Close
Menu

ਦੁਰਗਾ ਸ਼ਕਤੀ ਕੇਸ: ਸਮਾਜਵਾਦੀ ਪਾਰਟੀ ਦਾ ਅੱਖੜ ਰੁਖ਼ ਬਰਕਰਾਰ

-- 06 August,2013

DurgaShaktiNagpal_05082013

ਨਵੀਂ ਦਿੱਲੀ/ਲਖਨਊ, 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਆਪਣੀ ਜ਼ਿੱਦ ’ਤੇ ਅੜੀ ਸਮਾਜਵਾਦੀ ਪਾਰਟੀ ਨੇ ਅੱਜ ਆਈਏਐਸ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਮੁੱਦੇ ’ਤੇ ਕੇਂਦਰ ਨਾਲ ਟਕਰਾਅ ਵਾਲਾ ਰੁਖ ਅਖਤਿਆਰ ਕਰੀ ਰੱਖਿਆ ਤੇ ਕਿਹਾ ਕਿ ਯੂਪੀ ਸਰਕਾਰ ਦਾ ਫੈਸਲਾ ‘‘ਬਿਲਕੁਲ ਸਹੀ ਤੇ ਅੰਤਮ’’ ਕਰਾਰ ਦਿੱਤਾ ਤੇ ਨਾਲ ਹੀ ਵਿਅੰਗ ਕੱਸਿਆ ਕਿ ਕੇਂਦਰ ਰਾਜ ਵਿਚੋਂ ਸਾਰੇ ਆਈਏਐਸ ਅਧਿਕਾਰੀ ਵਾਪਸ ਲੈ ਲਵੇ। ਕੇਂਦਰ ’ਤੇ ਪਹਿਲਾ ਹੱਲਾ ਬੋਲਦਿਆਂ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਆਈਏਐਸ ਅਧਿਕਾਰੀ ਦੁਰਗਾ ਸ਼ਕਤੀ ਨਾਗਪਾਲ ਨੂੰ ਮੁਅੱਤਲ ਕਰਨ ਦਾ ਫੈਸਲਾ ਬਿਲਕੁਲ ਸਹੀ ਹੈ। ਇਹ ਅਫਸਰ, ਸੂਬੇ ਵਿਚ ਰੇਤ ਮਾਫੀਏ ਵਿਰੁੱਧ ਸ਼ਿਕੰਜਾ ਕੱਸਣ ’ਤੇ ਚਰਚਾ ਵਿਚ ਆਈ ਸੀ।
ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਧਿਕਾਰੀ ਨੂੰ ਮੁਅੱਤਲ ਕਰਨ ਦਾ ਫੈਸਲਾ ਸਹੀ ਹੈ। ਇਸ ਮੁੱਦੇ ’ਤੇ ਸਮਾਜਵਾਦੀ ਪਾਰਟੀ ਤੇ ਕੇਂਦਰ ਵਿਚਾਲੇ ਵੱਧ ਰਹੀ ਨਾਰਾਜ਼ਗੀ ਦੇ ਦੌਰਾਨ ਹੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਸੂਬਾ ਪ੍ਰਸ਼ਾਸਨ ਨਾਲ ਸੰਪਰਕ ਵਿਚ ਹੈ ਤੇ ਤੈਅ ਨੇਮਾਂ ਮੁਤਾਬਕ ਹੀ ਕਾਰਵਾਈ ਹੋਏਗੀ। ਸਮਾਜਵਾਦੀ ਪਾਰਟੀ ਦੀ ਸਰਕਾਰ ਦੇ ਇਸ ਅੱਖੜ ਸਟੈਂਡ ਦੀ ਹੀ ਝਲਕ ਲਖਨਊ ਵਿਚ ਮਿਲੀ ਜਿਥੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਪੱਸ਼ਟ ਕੀਤਾ ਕਿ ‘‘ਗਲਤੀਆਂ ਕਰਨ ਵਾਲੇ’’ ਅਫਸਰਾਂ ਨੂੰ ਸਜ਼ਾ ਮਿਲੇਗੀ। ਲਖਨਊ ਵਿਚ ਇਕ ਸਮਾਗਮ ਵਿਚ ਸੰਬੋਧਨ ਕਰਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਇਥੇ ਬਹੁਤ ਲੋਕ ਬੈਠੇ ਹੋਣਗੇ, ਜਿਨ੍ਹਾਂ ਨੂੰ ਕੁਝ ਗਲਤ ਕਰਨ ’ਤੇ ਮਾਪਿਆਂ ਤੇ ਅਧਿਆਪਕਾਂ ਤੋਂ ਕੁੱਟ ਪਈ ਹੋਏਗੀ। ਸਰਕਾਰ ਵੀ ਇਸੇ ਤਰ੍ਹਾਂ ਚੱਲਦੀ ਹੈ। ਜਦੋਂ ਵੀ ਕੋਈ ਅਧਿਕਾਰੀ ਗਲਤੀ ਕਰੇਗਾ, ਉਸ ਨੂੰ ਸਜ਼ਾ ਮਿਲੇਗੀ। ਦਿੱਲੀ ਵਿਚ ਸਮਾਜਵਾਦੀ ਪਾਰਟੀ ਦੇ ਆਗੂ ਰਾਮਗੋਪਾਲ ਯਾਦਵ ਨੇ ਹੋਰ ਵੀ ਅਗਾਂਹ ਜਾਂਦਿਆਂ ਕਿਹਾ ਕਿ ਜੇਕਰ ਕੇਂਦਰ ਦਖ਼ਲ-ਅੰਦਾਜ਼ੀ ਕਰਨੀ ਚਾਹੁੰਦਾ ਹੈ ਤਾਂ ਇਹ ਸੂਬੇ ਵਿਚੋਂ ਸਾਰੇ ਆਈਏਐਸ ਅਫਸਰਾਂ ਨੂੰ ਵਾਪਸ ਬੁਲਾ ਲਵੇ। ਉੱਤਰ ਪ੍ਰਦੇਸ਼ ਸਰਕਾਰ ਆਪਣੇ ਅਫਸਰਾਂ ਨਾਲ ਕੰਮ ਚਲਾ ਲਵੇਗੀ।
