Close
Menu

ਦਿੱਲੀ ਸਰਕਾਰ ਦੇ ਖਰੀਦੇ ਪਿਆਜ਼ਾਂ ਦੀ ਏਬੀਸੀ ਵੱਲੋਂ ਜਾਂਚ ਸ਼ੁਰੂ

-- 24 September,2015

ਨਵੀਂ ਦਿੱਲੀ, 24 ਸਤੰਬਰ: ਦਿੱਲੀ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਨੇ ਦਿੱਲੀ ਸਰਕਾਰ ਵੱਲੋਂ ਪਿਆਜ਼ਾਂ ਦੀ ਕਿੱਲਤ ਵੇਲੇ ਨਾਸਿਕ ਦੀਆਂ ਮੰਡੀਆਂ ਵਿੱਚੋਂ ਕੇਂਦਰੀ ਏਜੰਸੀ ਰਾਹੀਂ ਕੀਤੀ ਖਰੀਦੋ-ਫ਼ਰੋਖ਼ਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਂਚ ਲਈ ਵਿਸ਼ੇਸ਼ ਪੰਜ ਮੈਂਬਰੀ ਟੀਮ ਬਣਾਈ ਗਈ ਹੈ। ਭਾਜਪਾ ਦੇ ਵਰਕਰ ਤੇ ਆਰ.ਟੀ.ਆਈ. ਕਾਰਕੁਨ ਵਿਵੇਕ ਗਰਗ ਨੇ ਇਸ ਮਾਮਲੇ ਵਿੱਚ ਕਥਿਤ ਗੜਬੜੀ ਹੋਣ ਦੇ ਦੋਸ਼ ਲਾ ਕੇ ਏਸੀਬੀ ਨੂੰ ਸ਼ਿਕਾਇਤ ਕੀਤੀ ਸੀ । ਭਾਜਪਾ ਦੇ ਵਫ਼ਦ ਨੇ ਵੀ ਏਸੀਬੀ ਮੁਖੀ ਐਮ. ਕੇ. ਮੀਣਾ ਨਾਲ ਬੀਤੇ ਦਿਨ ਇਸ ਮਾਮਲੇ ਵਿੱਚ ਮੁਲਾਕਾਤ ਕਰਕੇ ਸਾਰੇ ਤੱਥਾਂ ਨੂੰ ਸਾਹਮਣੇ ਰੱਖਣ ਦੀ ਅਪੀਲ ਕੀਤੀ ਸੀ। ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਦੇ ਮੁੱਖੀ ਐਮ.ਕੇ. ਮੀਣਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਸ਼ੁਰੂਆਤ ਵਿੱਚ ਵਿਸ਼ੇਸ਼ ਤੌਰ ‘ਤੇ ਪੰਜ ਮੈਂਬਰੀ ਜਾਂਚ ਟੀਮ ਬਣਾਈ ਗਈ ਹੈ । ਲੋੜ ਪਈ ਤਾਂ ਹੋਰ ਗਿਣਤੀ ਵਧਾਈ ਜਾ ਸਕਦੀ ਹੈ।

ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮਿਲੀ ਸੀ ਕਿ ਕੇਜਰੀਵਾਲ ਸਰਕਾਰ ਨੇ 18 ਰੁਪਏ ਕਿਲੋ ਦੀ ਦਰ ਨਾਲ ਪਿਆਜ਼ ਖਰੀਦੇ ਤੇ 30 ਰੁਪਏ ਦੀ ਦਰ ਨਾਲ ਵੇਚੇ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਉਸ ਨੇ 40 ਰੁਪਏ ਕਿਲੋ ਦੀ ਦਰ ਨਾਲ ਪਿਆਜ਼ ਖਰੀਦੇ ਤੇ ਉਸ ਉਪਰ ਸਬਸਿਡੀ ਦੇ ਕੇ 30 ਰੁਪਏ ਕਿਲੋ ਦੀ ਦਰ ਨਾਲ ਸਰਕਾਰੀ ਦੁਕਾਨਾਂ ਰਾਹੀਂ ਵੇਚੇ ਸਨ। ਦਿੱਲੀ ਸਰਕਾਰ ਵੱਲੋਂ ਕੈਬਨਿਟ ਵਿੱਚ ਫ਼ੈਸਲਾ ਕੀਤਾ ਗਿਆ ਕਿ ਦਿੱਲੀ ਵਾਸੀਆਂ ਨੂੰ ਪਿਆਜ਼ ਦੀਆਂ ਵਧੀਆਂ ਕੀਮਤਾਂ ਤੋਂ ਨਿਜ਼ਾਤ ਦਿਵਾਉਣ ਲਈ ਪਿਆਜ਼ ਸਸਤੀ ਦਰ ‘ਤੇ ਸਰਕਾਰੀ ਦੁਕਾਨਾਂ ਰਾਹੀਂ ਵੇਚੇ ਜਾਣ। ਸਰਕਾਰ ਨੇ ਨਾਸਿਕ ਦੀਆਂ ਮੰਡੀਆਂ ਤੋਂ ਕੇਂਦਰੀ ਖਰੀਦ ਏਜੰਸੀ ਰਾਹੀਂ ਕਿਸਾਨਾਂ ਤੋਂ ਸਿੱਧੇ ਪਿਆਜ਼ ਖਰੀਦੇ ਸਨ । ਜਦੋਂ ਪਿਆਜ਼ ਦੀਆਂ ਕੀਮਤਾਂ 70-80 ਰੁਪਏ ਪ੍ਰਤੀ ਕਿਲੋ ਬਾਜ਼ਾਰ ਅੰਦਰ ਸਨ ਤਾਂ ਦਿੱਲੀ ਸਰਕਾਰ ਨੇ 30 ਰੁਪਏ ਦੀ ਦਰ ਨਾਲ ਸਰਕਾਰੀ ਦੁਕਾਨਾਂ ਅਤੇ ਗੱਡੀਆਂ ਰਾਹੀਂ ਪਿਆਜ਼ ਵੇਚੇ ਸਨ। ਸ਼ਿਕਾਇਤਕਰਤਾ ਨੇ ਪ੍ਰਸ਼ਨ ਉਠਾਇਆ ਕਿ 18 ਰੁਪਏ ਕਿਲੋ ਦੀ ਦਰ ‘ਤੇ ਖਰੀਦੇ ਗਏ ਪਿਆਜ਼ਾਂ ਨੂੰ ਵਧ ਮੁਨਾਫ਼ੇ ਨਾਲ ਵੇਚਿਆ ਗਿਆ। ਉਨ੍ਹਾਂ ਵੱਲੋਂ ਇਸ ਖਰੀਦੋ-ਫਰੋਖ਼ਤ ਵਿੱਚ ਘੋਟਾਲਾ ਹੋਣ ਦਾ ਸ਼ੱਕ ਜਾਹਰ ਕੀਤਾ ਗਿਆ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ। ਸ੍ਰੀ ਸਿਸੋਦੀਆ ਨੇ ਮੋਦੀ ਸਰਕਾਰ ਨੂੰ ਸਿੱਧੇ ਨਿਸ਼ਾਨੇ ‘ਤੇ ਲਿਆ । ੳੁਨ੍ਹਾਂ ਕਿਹਾ ਕਿ ਏਸੀਬੀ ਮੁਖੀ ਮੀਣਾ ਕਈ ਵਾਰ ਆਖ ਚੁੱਕੇ ਹਨ ਕਿ ਉਹ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਹਦਾਇਤਾਂ ਮਿਲੀਆਂ। ਇੱਥੋਂ ਤਕ ਕੇਂਦਰ ਸਰਕਾਰ ਵੀ ਆਖਦੀ ਹੈ ਕਿ ਏਸੀਬੀ ਉਨ੍ਹਾਂ ਦੀ ਏਜੰਸੀ ਹੈ। ਸ੍ਰੀ ਸਿਸੋਦੀਆ ਨੇ ਕਿਹਾ ਕਿ ਏਸੀਬੀ ਇਸ ਪਿਆਜ਼ ਖਰੀਦ ਦੀ ਜਾਂਚ ਮੋਦੀ ਸਰਕਾਰ ਦੇ ਆਖਣ ‘ਤੇ ਕਰ ਰਹੀ ਹੈ ।ਉਨ੍ਹਾਂ ਕਿਹਾ ਕਿ ਪਿਆਜ਼ ਖਰੀਦ ਨਾਲ ਸਬੰਧਤ ਸਾਰੀਆਂ ਫਾਈਲਾਂ ਦੇਸ਼ ਅਤੇ ਮੀਡੀਆ ਅੱਗੇ ਜਾਂਚ ਲਈ ਰੱਖ ਦਿੱਤੀਆਂ ਹਨ ਤੇ ਉਹ ਸਾਰੀਆਂ ਫਾਈਲਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਭੇਜ ਦੇਣਗੇ।
ਕਾਂਗਰਸ ਪਾਰਟੀ ਦੇ ਦਿੱਲੀ ਮਾਮਲਿਆਂ ਬਾਰੇ ਇੰਚਾਰਜ ਅਜੈ ਮਾਕਨ ਨੇ ਅੱਜ ਕਿਹਾ ਕਿ ਕੇਜਰੀਵਾਲ ਸਰਕਾਰ ਦਾ ਭ੍ਰਿਸ਼ਟਾਚਾਰ ਵਿਰੋਧੀ ਚਿਹਰਾ ਨੰਗਾ ਹੋਣਾ ਸ਼ੁਰੂ ਹੋ ਗਿਆ ਹੈ। ਅਗਲੇ ਸਮੇਂ ਵਿੱਚ ਅਜਿਹੇ ਹੋਰ ਬਹੁਤ ਸਾਰੇ ਮਾਮਲੇ ਸਾਹਮਣੇ ਆੳੁਣਗੇ । ੳੁਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਾਸੀ ਆਮ ਆਦਮੀ ਪਾਰਟੀ ਨੂੰ ਚੋਣਾਂ ਵਿੱਚ ਜਿਤਾ ਕੇ ਪਛਤਾ ਰਹੇ ਹਨ।
ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਸਰਕਾਰ ਪਿਆਜ਼ ਘੁਟਾਲੇ ਨੂੰ ਛਿਪਾ ਨਹੀਂ ਸਕੇਗੀ।

