Close
Menu

ਦਿੱਲੀ ‘ਸੁਪਨਿਆਂ ਦੀ ਨਗਰੀ’ ਵਜੋਂ ਵਿਕਸਤ ਹੋਣ ਦੀ ਹੱਕਦਾਰ – ਬਾਦਲ

-- 29 November,2013

badal99.ptiਦਿੱਲੀ,29 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਨੂੰ ਦੁਨੀਆਂ ਦੀ ਸੁਪਨਿਆਂ ਦੀ ਨਗਰੀ ਵਜੋਂ ਉਭਾਰਨ ਲਈ ਇਹ ਸ਼ਹਿਰ ਅਤੇ ਇਸ ਦੇ ਨਾਗਰਿਕ ਵਿਸ਼ੇਸ਼ ਮਾਨਤਾ ਦੇ ਹੱਕਦਾਰ ਹਨ ਪਰ ਕਾਂਗਰਸ ਨੇ ਇਸ ਨੂੰ ਝੁੱਗੀ ਝੌਂਪੜੀਆਂ ਦੇ ਕੇਂਦਰ ਵਿੱਚ ਬਦਲ ਦਿੱਤਾ ਅਤੇ ਦੁਨੀਆਂ ਦੀ ਅਪਰਾਧਿਕ ਰਾਜਧਾਨੀ ਵਜੋਂ ਬਦਨਾਮ ਕੀਤਾ।

