੋਸ ਵਜੋਂ ਪਾਠ ਕੀਤਾ ਗਿਆ। ਇਸੇ ਤਰ੍ਹਾਂ ਦਲ ਖਾਲਸਾ ਤੇ ਪੰਚ ਪ੍ਰਧਾਨੀ ਨੇ ਵੀ ਇਸ ਫੈਸਲੇ ਵਿਰੁੱਧ ਸਿਧਾਂਤਕ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ.ਕੇ ਦੇ ਨਾਲ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਦੋ ਦਰਜਨ ਮੈਂਬਰ ਵੀ ਸ਼ਾਮਲ ਸਨ। ਇਸ ਮੁਲਾਕਾਤ ਸਮੇਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਹਾਜ਼ਰ ਸਨ। ਮੀਟਿੰਗ ਮਗਰੋਂ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਅੱਜ ਇਥੇ ਜਥੇਦਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਵਲੋਂ ਕੀਤੇ ਫੈਸਲੇ ਦਾ ਸਮਰਥਨ ਕੀਤਾ ਹੈ ਅਤੇ ਭਰੋਸਾ ਦਿਤਾ ਕਿ ਦਿੱਲੀ ਕਮੇਟੀ ਉਨ੍ਹਾਂ ਦੇ ਫੈਸਲੇ ਨਾਲ ਖੜ੍ਹੀ ਹੈ। ਫ਼ੈਸਲੇ ਦਾ ਵਿਰੋਧ ਕਰਨ ਵਾਲਿਆਂ ਨੂੰ ਉਨ੍ਹਾਂ ਏਜੰਟ ਦੱਸਦਿਆਂ ਆਖਿਆ ਕਿ ਉਹ ਪੰਥ ਵਿਰੋਧੀ ਤਾਕਤਾਂ ਦੇ ਇਸ਼ਾਰੇ ’ਤੇ ਅਜਿਹਾ ਕਰ ਰਹੇ ਹਨ। ਉਨ੍ਹਾਂ ਨੇ ਜਥੇਦਾਰਾਂ ਵਲੋਂ ਕੀਤੇ ਫੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਫੈਸਲੇ ਨਾਲ ਪਿਛਲੇ ਕਈ ਸਾਲਾਂ ਤੋਂ ਡੇਰਾ ਪ੍ਰੇਮੀਆਂ ਨਾਲ ਚਲਿਆ ਆ ਰਿਹਾ ਟਕਰਾਅ ਖਤਮ ਹੋ ਜਾਵੇਗਾ ਅਤੇ ਭਾਈਚਾਰਕ ਸਾਂਝ ਕਾਇਮ ਹੋਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਸਿੱਖ ਵਿਰੋਧੀ ਕਾਰਜਾਂ ਲਈ ਜੇਕਰ ਕਾਂਗਰਸ ਮੁਆਫ਼ੀ ਮੰਗਦੀ ਹੈ ਤਾਂ ਉਸ ਨੂੰ ਵੀ ਮੁਆਫ਼ ਕੀਤਾ ਜਾ ਸਕਦਾ ਹੈ ਕਿਉਂਕਿ ਗੁਰੂ ਘਰ ਹਰੇਕ ’ਤੇ ਮੇਹਰਬਾਨ ਹੈ। ਇਸ ਮੌਕੇ ਕਈ ਸਵਾਲਾਂ ਦੇ ਜਵਾਬ ਦੇਣ ਤੋਂ ਉਨ੍ਹਾਂ ਟਾਲਾ ਵੀ ਵੱਟਿਆ।
ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਫੈਸਲੇ ਦੀ ਪ੍ਰੋੜਤਾ ਕੀਤੀ ਜਾ ਚੁੱਕੀ ਹੈ। ਫ਼ੈਸਲੇ ਨੂੰ ਮੁੜ ਵਿਚਾਰਨ ਲਈ ਵਿਦਵਾਨਾਂ ਦੀ ਕਮੇਟੀ ਬਣਾਉਣ ਬਾਰੇ ਕੀਤੇ ਐਲਾਨ ਸਬੰਧੀ ਉਨ੍ਹਾਂ ਆਖਿਆ ਕਿ ਇਹ ਕਮੇਟੀ ਜਲਦੀ ਹੀ ਗਠਿਤ ਕਰ ਦਿੱਤੀ ਜਾਵੇਗੀ।
ਇਥੇ ਦੱਸਣਯੋਗ ਹੈ ਕਿ ਦਿੱਲੀ ਕਮੇਟੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਜਨਰਲ ਹਾਊਸ ਦੇ ਮੈਂਬਰਾਂ ਦੀ ਮੀਟਿੰਗ ਸੱਦ ਕੇ ਇਸ ਫੈਸਲੇ ਦੀ ਪ੍ਰੋੜਤਾ ਕੀਤੀ ਜਾ ਚੁੱਕੀ ਹੈ ਪਰ ਉਸ ਮੀਟਿੰਗ ਵਿਚ ਪ੍ਰੋੜਤਾ ਕਰਨ ਦੇ ਫੈਸਲੇ ਦਾ ਵਿਰੋਧ ਵੀ ਹੋਇਆ ਸੀ।
ਇਸੇ ਦੌਰਾਨ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਜਥੇਬੰਦੀ ਦੇ ਆਗੂਆਂ ਨੇ ਇਸ ਫੈਸਲੇ ਖਿਲਾਫ ਸਿਧਾਂਤਕ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਕੁਲਬੀਰ ਸਿੰਘ ਬੜਾਪਿੰਡ ਨੇ ਜਾਰੀ ਇਕ ਬਿਆਨ ਵਿਚ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਨੂੰ ਢੁੱਕਵਾਂ ਜਵਾਬ ਦੇਣ। ਉਨ੍ਹਾਂ ਨੇ ਮੁਆਫ਼ੀਨਾਮੇ ’ਤੇ ਨਜ਼ਰਸਾਨੀ ਕਰਨ ਲਈ ਕਮੇਟੀ ਬਣਾਉਣ ਦੀ ਤਜਵੀਜ਼ ਨੂੰ ਵੀ ਮਾਮਲਾ ਰਫਾ-ਦਫਾ ਕਰਨ ਦਾ ਢੰਗ ਤਰੀਕਾ ਦੱਸਿਆ ਹੈ।
ਇਸੇ ਤਰ੍ਹਾਂ ਸਿੱਖ ਸਦਭਾਵਨਾ ਦਲ ਦੇ ਕਾਰਕੁਨਾਂ ਵਲੋਂ ਫੈਸਲੇ ਖਿਲਾਫ ਰੋਸ ਵਿਖਾਵਾ ਕਰਦਿਆਂ ਸ੍ਰੀ ਅਕਾਲ ਤਖ਼ਤ ਵਿਖੇ ਜਾਪ ਕੀਤਾ ਗਿਆ ਹੈ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ ਜਥੇਦਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੇ, ਉਹ ਇਸੇ ਢੰਗ ਤਰੀਕੇ ਨਾਲ ਰੋਸ ਵਿਖਾਵਾ ਜਾਰੀ ਰੱਖਣਗੇ।

Facebook Comment
Project by : XtremeStudioz