ਪਰਸੋਨਲ ਮਾਮਲਿਆਂ ਬਾਰੇ ਰਾਜ ਮੰਤਰੀ ਵੀ. ਨਾਰਾਇਨਾਸਾਮੀ ਨੇ ਕਿਹਾ ਕਿ ਨਿਯਮਾਂ ਮੁਤਾਬਕ ਮੁਅੱਤਲ ਅਧਿਕਾਰੀ ਨੂੰ ਅਪੀਲ ਕਰਨ ਦਾ ਅਧਿਕਾਰ ਹੈ। ਉਨ੍ਹਾਂ ਦੱਸਿਆ ਕਿ ਦੁਰਗਾ ਸ਼ਕਤੀ ਨੇ ਹਾਲੇ ਤੱਕ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ ਪਰ ਜੇਕਰ ਉਹ ਮੰਤਰਾਲੇ ਕੋਲ ਅਪੀਲ ਪਾਉਂਦੀ ਹੈ ਤਾਂ ਇਸ ਦੀ ਕਾਪੀ ਰਾਜ ਸਰਕਾਰ ਨੂੰ ਭੇਜ ਕੇ ਉਸ ਦਾ ਜੁਆਬ ਮੰਗਿਆ ਜਾਏਗਾ। ਫਿਰ ਕੇਂਦਰ ਅਗਲੀ ਕਾਰਵਾਈ ਬਾਰੇ ਫੈਸਲਾ ਕਰ ਸਕਦਾ ਹੈ। ਆਮ ਤੌਰ ’ਤੇ ਅਧਿਕਾਰੀ ਰਾਜ ਸਰਕਾਰ ਕੋਲ ਹੀ ਪਹੁੰਚ ਕਰਦਾ ਹੈ ਤੇ ਕੇਂਦਰ ਆਪਣੇ ਆਪ ਕਾਰਵਾਈ ਨਹੀਂ ਕਰ ਸਕਦਾ।
ਗੌਤਮ ਬੁੱਧ ਨਗਰ ਦੀ ਐਸਡੀਐਮ 28 ਸਾਲਾ ਨਾਗਪਾਲ ਨੂੰ 27 ਜੁਲਾਈ ਨੂੰ ਇਕ ਉਸਾਰੀ ਅਧੀਨ ਮਸਜਿਦ ਦੀ ਕੰਧ ਢਹਾਉਣ ’ਤੇ ਮੁਅੱਤਲ ਕਰ ਦਿੱਤਾ ਸੀ। ਇਹ ਇਮਾਰਤ ਬਣਾਉਣ ਲਈ ਸਰਕਾਰੀ ਮਨਜ਼ੂਰੀ ਨਹੀਂ ਲਈ ਗਈ ਸੀ, ਯੂਪੀ ਕੇਡਰ ਦੀ ਨਾਗਪਾਲ ਨੇ ਜ਼ਿਲ੍ਹੇ ਵਿਚ ਰੇਤ ਮਾਫੀਏ ’ਤੇ ਬਹੁਤ ਸ਼ਿਕੰਜਾ ਕਸਿਆ ਸੀ। ਸੰਸਦ ਦੇ ਬਾਹਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਲਗਾਤਾਰ ਰਾਜ ਸਰਕਾਰ ਨਾਲ ਸੰਪਰਕ ਵਿਚ ਹੈ ਤੇ ਮੁੱਦੇ ਬਾਰੇ ਸਾਰੀ ਜਾਣਕਾਰੀ ਲਈ ਜਾ ਰਹੀ ਹੈ। ਤੈਅ ਨੇਮਾਂ ਦਾ ਪਾਲਣ ਕੀਤਾ ਜਾਏਗਾ।
ਸਰਕਾਰੀ ਸੂਤਰਾਂ ਅਨੁਸਾਰ ਕੇਂਦਰ, ਯੂਪੀ ਸਰਕਾਰ ਵੱਲੋਂ ਇਸ ਮੁੱਦੇ ’ਤੇ ਭੇਜੀ ਗਈ ਰਿਪੋਰਟ ਦੀ ਪੁਣਛਾਣ ਕਰ ਰਿਹਾ ਹੈ। ਇਕ ਹੋਰ ਸਮਾਗਮ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿਚ ਕਿੰਨੇ ਹੀ ਐਸਡੀਐਮ ਮੁਅੱਤਲ ਕੀਤੇ ਜਾਂਦੇ ਹਨ ਪਰ ਯੂਪੀ ਸਰਕਾਰ ਦੀ ਇਸ ਕਾਰਵਾਈ ’ਤੇ ਰੌਲਾ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਹੀ ਉਨ੍ਹਾਂ ਨੇ ਪਿਛਲੀ ਬਸਪਾ ਸਰਕਾਰ ’ਤੇ ਵੀ ਰਗੜਾ ਲਾ ਦਿੱਤਾ।

Facebook Comment
Project by : XtremeStudioz