Close
Menu

ਦਿੱਲੀ ਦੇ ਕਿਸਾਨਾਂ ਨੂੰ ਮਿਲੇਗਾ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਅਾਵਜ਼ਾ

-- 12 April,2015

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੇਮੌਸਮੇ ਮੀਂਹਾਂ ਨਾਲ ਸੂਬੇ ਦੇ ਕਿਸਾਨਾਂ ਦੀ ਖ਼ਰਾਬ ਹੋਈ ਫਸਲ ਲਈ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪੱਛਮੀ ਦਿੱਲੀ ਦੇ ਬਾਹਰੀ ਇਲਾਕੇ ਮੁੰਡਕਾ ਵਿੱਚ ਰੈਲੀ ਦੌਰਾਨ ੳੁਨ੍ਹਾਂ ਇਹ ਐਲਾਨ ਕੀਤਾ। ਬੀਤੇ ਦਿਨੀਂ ਦਿੱਲੀ ਦੇ ਕਿਸਾਨਾਂ ਦਾ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ ਸੀ ਤੇ ਮੁਆਵਜ਼ੇ ਦੀ ਮੰਗ ਰੱਖੀ ਸੀ। ਸੂਬਾ ਸਰਕਾਰ ਦੇ ਗਠਨ ਪਿੱਛੋਂ ਸ੍ਰੀ ਕੇਜਰੀਵਾਲ ਦੀ ੲਿਹ ਪਹਿਲੀ ਰੈਲੀ ਸੀ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਅਾਮ ਅਾਦਮੀ ਪਾਰਟੀ (ਆਪ) ਵੱਲੋਂ ਦਿੱਲੀ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ‘ਆਪ’ ਵਿੱਚ ਮਚੇ ਕਲੇਸ਼ ਬਾਰੇ ਉਨ੍ਹਾਂ ਕਿਹਾ ਕਿ ਕੁਝ ਲੋਕ ਉਨ੍ਹਾਂ ਦੀ ਦਿੱਖ ਖ਼ਰਾਬ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕੁਦਰਤੀ ਕਰੋਪੀ ਕਾਰਨ ਹੋਏ ਨੁਕਸਾਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਸਸਤੀ ਬਿਜਲੀ ਦੇਣ ਦਾ ਵੀ ਵਾਅਦਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ, ‘‘ਸਾਡੀ ਨੀਅਤ ਸਾਫ਼ ਹੈ, ਇਸ ਲਈ ਬਿਜਲੀ ਦੇ ਭਾਅ ਘੱਟ ਕੀਤੇ, ਜਦੋਂ ਕਿ ਭਾਜਪਾ ਤੇ ਕਾਂਗਰਸ ਵਾਲੇ ਇਹ ਨਹੀਂ ਕਰ ਸਕੇ।’’
ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਪਿਛਲੇ ਦਿਨੀਂ ਕੀਤੇ ਕੰਮ ਵੀ ਗਿਣਾੲੇ ਅਤੇ ਕਿਹਾ ਕਿ ਦਿੱਲੀ ਵਾਸੀਆਂ ਵਿੱਚੋਂ ਕਰੀਬ 90 ਫੀਸਦੀ ਨੂੰ ਬਿਜਲੀ ਉਤੇ ਸਬਸਿਡੀ ਦਿੱਤੀ ਗਈ ਹੈ। ਉਨ੍ਹਾਂ ਹੇਠਲੇ ਤਬਕੇ ਲਈ ਕੀਤੇ ਕਾਰਜਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਕਾਰ ਸਾਰੇ ਵਾਅਦੇ ਪੂਰੇ ਕਰੇਗੀ। ਦਿੱਲੀ ਸਰਕਾਰ ‘ਭੂਮੀ ਸੁਧਾਰ ਐਕਟ’ ਰਾਹੀਂ ਜ਼ਮੀਨ ਨਾਲ ਸਬੰਧਤ ਮੱਦਾਂ ਵਿੱਚ ਵੀ ਸੁਧਾਰ ਲਿਆਵੇਗੀ। ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਜੇ ਮੁਆਵਜ਼ੇ ਬਾਰੇ ਕਿਸਾਨਾਂ ਨੂੰ ਇਤਰਾਜ਼ ਹੋਣਗੇ ਤਾਂ ਉਹ ਵਿਧਾਇਕਾਂ ਤੇ ਅਧਿਕਾਰੀਆਂ ਨਾਲ ਮਿਲ ਕੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਬੀਜਾਂ ਤੇ ਖਾਦਾਂ ਉਪਰ ਵੀ ਰਿਆਇਤ ਦੇਣ ਦਾ ਐਲਾਨ ਕੀਤਾ।
ਸਿੰਜਾਈ ਲਈ ਕਿਸਾਨਾਂ ਨੂੰ ਟਿਊਬਵੈੱਲ ਲਾਉਣ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਨੂੰ ਬਕਾਇਆ ਅਰਜ਼ੀਅਾਂ ਦੇ ਨਿਬੇੜੇ ਦੇ ਹੁਕਮ ਦਿੱਤੇ ਗਏ ਹਨ। ਰੈਲੀ ਵਿੱਚ ਦਿੱਲੀ ਦੇ ਪੇਂਡੂ ਹਲਕਿਆਂ ਮੁੰਡਕਾ, ਨਰੇਲਾ ਤੇ ਬਵਾਨਾ ਦੇ ਕਿਸਾਨਾਂ ਨੇ ਹਿੱਸਾ ਲਿਆ।

Facebook Comment
Project by : XtremeStudioz