Close
Menu

ਦੀਨਾਨਗਰ ਕਾਂਡ ਦੇ ਹਮਲਾਵਰਾਂ ਦਾ ਪੋਸਟਮਾਰਟਮ

-- 02 August,2015

ਗੁਰਦਾਸਪੁਰ, ਥਾਣਾ ਦੀਨਾਨਗਰ ਉੱਤੇ ਕਬਜ਼ੇ ਮਗਰੋਂ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਤਿੰਨੋਂ ਪਾਕਿਸਤਾਨੀ ਅਤਿਵਾਦੀਆਂ ਦਾ ਅੱਜ ਇਥੋਂ ਦੇ ਸਿਵਲ ਹਸਪਤਾਲ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੋਸਟਮਾਰਟਮ ਕਰ ਦਿੱਤਾ ਗਿਆ। ਇਹ ਲਾਸ਼ਾਂ ਪਿਛਲੇ ਤਿੰਨ ਦਿਨਾਂ ਤੋਂ ਹਸਪਤਾਲ ਦੇ ਮੁਰਦਾਘਰ ਵਿੱਚ ਪਈਆਂ ਸਨ। ਪੋਸਟਮਾਰਟਮ ਸ਼ੁਰੂ ਹੋਣ ਤੋਂ ਪਹਿਲਾਂ ਸਥਿਤੀ ਉੱਦੋਂ ਅਜੀਬ ਬਣ ਗਈ, ਜਦੋਂ ਹਸਪਤਾਲ ਦੇ ਡਾਕਟਰਾਂ ਨੇ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਸੰਵੇਦਨਸ਼ੀਲ ਹੈ ਅਤੇ ਡਾਕਟਰਾਂ ਵੱਲੋਂ ਇਸ ਕੰਮ ਲੲੀ ਫੋਰੈਂਸਿਕ ਮਾਹਿਰਾਂ ਦੀ ਸਹਾਇਤਾ ਲੈਣ ਲਈ ਆਖਿਆ ਜਾ ਰਿਹਾ ਸੀ।
ਡਾਕਟਰਾਂ ਦੀ ਅੜੀ ਨੂੰ ਵੇਖਦਿਆਂ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਅਤੇ ਡਿਪਟੀ ਕਮਿਸ਼ਨਰ ਡਾ.ਅਭਿਨਵ ਤ੍ਰਿਖਾ ਵੀ ਸਿਵਲ ਹਸਪਤਾਲ ਪੁੱਜ ਗਏ। ਦੋਵਾਂ ਅਧਿਕਾਰੀਆਂ ਨੇ ਡਾਕਟਰਾਂ ਨਾਲ ਮੀਟਿੰਗ ਕਰਕੇ ੳੁਨ੍ਹਾਂ ਨੂੰ ਪੋਸਟਮਾਰਟਮ  ਕਰਨ ਲਈ ਰਾਜ਼ੀ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਸ਼ੁੱਕਰਵਾਰ ਲਾਸ਼ਾਂ ਦੇ ਪੋਸਟਮਾਰਟਮ ਲਈ ਦਸਤਾਵੇਜ਼ ਹਸਪਤਾਲ ਨੂੰ ਸੌਂਪ ਦਿੱਤੇ ਸਨ। ਇਨ੍ਹਾਂ ਵਿੱਚ ਕੁਝ ਅਜਿਹੇ ਕਾਲਮ ਸਨ, ਜਿਨ੍ਹਾਂ ਨੂੰ ਪੋਸਟਮਾਰਟਮ ਤੋਂ ਬਾਅਦ ਭਰਿਆ ਜਾਣਾ ਅੌਖਾ ਸੀ। ਇਨ੍ਹਾਂ ਨੂੰ ਸਪਸ਼ਟ ਕਰਨ ਤੋਂ ਬਾਅਦ ਡਾਕਟਰ ਪੋਸਟਮਾਰਟਮ ਕਰਨਾ ਮੰਨੇ।
ਸਿਵਲ ਸਰਜਨ ਡਾ. ਰਜਨੀਸ਼ ਸੂਦ ਨੇ ਦੱਸਿਆ ਕਿ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਲਈ ਤਿੰਨ-ਤਿੰਨ ਡਾਕਟਰਾਂ ਦੇ ਬੋਰਡ ਗਠਿਤ ਕੀਤੇ ਗਏ ਸਨ। ਹਰੇਕ ਬੋਰਡ ਨੇ ਇੱਕ-ਇੱਕ ਲਾਸ਼ ਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਸਵੇਰੇ 11.30 ਤੋਂ ਬਾਅਦ ਸ਼ੁਰੂ ਹੋਇਆ ਜੋ ਦੇਰ ਰਾਤ ਤੱਕ ਚੱਲਿਆ।

Facebook Comment
Project by : XtremeStudioz