Close
Menu

ਦਿੱਲੀ ਰੇਪ ਕੇਸ: ਉਬੇਰ ’ਤੇ ਦੇਸ਼-ਵਿਆਪੀ ਰੋਕ

-- 10 December,2014

ਨਵੀਂ ਦਿੱਲੀ, ਰਾਜ ਸਭਾ ਮੈਂਬਰਾਂ ਦੇ ਅੱਜ ਪਾਰਟੀ ਲਾਈਨ ਤੋਂ ਉਪਰ ਉਠਦਿਆਂ ਇਕ ਮੁਟਿਆਰਾਂ ਨਾਲ ਦਿੱਲੀ ਵਿੱਚ ਹੋਏ ਬਲਾਤਕਾਰ ਦੀ ਇਕਜੁੱਟ ਹੋ ਕੇ ਨਿੰਦਾ ਕੀਤੀ ਤੇ ਔਰਤਾਂ ਦੀ ਸੁਰੱਖਿਆ ਬਾਰੇ ਫਿਕਰਮੰਦੀ ਜ਼ਾਹਰ ਕੀਤੀ। ਘਿਨੌਣੇ ਅਪਰਾਧ ਦੀ ਨਿੰਦਾ ਕਰਦਿਆਂ ਦੋਸ਼ੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਕੇਂਦਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਰਾਜਾਂ ਨੂੰ ਵੈੱਬ-ਆਧਾਰਤ ਟੈਕਸੀ ਸੇਵਾਵਾਂ ਸਮੇਤ ਉਬੇਰ ਬੰਦ ਕਰਨੀ ਯਕੀਨੀ ਬਣਾਉਣ ਲਈ ਕਿਹਾ ਹੈ। ਸ੍ਰੀ ਗਡਕਰੀ ਨੇ ਕੈਬ ਸੇਵਾ ਬੰਦ ਕਰਨ ਨਾਲ ਅਸਹਿਮਤੀ ਪ੍ਰਗਟਾਈ ਹੈ। ਕੌਮੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲੀਸ ਤੋਂ ਬਲਾਤਕਾਰ ਕੇਸ ਦੀ 15 ਦਿਨ ’ਚ ਰਿਪੋਰਟ ਮੰਗੀ ਹੈ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਵਿੱਚ ਆਪਣੇ ਆਪ ਬਿਆਨ ਦਿੰਦਿਆਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵੈੱਬ ਆਧਾਰਤ ਟੈਕਸੀ ਸੇਵਾਵਾਂ ਰੋਕਣੀਆਂ ਯਕੀਨੀ ਬਣਾਉਣ। ਦੇਸ਼ ਵਿੱਚ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਉਪਰਾਲੇ ਕਰਨ ਦਾ ਵਾਅਦਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਕੈਬ ਸੇਵਾਵਾਂ ਦੇ ਸਰਕਾਰ ਤੋਂ ਲਾਇਸੈਂਸ ਨਹੀਂ ਲਏ ਗਏ, ਉਹ ਬੰਦ ਕਰ ਦਿੱਤੀਆਂ ਜਾਣ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਦੀ ਮਨਸ਼ਾ ਟੈਕਸੀ ਸੇਵਾਵਾਂ ਕਰਨ ਦਾ ਨਹੀਂ, ਬਲਕਿ ਰੈਗੂਲੇਟ ਕਰਨ ਦਾ ਹੈ। ਉਨ੍ਹਾਂ ਨੇ ਇਸ ਘਿਨੌਣੇ ਅਪਰਾਧ ਦੀ ਨਿੰਦਾ ਕਰਦਿਆਂ ਕਿਹਾ ਕਿ ਦੋਸ਼ੀ ਨੂੰ ਜ਼ਰੂਰ ਕਾਨੂੰਨ ਮੁਤਾਬਕ ਸਜ਼ਾ ਦਿਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਟੈਕਸੀ ਸੇਵਾ ਕੰਪਨੀ ਉਬੇਰ ਵਿਰੁੱਧ ਵੀ ਕਾਨੂੰਨੀ ਕਾਰਵਾਈ ਕਰਨ ਦੇ ਸਾਰੇ ਪਹਿਲੂਆਂ ਦੀ ਨਿਰਖ-ਪਰਖ ਕਰ ਰਹੀ ਹੈ। ਉਨ੍ਹਾਂ ਨੇ ਵੱਖ-ਵੱਖ ਥਾਵਾਂ ’ਤੇ ਚੌਕਸੀ ਵਧਾਉਣ, ਵਾਹਨਾਂ ’ਚ ਵੱਖ-ਵੱਖ ਜਨਤਕ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਏ ਜਾਣ ਦੇ ਵੇਰਵੇ ਦਿੱਤੇ। ਉਨ੍ਹਾਂ ਕਿਹਾ ਕਿ ਦੇਸ਼ ’ਚ ਕਾਨੂੰਨਾਂ ਦੀ ਤੋਟ ਨਹੀਂ ਹੈ, ਬੱਸ ਇਹ ਲਾਗੂ ਠੀਕ ਤਰ੍ਹਾਂ ਨਹੀਂ ਕੀਤੇ ਜਾ ਰਹੇ।
