Close
Menu

ਦੁਰਗਾ ਸ਼ਕਤੀ ਨਾਗਪਾਲ ਚਾਹਵੇ ਤਾਂ ਪੰਜਾਬ ਵਾਪਸ ਆ ਸਕਦੀ ਹੈ : ਸੁਖਬੀਰ

-- 06 August,2013

Sukhbir-Singh-Badal

ਚੰਡੀਗੜ੍ਹ-6 ਅਗਸਤ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਸਰਕਾਰ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਵਲੋਂ ਪ੍ਰਤਾੜਿਤ ਕੀਤੀ ਜਾ ਰਹੀ ਆਈ. ਏ. ਐਸ. ਅਫਸਰ ਦੁਰਗਾ ਨਾਗਪਾਲ ਦੇ ਹੱਕ ਵਿਚ ਆ ਖਲੋਤੀ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਦੁਰਗਾ ਸ਼ਕਤੀ ਨਾਗਪਾਲ ਜੇਕਰ ਪੰਜਾਬ ਵਾਪਸ ਆਉਣਾ ਚਾਹੁੰਦੀ ਹੈ ਤਾਂ ਉਸ ਦਾ ਸਵਾਗਤ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਨੇ ਕਿਹਾ ਕਿ ਦੁਰਗਾ ਸ਼ਕਤੀ ਨਾਗਪਾਲ ਪੰਜਾਬ ਕਾਡਰ ਦੀ ਆਈ. ਏ. ਐਸ. ਅਫਸਰ ਹੈ ਅਤੇ ਕਿਸੇ ਵੀ ਅਫਸਰ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਨਾ ਗਲਤ ਹੈ। ਸੁਖਬੀਰ ਨੇ ਕਿਹਾ ਕਿ ਦੁਰਗਾ ਸ਼ਕਤੀ ਨਾਗਪਾਲ ਆਪਣੀ ਮਰਜ਼ੀ ਨਾਲ ਪੰਜਾਬ ਛੱਡ ਕੇ ਗਈ ਸੀ ਅਤੇ ਜੇਕਰ ਉਹ ਆਪਣੀ ਮਰਜ਼ੀ ਨਾਲ ਵਾਪਸ ਆਉਣਾ ਚਾਹੁੰਦੀ ਹੈ ਤਾਂ ਪੰਜਾਬ ਸਰਕਾਰ ਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਨੋਏਡਾ ਵਿਚ ਐਸ. ਡੀ. ਐਮ. ਦੇ ਅਹੁਦੇ ‘ਤੇ ਤਾਇਨਾਤ ਦੁਰਗਾ ਸ਼ਕਤੀ ਨਾਗਪਾਲ ਨੂੰ ਇਹ ਕਹਿ ਕੇ ਸਸਪੈਂਡ ਕਰ ਦਿੱਤਾ ਸੀ ਕਿ ਉਸ ਵਿਚ ਪ੍ਰਸ਼ਾਸਨਿਕ ਸਮਰੱਥਾ ਦੀ ਕਮੀ ਹੈ। ਉੱਤਰ ਪ੍ਰਦੇਸ਼ ਸਰਕਾਰ ਦੁਰਗਾ ਸ਼ਕਤੀ ਨਾਗਪਾਲ ਖਿਲਾਫ ਚਾਰਜਸ਼ੀਟ ਵੀ ਦਾਇਰ ਕਰਨ ਜਾ ਰਹੀ ਹੈ। ਦੁਰਗਾ ਸ਼ਕਤੀ ਨਾਗਪਾਲ ਖਿਲਾਫ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਰਮਜਾਨ ਦੇ ਮਹੀਨੇ ਵਿਚ ਮਸਜਿਦ ਦੀ ਦੀਵਾਰ ਢਾਹ ਕੇ ਭਾਈਚਾਰਕ ਸਾਂਝ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਦੁਰਗਾ ਸ਼ਕਤੀ ਨਾਗਪਾਲ ਦੇ ਸਸਪੈਂਡ ਹੋਣ ਤੋਂ ਬਾਅਦ ਆਈ. ਏ. ਐਸ. ਅਫਸਰ ਲਾਬੀ ਅਤੇ ਮੀਡੀਆ ਇਸ ਅਫਸਰ ਦੇ ਹੱਕ ਵਿਚ ਆ ਖਲੋਤਾ ਹੈ। ਪੰਜਾਬ ਸਰਕਾਰ ਵਲੋਂ ਦੁਰਗਾ ਸ਼ਕਤੀ ਨਾਗਪਾਲ ਨੂੰ ਵਾਪਸ ਬੁਲਾਏ ਜਾਣ ਦੇ ਸੰਕੇਤ ਤੋਂ ਬਾਅਦ ਹੁਣ ਇਸ ਬਹਾਦਰ ਅਫਸਰ ਦਾ ਕੀ ਸਟੈਂਡ ਹੁੰਦਾ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ।

Facebook Comment
Project by : XtremeStudioz