Close
Menu

ਦਿੱਲੀ ‘ਚ ਭਾਰੀ ਬਹੁਮਤ ਨਾਲ ਜਿੱਤਾਂਗੇ, ‘ਆਪ’ ਦੀ ਕੋਈ ਹੋਂਦ ਨਹੀਂ : ਭਾਜਪਾ

-- 03 December,2013

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਭਾਰੀ ਬਹੁਮਤ ਨਾਲ ਜਿੱਤਣ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਮਤਦਾਨ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਲਈ ਹੈ ਅਤੇ ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ‘ਚ ਕੋਈ ਹੋਂਦ ਨਹੀਂ ਹੈ।
ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਦੇ ਲਈ ਕਰੀਬ ਇਕ ਪਖਵਾੜੇ ਚੱਲੇ ਚੋਣ ਪ੍ਰਚਾਰ ਦੇ ਸਮਾਪਨ ਦੇ ਦਿਨ ਸੋਮਵਾਰ ਨੂੰ ਪ੍ਰਦੇਸ਼ ਭਾਜਪਾ ਦਫਤਰ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ‘ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ, ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਟਲੀ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਰਸ਼ਵਰਧਨ, ਪ੍ਰਦੇਸ਼ ਪ੍ਰਧਾਨ ਵਿਜੇ ਗੋਇਲ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵਿਜੇ ਕੁਮਾਰ ਮਲਹੋਤਰਾ ਨੇ ਭਾਜਪਾ ਦੀ ਭਾਰੀ ਬਹੁਮਤ ਨਾਲ ਜਿੱਤ ਦਾ ਭਰੋਸਾ ਜਤਾਇਆ।
ਭਾਜਪਾ ਨੇਤਾਵਾਂ ਨੇ ਕਿਹਾ ਕਿ ਦਿੱਲੀ ਦੀ ਜਨਤਾ ਬਹੁਤ ਜਾਗਰੂਕ ਹੈ ਅਤੇ ਉਹ ਕਾਂਗਰਸ ਦੇ 15 ਸਾਲ ਦੇ ਕੁਸ਼ਾਸਨ ਤੋਂ ਬੁਰੀ ਤਰ੍ਹਾਂ ਦੁਖੀ ਹੋ ਚੁੱਕੀ ਹੈ ਅਤੇ ਉਸ ਨੇ ਬਦਲਾਅ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਭਾਜਪਾ ‘ਚ ਸੁਭਾਵਿਕ ਬਦਲ ਦੇਖ ਰਹੀ ਹੈ ਅਤੇ ਉਹ ਜਾਣਦੀ ਹੈ ਕਿ ਆਪ ਨੂੰ ਵੋਟ ਦੇਣਾ, ਵੋਟ ਗਵਾਉਣ ਦੇ ਬਰਾਬਰ ਹੈ।
ਸੁਸ਼ਮਾ ਸਵਰਾਜ ਨੇ ਕਿਹਾ ਕਿ  ਉਨ੍ਹਾਂ ਨੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਇਨ੍ਹਾਂ ਪ੍ਰਦੇਸ਼ਾਂ ਦਾ ਦੌਰਾ ਕੀਤਾ ਹੈ। ਉਨ੍ਹਾਂ ਦਾ ਅਨੁਭਵ ਹੈ ਕਿ ਕਾਂਗਰਸ ਦੇ ਵਿਰੋਧ ‘ਚ ਭਿਆਨਕ ਹਨ੍ਹੇਰੀ ਚੱਲ ਰਹੀ ਹੈ। ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ  ‘ਚ ਮਤਦਾਨ ਹੋ ਚੁੱਕਾ ਹੈ। ਤਿੰਨੋਂ ਥਾਵਾਂ ‘ਤੇ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਚਾਰ ਦਸੰਬਰ ਨੂੰ ਇਸ ਲੜੀ ‘ਚ ਦਿੱਲੀ ਵੀ ਜੁੜ ਜਾਏਗਾ।
ਉਨ੍ਹਾਂ ਨੇ ਕਿਹਾ ਕਿ ਜਨਤਾ ਨੇ ਕਾਂਗਰਸ ਨੂੰ ਹਰਾਉਣ ਅਤੇ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ ਅਤੇ ਇਸ ਲਈ ਉਹ ਆਪਣਾ ਵੋਟ ਬੇਕਾਰ ਕਰਨ ਦੇ ਲਈ ਕਿਸੇ ਤੀਜੀ ਪਾਰਟੀ ਨੂੰ ਵੋਟ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਕਿ ਆਪ ਦੇ ‘ਮੁੰਗੇਰੀ ਲਾਲ ਦੇ ਸੁਪਨੇ’  8 ਦਸੰਬਰ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਖਿੰਡਰ ਜਾਣਗੇੱ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਵਰਕਰਾਂ ‘ਚ ਇੰਨਾ ਜਨੂਨ ਹੈ ਕਿ ਉਹ ਤਿੰਨ ਵਾਰ ਤੋਂ ਹਾਰ ਰਹੀ ਸੀਟ ਭਾਜਪਾ ਦੀ ਝੋਲੀ ‘ਚ ਸੁੱਟਣ ਦੇ ਲਈ ਜੀ ਜਾਨ ਨਾਲ ਜੁੜੇ ਹੋਏ ਹਨ। ਅਗਲੇ ਦੋ ਦਿਨ ਭਾਜਪਾ ਵਰਕਰ ਚੋਣ ਜਿੱਤਣ ਦੇ ਲਈ ਬੂਥ ਪੱਧਰ ‘ਤੇ ਸਰਗਰਮ ਰਹਿਣਗੇ।

Facebook Comment
Project by : XtremeStudioz