Close
Menu

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਆਪਣੇ ਪੱਤੇ ਖੋਲ੍ਹੇਗੀ ‘ਆਪ’

-- 26 December,2014

ਐਸ.ਏ.ਐਸ. ਨਗਰ (ਮੁਹਾਲੀ),  ‘ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਤੇ ਕੌਂਸਲ ਚੋਣਾਂ ਸਬੰਧੀ ਆਪਣੇ ਪੱਤੇ ਖੋਲ੍ਹੇਗੀ।’ ਇਸ ਗੱਲ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਤੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਗੱਲਬਾਤ ਦੌਰਾਨ ਕੀਤਾ।
ਇੱਕ ਸਵਾਲ ਦਾ ਜਵਾਬ ਦਿੰਦਿਆਂ ਡਾ. ਗਾਂਧੀ ਨੇ ਕਿਹਾ ਕਿ ਇਸ ਵੇਲੇ ਪਾਰਟੀ ਹਾਈਕਮਾਂਡ ਦਾ ਸਾਰਾ ਧਿਆਨ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੈ। ਪੰਜਾਬ ਦੀ ਸਮੁੱਚੀ ਲੀਡਰਸ਼ਿਪ ਵੀ ਦਿੱਲੀ ਵਿੱਚ ਚੋਣ ਪ੍ਰਚਾਰ ਮੁਹਿੰਮ ਵਿੱਚ ਡਟੀ ਹੋਈ ਹੈ ‘ਆਪ’ ਐਤਕੀਂ ਫਿਰ ਤੋਂ ਦਿੱਲੀ ਵਿੱਚ ਝਾੜੂ ਫੇਰਨ ਦੀ ਆਸ ਲੈ ਕੇ ਚੋਣ ਮੈਦਾਨ ਵਿੱਚ ਉਤਰੀ ਹੈ ਤੇ ਪਾਰਟੀ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ ਜਿਸ ਕਾਰਨ ਅਕਾਲੀ-ਭਾਜਪਾ ਗੱਠਜੋੜ ਸਮੇਤ ਕਾਂਗਰਸ ਦੀ ਨੀਂਦ ਉਡੀ ਹੋਈ ਹੈ।
ਸਿਆਸੀ ਗੱਠਜੋੜ ਬਾਰੇ ਪੁੱਛੇ ਜਾਣ ’ਤੇ ਡਾ. ਗਾਂਧੀ ਨੇ ਕਿਹਾ ਕਿ ਫ਼ਿਲਹਾਲ ਸੂਬੇ ਵਿੱਚ ਨਿਗਮ ਚੋਣਾਂ ਸਬੰਧੀ ਕਿਸੇ  ਪਾਰਟੀ ਨਾਲ ਗੱਠਜੋੜ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਸ ਸਬੰਧੀ ਅੰਤਿਮ ਫ਼ੈਸਲਾ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਲੈਣ ਦਾ ਅਧਿਕਾਰ ਹੈ। ਹਾਈਕਮਾਂਡ ਦਾ ਆਦੇਸ਼ ਸਾਰਿਆਂ ਨੂੰ ਮੰਨਣਯੋਗ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਨੂੰ ਚੰਗੀ ਤਰ੍ਹਾਂ ਪਰਖ ਚੁੱਕੇ ਹਨ। ਇਨ੍ਹਾਂ ਪਾਰਟੀਆਂ ਨੇ ਪੰਜਾਬੀਆਂ ਨੂੰ ਦੁੱਖਾਂ ਤੋਂ ਬਿਨਾਂ ਕੁਝ ਨਹੀਂ ਦਿੱਤਾ ਹੈ। ਇਸ ਵਾਰ ਲੋਕ ‘ਆਪ’ ਨੂੰ ਮੌਕਾ ਦੇਣਗੇ।   ਇਸ ਮੌਕੇ ‘ਆਪ’ ਦੇ ਆਗੂ ਬਲਵਿੰਦਰ ਸਿੰਘ ਕੁੰਭੜਾ, ਕਾਨੂੰਨੀ ਸਲਾਹਕਾਰ ਬਲਦੇਵ ਸਿੰਘ ਸਿੱਧੂ, ਪ੍ਰੋ. ਨਾਨਕ ਸਿੰਘ, ਦਲਪ੍ਰੀਤ ਸਿੰਘ, ਮਨਜੀਤ ਸਿੰਘ ਮੇਵਾ, ਅਵਤਾਰ ਸਿੰਘ, ਸੁਰਿੰਦਰ ਸਿੰਘ ਤੇ ਰਣਜੀਤ ਸਿੰਘ ਮੌਜੂਦ ਸਨ।

Facebook Comment
Project by : XtremeStudioz