ਸ. ਬਾਦਲ ਨੇ ਆਖਿਆ ਕਿ ਹਰ ਭਾਰਤੀ ਸਾਡੀ ਕੌਮੀ ਰਾਜਧਾਨੀ ਦਿੱਲੀ ‘ਤੇ ਮਾਣ ਕਰਨਾ ਚਾਹੁੰਦਾ ਹੈ ਅਤੇ ਇਸ ਨੂੰ ਦੁਨੀਆਂ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਣਾ ਵੀ ਲੋਚਦਾ ਹੈ ਪਰ ਜਿਹੜਾ ਧਨ ਦਿੱਲੀ ਨੂੰ ਆਧੁਨਿਕ ਦਿੱਖ ਵਾਲਾ ਸ਼ਹਿਰ ਬਣਾਉਣ ਲਈ ਵਰਤਿਆ ਜਾਣਾ ਚਾਹੀਦਾ ਸੀ ਅਸਲੀਅਤ ਵਿੱਚ ਉਹ ਲੈਂਡ ਮਾਫ਼ੀਆ, ਕੋਲ ਮਾਫ਼ੀਆ ਅਤੇ ਹੋਰ ਘੋਟਾਲਿਆਂ ਦੀ ਤਿਜੌਰੀ ਵਿੱਚ ਚਲਾ ਗਿਆ ਅਤੇ ਦਿੱਲੀ ਵਾਸੀਆਂ ਨੂੰ ਕਾਮਨਵੈਲਥ ਖੇਡਾਂ ਦੇ ਘੋਟਾਲਿਆਂ ਕਾਰਨ ਦੁਨੀਆਂ ਭਰ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਆਖਿਆ ਕਿ ਹੁਣ ਦਿੱਲੀ ਦੇ ਲੋਕ ਕਾਂਗਰਸ ਨੂੰ ਉਸ ਦੇ ਇਨ੍ਹਾਂ ਪਾਪਾਂ ਦੀ ਸਜ਼ਾ ਦੇਣ ਦੀ ਉਡੀਕ ਵਿੱਚ ਬੈਠੇ ਹਨ ਜਿਨ੍ਹਾਂ ਨੇ ਕੌਮੀ ਰਾਜਧਾਨੀ ਦੀ ਦਿੱਖ ਨੂੰ ਢਾਹ ਲਾਈ ਹੈ। ਉਨ੍ਹਾਂ ਆਖਿਆ ਕਿ ਦਿੱਲੀ ਦੇ ਸਭਿਅਕ ਲੋਕ ਕਾਂਗਰਸ ਦੇ ਬਦਇੰਤਜ਼ਾਮੀ ਤੇ ਮਾੜੇ ਸਾਸ਼ਨ ਵਾਲੇ ਰਾਜ ਕਾਰਨ ਉਨ੍ਹਾਂ ਨੂੰ ਹੁਣ ਮੁਆਫ਼ ਕਰਨ ਦੇ ਮੂਡ ਵਿੱਚ ਨਹੀਂ ਹਨ।
ਸ. ਬਾਦਲ ਨੇ ਆਖਿਆ ਕਿ ਘੋਰ ਕੁਸ਼ਾਸਨ ਅਤੇ ਸਿਆਸੀ ਤੇ ਪ੍ਰਸ਼ਾਸਕੀ ਘਾਟ ਸਦਕਾ ਦਿੱਲੀ ਦੇ ਸ਼ਾਸਨ ਦਾ ਹਾਲ ਜੰਗਲ ਰਾਜ ਵਰਗਾ ਹੋ ਗਿਆ ਹੈ। ਸ. ਬਾਦਲ ਨੇ ਐਲਾਨ ਕੀਤਾ ਕਿ ਇਹ ਵਿਧਾਨ ਸਭਾ ਚੋਣਾਂ ਕੇਂਦਰ ਵਿੱਚ ਤਬਦੀਲੀ ਲਿਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਇੱਕ ਸੈਮੀ-ਫਾਈਨਲ ਹੈ।  ਇਹ ਚੋਣਾਂ ਅਤੇ ਅਗਾਮੀ ਲੋਕ ਸਭਾ ਚੋਣਾਂ ‘ਨਰਿੰਦਰ ਮੋਦੀ ਚੋਣਾਂ’ ਵਜੋਂ ਇੱਕ ਨਵਾਂ ਇਤਿਹਾਸ ਸਿਰਜਣਗੀਆਂ ਕਿਉਂ ਜੋ ਸ਼੍ਰੀ ਮੋਦੀ ਕੌਮੀ ਸਿਆਸਤ ਵਿੱਚ ਇੱਕ ਲਾਮਿਸਾਲ ਕ੍ਰਿਸ਼ਮੇ ਵਜੋਂ ਉਭਰੇ ਹਨ।