ਇਸ ਦੌਰਾਨ ਰਾਜ ਸਭਾ ਮੈਂਬਰਾਂ ਨੇ ਪਾਰਟੀ ਲਾਈਨ ਤੋਂ ਉਪਰ ਉਠਦਿਆਂ ਇਸ ਘਟਨਾ ਦੀ ਨਿੰਦਾ ਕੀਤੀ। ਸਿਫਰ ਕਾਲ ਦੌਰਾਨ ਕਾਂਗਰਸ ਦੀ ਰਜਨੀ ਪਟੇਲ ਨੇ ਮੁੱਦਾ ਛੇੜਦਿਆਂ ਕਿਹਾ ਕਿ ਪਿਛਲੀ ਯੂਪੀਏ ਸਰਕਾਰ ਵੇਲੇ ਬਲਾਤਕਾਰ ਕੇਸਾਂ ਦੇ ਦੋਸ਼ੀਆਂ ਦੇ ਨਾਮ ਦੱਸਣ ’ਤੇ ਸ਼ਰਮਿੰਦਗੀ ਦਿਵਾਉਣ ਲਈ ਇਕ ਵੈੱਬਸਾਈਟ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਗਿਆ ਸੀ ਜੋ ਵਿੱਚ ਦਬ ਗਿਆ। ਉਨ੍ਹਾਂ ਇਹ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ। ਕਾਂਗਰਸ ਦੇ ਵਿਪਲਵ ਠਾਕੁਰ, ਆਨੰਦ ਸ਼ਰਮਾ, ਸਮਾਜਵਾਦੀ ਪਾਰਟੀ ਦੀ ਜਯਾ ਬੱਚਨ, ਬਸਪਾ ਦੇ ਐਮਸੀ ਮਿਸ਼ਰਾ, ਟੀਐਮਸੀ ਦੇ ਡੈਰੇਨ ਓਬਰਾਇਨ, (ਜਨਤਾ ਦਲ ਯੂ) ਦੇ ਕੇਸੀ ਤਿਆਗੀ, ਸੀਪੀਐਮ ਦੀ ਟੀਐਨ ਸੀਮਾ ਤੇ ਹੋਰਾਂ ਨੇ ਇਸ ਕਾਂਡ ’ਤੇ ਸਰਕਾਰ ਨੂੰ ਕਈ ਤਰ੍ਹਾਂ ਦੇ ਸੁਆਲ ਕੀਤੇ।
ਇਸ ਦੌਰਾਨ ਦਿੱਲੀ ਪੁਲੀਸ ਉਬੇਰ ਟੈਕਸੀ ਸੇਵਾ ਦੀ ਕਾਨੂੰਨੀ ਜ਼ਿੰਮੇਵਾਰੀ ਬਾਰੇ ਜਾਂਚ ਕਰ ਰਹੀ ਹੈ ਤੇ ਇਹ ਵੀ ਪੁਣਛਾਣ ਕੀਤੀ ਜਾ ਰਹੀ ਹੈ, ਕਿ ਮੁਲਜ਼ਮ ਨੂੰ ਫਰਜ਼ੀ ਤਸਦੀਕ ਸਰਟੀਫਿਕੇਟ ਕਿਵੇਂ ਮਿਲਿਆ? ਕੌਮੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲੀਸ ਨੂੰ ਆਪਣੇ ਤੌਰ ’ਤੇ ਨੋਟਿਸ ਜਾਰੀ ਕਰਕੇ 15 ਦਿਨ ਦੇ ਅੰਦਰ-ਅੰਦਰ ਬਲਾਤਕਾਰ ਕੇਸ ਬਾਰੇ ਰਿਪੋਰਟ ਮੰਗੀ ਹੈ। ਕਮਿਸ਼ਨ ਦੀ ਚੇਅਰਪਰਸਨ ਲਲਿਤਾ ਕੁਮਾਰਮੰਗਲਮ ਨੇ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਕਮਿਸ਼ਨਰ ਬੀਐਸ ਬਾਲੀ ਨਾਲ ਇਹ ਮੁੱਦਾ ਵਿਚਾਰਿਆ। ਉਨ੍ਹਾਂ ਨੇ ਉਬੇਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਤੇ ਕੈਬ ਕੰਪਨੀ ਦੇ ਸਥਾਨਕ ਸੀਈਓ ਨੂੰ ਸੰਮਨ ਕੀਤਾ ਹੈ।
ਇਸੇ ਦੌਰਾਨ ਕੇ.ਐਨ. ਗੋਵਿੰਦਾਚਾਰੀਆ ਨਾਮ ਦੇ ਵਿਅਕਤੀ ਨੇ ਅੱਜ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਇੰਟਰਨੈੱਟ ਕੰਪਨੀਆਂ ਵਿਰੁੱਧ ਕਾਰਵਾਈ ਲਈ ਬੇਨਤੀ ਕੀਤੀ ਹੈ, ਜਿਨ੍ਹਾਂ ਨੇ ਸ਼ਿਕਾਇਤ ਨਿਵਾਰਨ ਅਧਿਕਾਰੀ ਨਿਯੁਕਤ ਨਹੀਂ ਕੀਤੇ। ਹਾਈ ਕੋਰਟ ਨੇ ਪਿਛਲੇ ਸਾਲ ਅਜਿਹੇ ਨਿਰਦੇਸ਼ ਦਿੱਤੇ ਸਨ।

Facebook Comment
Project by : XtremeStudioz