Close
Menu

ਦਿੱਲੀ ਬਨਾਮ ਕੇਂਦਰ: ਸੁਪਰੀਮ ਕੋਰਟ ਵੱਲੋਂ ਦਿੱਲੀ ਸਰਕਾਰ ਨੂੰ ਝਟਕਾ

-- 15 February,2019

ਨਵੀਂ ਦਿੱਲੀ, 15 ਫਰਵਰੀ
ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਸੁਪਰੀਮ ਕੋਰਟ ਦਾ ਦੋ ਜੱਜਾਂ ’ਤੇ ਆਧਾਰਿਤ ਬੈਂਚ ਪ੍ਰਸ਼ਾਸਕੀ ਸੇਵਾਵਾਂ ’ਤੇ ਕੰਟਰੋਲ ਦੇ ਮੁੱਦੇ ਨੂੰ ਲੈ ਕੇ ਵੰਡਿਆ ਗਿਆ। ਮਤਭੇਦਾਂ ਕਾਰਨ ਜਸਟਿਸ ਏ ਕੇ ਸੀਕਰੀ ਅਤੇ ਅਸ਼ੋਕ ਭੂਸ਼ਨ ਨੇ ਇਹ ਮਾਮਲਾ ਸੁਪਰੀਮ ਕੋਰਟ ਦੇ ਵੱਡੇ ਬੈਂਚ ਹਵਾਲੇ ਕਰ ਦਿੱਤਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਤਸੱਲੀ ਜ਼ਾਹਿਰ ਕੀਤੀ ਹੈ।
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਦਿੱਲੀ ਦੀ ‘ਆਪ’ ਸਰਕਾਰ ਵਿਚਕਾਰ ਛੇ ਮੁੱਦਿਆਂ ਨੂੰ ਲੈ ਕੇ ਲੰਬੇ ਸਮੇਂ ਤੋਂ ਟਕਰਾਅ ਚਲ ਰਿਹਾ ਹੈ। ਦੋਵੇਂ ਜੱਜਾਂ ਨੇ ਇਕ ਨੂੰ ਛੱਡ ਕੇ ਬਾਕੀ ਪੰਜ ਮੁੱਦਿਆਂ ’ਤੇ ਸਰਬਸੰਮਤੀ ਨਾਲ ਹੁਕਮ ਸੁਣਾਇਆ। ਬੈਂਚ ਨੇ ਕੇਂਦਰ ਦੀ ਅਧਿਸੂਚਨਾ ਮੁਤਾਬਕ ਲੈਫ਼ਟੀਨੈਂਟ ਗਵਰਨਰ ਕੋਲ ਭ੍ਰਿਸ਼ਟਾਚਾਰ ਵਿਰੋਧੀ ਬਿਉਰੋ (ਏਸੀਬੀ) ’ਤੇ ਕੰਟਰੋਲ ਉਪਰ ਸਹਿਮਤੀ ਜਤਾਈ ਹੈ। ਇਸੇ ਤਰ੍ਹਾਂ ਜਾਂਚ ਕਮਿਸ਼ਨ ਨਿਯੁਕਤ ਕਰਨ ਦੇ ਅਧਿਕਾਰ ਵੀ ਕੇਂਦਰ ਸਰਕਾਰ ਕੋਲ ਰਹਿਣਗੇ।
ਦੂਜੇ ਪਾਸੇ ਚੁਣੀ ਹੋਈ ਦਿੱਲੀ ਸਰਕਾਰ ਕੋਲ ਸਰਕਾਰੀ ਵਕੀਲ ਨਿਯੁਕਤ ਕਰਨ, ਮਾਲੀਏ ਦੇ ਮਾਮਲਿਆਂ ਬਾਰੇ ਫ਼ੈਸਲੇ ਲੈਣ ਅਤੇ ਬਿਜਲੀ ਕਮਿਸ਼ਨ ਜਾਂ ਬੋਰਡ ਬਣਾਉਣ ਜਾਂ ਉਸ ਨਾਲ ਨਜਿੱਠਣ ਦੇ ਅਧਿਕਾਰ ਰਹਿਣਗੇ।
ਜਸਟਿਸ ਭੂਸ਼ਨ ਨੇ ਫ਼ੈਸਲਾ ਦਿੱਤਾ ਕਿ ਦਿੱਲੀ ਸਰਕਾਰ ਕੋਲ ਪ੍ਰਸ਼ਾਸਕੀ ਸੇਵਾਵਾਂ ਦਾ ਕੋਈ ਅਧਿਕਾਰ ਨਹੀਂ ਹੈ। ਜਸਟਿਸ ਸੀਕਰੀ ਨੇ ਕਿਹਾ ਕਿ ਜਾਇੰਟ ਡਾਇਰੈਕਟਰ ਜਾਂ ਉਸ ਤੋਂ ਉਪਰਲੇ ਅਹੁਦਿਆਂ ’ਤੇ ਕੇਂਦਰ ਸਰਕਾਰ ਹੀ ਪੋਸਟਿੰਗ ਜਾਂ ਤਬਾਦਲੇ ਕਰ ਸਕੇਗੀ। ਹੋਰ ਅਹੁਦਿਆਂ ਨਾਲ ਸਬੰਧਤ ਮਾਮਲਿਆਂ ’ਚ ਮਤਭੇਦ ਪੈਦਾ ਹੋਣ ਦੀ ਸੂਰਤ ’ਚ ਐਲਜੀ ਆਪਣੀ ਰਾਏ ਦੇਵੇਗਾ। ਜਸਟਿਸ ਸੀਕਰੀ ਨੇ ਕਿਹਾ ਕਿ ਦਾਨਿਕਸ ਅਤੇ ਦਾਨਿਪਸ ਦੇ ਅਧਿਕਾਰੀਆਂ ਦੇ ਮਾਮਲੇ ’ਚ ਮੰਤਰੀ ਮੰਡਲ ਵੱਲੋਂ ਐਲਜੀ ਨੂੰ ਤਜਵੀਜ਼ ਭੇਜਣੀ ਪਏਗੀ।

ਸੁਪਰੀਮ ਕੋਰਟ ਦਾ ਫ਼ੈਸਲਾ ਸੰਵਿਧਾਨ ਅਤੇ ਲੋਕਤੰਤਰ ਖ਼ਿਲਾਫ਼: ਕੇਜਰੀਵਾਲ
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ‘ਸੰਵਿਧਾਨ ਅਤੇ ਲੋਕਤੰਤਰ’ ਖ਼ਿਲਾਫ਼ ਹੈ। ਫ਼ੈਸਲੇ ਨੂੰ ‘ਲੋਕਾਂ ਨਾਲ ਬੇਇਨਸਾਫ਼ੀ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਾਨੂੰਨੀ ਸਲਾਹ ਮਸ਼ਵਰਾ ਲਏਗੀ। ਸ੍ਰੀ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ‘ਆਪ’ ਸਰਕਾਰ ਦੇ ਕੰਮਕਾਜ ’ਚ ਅੜਿੱਕੇ ਡਾਹ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੋਲ ਚਪੜਾਸੀ ਨਿਯੁਕਤ ਕਰਨ ਦੀ ਵੀ ਤਾਕਤ ਨਹੀਂ ਹੈ।

Facebook Comment
Project by : XtremeStudioz