ਪਿਆਜ਼ ਖਰੀਦਣ ਤੇ ਵੇਚਣ ਸਬੰਧੀ ਦਿੱਲੀ ਸਰਕਾਰ ਦਾ ਦਾਅਵਾ

ਦਿੱਲੀ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਕੇਂਦਰ ਸਰਕਾਰ ਦੀ ਸਮਾਲ ਫਾਰਮਰਸ ਐਗਰੀ ਬਿਜ਼ਨਿਸ ਕੋਨਸੋਰਟਿਊਮ (ਐਸਐਫਏਸੀ) ਤੋਂ 32.86 ਰੁਪਏ ਦੀ ਦਰ ਨਾਲ ਪਿਆਜ਼ ਖਰੀਦੇ ਤੇ ਉਸ ਉਪਰ ਟਰਾਂਸਪੋਰਟ ਸਮੇਤ ਹੋਰ ਖ਼ਰਚੇ ਹੋਣ ਕਰਕੇ ਸਰਕਾਰ ਨੂੰ 40 ਰੁਪਏ ਕਿਲੋ ਵਿੱਚ ਪਏ । ਫਿਰ ਵੀ ਦਿੱਲੀ ਸਰਕਾਰ ਨੇ ਪਿਆਜ਼ ਸਸਤੇ ਵੇਚੇ । ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਸਤੀਆਂ ਸਰਕਾਰੀ ਦੁਕਾਨਾਂ ‘’ਤ ਇਹੀ ਪਿਆਜ਼ 30 ਰੁਪਏ ਕਿਲੋ ਵੇਚੇ ਗਏ ਤੇ ਕੇਂਦਰ ਸਰਕਾਰ ਦੇ ਆਊਟਲੈਟਸ ‘’ਤੇ ਪਿਆਜ਼ 35 ਤੋਂ 40 ਰੁਪਏ ਵਿਕੇ। ਉਨ੍ਹਾਂ ਦੱਸਿਆ ਕਿ ਸਫਲ ਨੇ ਪਿਆਜ਼ 35 ਤੋਂ 40 ਰੁਪਏ ਵਿੱਚ ਵੇਚੇ ਤੇ ਦਿੱਲੀ ਮਿਲਕ ਸਕੀਮ ਵੱਲੋਂ 35 ਰੁਪਏ ਕਿਲੋ ਵੇਚੇ ਗਏ।

Facebook Comment
Project by : XtremeStudioz