Close
Menu

ਦਿੱਲੀ ਨੇ ਦਿੱਤਾ ਚੇਨਈ ਨੂੰ ਝਟਕਾ

-- 13 May,2015

ਰਾਏਪੁਰ¸ ਸਟਾਰ ਓਪਨਰ ਸ਼੍ਰੇਅਸ ਅਈਅਰ (70) ਦੇ ਤੂਫਾਨੀ ਅਰਧ ਸੈਂਕੜੇ ਤੇ ‘ਮੈਨ ਆਫ ਦਿ ਮੈਚ’ ਤੇਜ਼ ਗੇਂਦਬਾਜ਼ ਜ਼ਹੀਰ ਖਾਨ (9 ਦੌੜਾਂ ‘ਤੇ 2 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੀ ਬਦੌਲਤ ਪਲੇਅ-ਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਦਿੱਲੀ ਡੇਅਰਡੇਵਿਲਜ਼ ਨੇ ਮੰਗਲਵਾਰ ਨੂੰ ਆਈ. ਪੀ. ਐੱਲ.-8 ਮੁਕਾਬਲੇ ਵਿਚ ਚੋਟੀ ਟੀਮ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਜ਼ੋਰਦਾਰ ਝਟਕਾ ਦਿੱਤਾ। ਚੇਨਈ ਨੇ ਦਿੱਲੀ ਨੂੰ 120 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਡੇਅਰਡੇਵਿਲਜ਼ ਨੇ 16.4 ਓਵਰਾਂ ਵਿਚ ਹੀ 120 ਦੌੜਾਂ ਬਣਾ ਕੇ ਹਾਸਲ ਕਰ ਲਿਆ ਤੇ ਆਈ. ਪੀ. ਐੱਲ.-8 ਵਿਚ ਆਪਣੀ ਪੰਜਵੀਂ ਜਿੱਤ ਦਰਜ ਕੀਤੀ। ਚੇਨਈ ਇਸ ਹਾਰ ਤੋਂ ਬਾਅਦ ਵੀ ਚੋਟੀ ‘ਤੇ ਬਣੀ ਹੋਈ ਹੈ ਪਰ 13 ਮੈਚਾਂ ਵਿਚ ਇਹ ਉਸ ਦੀ ਪੰਜਵੀਂ ਹਾਰ ਹੈ।
120 ਦਾ ਟੀਚਾ ਹਾਸਲ ਕਰਨ ਉਤਰੀ ਦਿੱਲੀ ਦੀਆਂ ਦੋ ਵਿਕਟਾਂ ਭਾਵੇਂ ਹੀ 24 ਦੌੜਾਂ ‘ਤੇ ਡਿੱਗ ਗਈਆਂ ਪਰ ਅਈਅਰ ਨੇ 49 ਗੇਂਦਾਂ ਵਿਚ 10 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 70 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ ‘ਤੇ ਪਹੁੰਚਾ ਦਿੱਤਾ। ਅਈਅਰ ਦੇ ਨਾਲ ਤੀਜੀ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਨਿਭਾਉਣ ਵਾਲਾ ਦਿੱਲੀ ਦਾ ਸਟਾਰ ਯੁਵਰਾਜ ਸਿੰਘ ਤੀਜੀ ਵਿਕਟ ਦੇ ਰੂਪ ਵਿਚ 14ਵੇਂ ਓਵਰ ਵਿਚ ਦੂਜੀ ਗੇਂਦ ‘ਤੇ ਆਊਟ ਹੋਇਆ। ਯੁਵਰਾਜ  ਨੇ 28 ਗੇਂਦਾਂ ਵਿਚ ਚਾਰ ਚੌਕੇ ਤੇ ਇਕ ਛੱਕਾ ਲਗਾ ਕੇ 32 ਦੌੜਾਂ ਬਣਾਈਆਂ।
ਯੁਵਰਾਜ ਦੇ ਆਊਟ ਹੋਣ ਤੋਂ ਬਾਅਦ ਉਤਰੇ ਏ. ਬੀ. ਮੋਰਕਲ ਨੇ 16ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਛੱਕਾ ਮਾਰਿਆ ਤੇ ਉਸਦੀ ਟੀਮ 114 ਦੇ ਸਕੋਰ ‘ਤੇ ਪਹੁੰਚ ਗਈ। ਪ੍ਰਵੀਨ ਨੇਗੀ ਦੇ ਓਵਰ ਦੀ ਆਖਰੀ ਗੇਂਦ ‘ਤੇ ਛੱਕਾ ਮਾਰ ਕੇ ਮੈਚ ਖਤਮ ਕਰਨ ਦੇ ਚੱਕਰ ਵਿਚ ਮੋਰਕਲ ਗਲਤ ਸ਼ਾਟ ਖੇਡ ਕੇ ਆਊਟ ਹੋ ਗਿਆ ਤੇ ਈਸ਼ਵਰ ਪਾਂਡੇ ਨੇ ਕੈਚ ਫੜ ਕੇ ਉਸ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਮੋਰਕਲ ਦੇ ਆਊਟ ਹੋਣ ਤੋਂ ਬਾਅਦ ਅਈਅਰ ਨੇ 17ਵੇਂ ਓਵਰ ਵਿਚ ਰਵਿੰਦਰ ਜਡੇਜਾ ਦੀ ਦੂਜੀ ਗੇਂਦ ‘ਤੇ ਪਹਿਲਾਂ ਚੌਕਾ ਲਗਾਇਆ ਤੇ ਫਿਰ ਉਸ ਤੋਂ ਬਾਅਦ ਇਕ ਦੌੜ ਲੈ ਕੇ ਜਿੱਤ ਆਪਣੀ ਟੀਮ ਦੀ ਝੋਲੀ ਵਿਚ ਪਾ ਦਿੱਤੀ।

Facebook Comment
Project by : XtremeStudioz