ਅੱਜ ਇੱਥੇ ਰਾਜੌਰੀ ਗਾਰਡਨ ਵਿਖੇ ਅਕਾਲੀ-ਭਾਜਪਾ ਵਰਕਰਾਂ ਦੀ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਆਖਿਆ ਕਿ ਇਸ ਵੇਲੇ ਕਾਂਗਰਸ ਨੂੰ ਦੋਹਰੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਕਾਂਗਰਸ ਸੱਤਾ ਵਿਰੋਧੀ ਚੁਣੌਤੀ ਨਾਲ ਜੂਝ ਰਹੀ ਹੈ ਜਦ ਕਿ ਦੂਜੇ ਪਾਸੇ ਮੋਦੀ ਦੇ ਉਭਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਸਮੁੱਚੇ ਦੇਸ਼ ਵਿੱਚ ਕਾਂਗਰਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ। ਕੌਮੀ ਰਾਜਧਾਨੀ ਦੇ ਲੋਕ ਮੋਦੀ ਯੁੱਗ ਦੀ ਸ਼ੁਰੂਆਤ ਕਰਨ ਲਈ  ਅੱਗੇ ਵਧ ਰਹੇ ਹਨ।
ਮੁੱਖ ਮੰਤਰੀ ਨੇ ਆਖਿਆ ਕਿ ਮੋਦੀ ਦੀ ਝੁੱਲ ਰਹੀ ਹਨੇਰੀ ਵਿੱਚ ਨੌਜਵਾਨ ਮੋਹਰੀ ਰੋਲ ਅਦਾ ਕਰ ਰਹੇ ਹਨ ਜਿਸ ਨਾਲ ਕਾਂਗਰਸ ਦਾ ਹੂੰਝਾ ਫਿਰ ਜਾਵੇਗਾ। ਸ. ਬਾਦਲ ਨੇ ਆਖਿਆ, ‘ਦਿੱਲੀ ਚੋਣਾਂ ਵਿੱਚ ਜਿੰਨਾ ਜੋਸ਼ ਨੌਜਵਾਨਾਂ ਵਿੱਚ ਪਾਇਆ ਜਾ ਰਿਹਾ ਹੈ, ਏਨਾ ਵੱਡਾ ਜੋਸ਼ ਮੈਂ ਕਦੀ ਵੀ ਨਹੀਂ ਵੇਖਿਆ। ਇਹ ਨੌਜਵਾਨ ਦਿੱਲੀ ਅਤੇ ਦੇਸ਼ ਵਿੱਚ ਮੁੜ ਇਤਿਹਾਸ ਲਿਖਣ ਲਈ ਪੂਰੀ ਤਰ੍ਹਾਂ ਤਤਪਰ ਹਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਖੁਸ਼ਹਾਲ ਭਾਰਤ ਦੀ ਸਿਰਜਣਾ ਲਈ ਉਹ ਸ਼੍ਰੀ ਨਰਿੰਦਰ ਮੋਦੀ ਨੂੰ ਪ੍ਰਭਾਵੀ ਚਿੰਨ੍ਹ ਵਜੋਂ ਦੇਖ ਰਹੇ ਹਨ।
ਸ. ਬਾਦਲ ਨੇ ਆਖਿਆ ਕਿ ਹੁਣ ਸਾਡੀ ਕੌਮੀ ਰਾਜਧਾਨੀ ਅਜਿਹੀ ਥਾਂ ਬਣ ਗਈ ਹੈ ਜਿੱਥੇ ਲੋਕਾਂ ਨੂੰ ਬਿਜਲੀ, ਰਸੋਈ ਗੈਸ, ਜ਼ਰੂਰੀ ਵਸਤਾਂ ਜਿਵੇਂ ਕਿ ਆਟਾ ਤੇ ਦਾਲ, ਸਬਜ਼ੀਆਂ ਜਿਵੇਂ ਕਿ ਟਮਾਟਰ ਤੇ ਪਿਆਜ ਅਤੇ ਹੋਰ ਵਸਤਾਂ ਜਿਵੇਂ ਦੁੱਧ ਆਦਿ ਬਹੁਤ ਜ਼ਿਆਦਾ ਮਹਿੰਗੀਆਂ ਮਿਲ ਰਹੀਆਂ ਹਨ। ਇਸ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਦੀ ਸਭ ਤੋਂ ਵੱਡੀ ਹਾਰ ਹੋਵੇਗੀ। ਨਾਲ ਹੀ ਉਨ੍ਹਾਂ ਆਖਿਆ ਕਿ ਦਿੱਲੀ ਚੋਣਾਂ ਦੌਰਾਨ ਕਾਂਗਰਸ ਨੂੰ ਖੋਰਾ ਲੱਗਣਾ ਸ਼ੁਰੂ ਹੋਵੇਗਾ ਜੋ ਹੌਲੀ ਹੌਲੀ ਲੋਕ ਸਭਾ ਚੋਣਾਂ ਤੱਕ ਇਸ ਪਾਰਟੀ ਨੂੰ ਨੇਸਤੋ-ਨਬੂਦ ਕਰ ਦੇਵੇਗੀ। ਦਿੱਲੀ ਵਿਧਾਨ ਸਭਾ ਚੋਣਾਂ ਐਮਰਜੈਂਸੀ ਤੋਂ ਬਾਅਦ ਕਾਂਗਰਸ ਦੇ ਹੋਏ ਹਸ਼ਰ ਇੱਕ ਵਾਰ ਫਿਰ ਦੁਹਰਾਉਣਗੀਆਂ।

Facebook Comment
Project by : XtremeStudioz