Close
Menu

ਦੁਰਯੋਧਨ ਦੇ ਬਹਾਨੇ ਮੋਦੀ ’ਤੇ ਨਿਸ਼ਾਨੇ

-- 08 May,2019

ਅੰਬਾਲਾ, 8 ਮਈ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਇਕ ਇਕੱਠ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਬਗੈਰ ਹੱਲਾ ਬੋਲਦਿਆਂ ਕਿਹਾ ਕਿ ਮਹਾਭਾਰਤ ਦਾ ਕਿਰਦਾਰ ਦੁਰਯੋਧਨ ਵੀ ‘ਵੱਡਾ ਹੰਕਾਰੀ’ ਸੀ। ਉਨ੍ਹਾਂ ਆਪਣੇ ਪਿਤਾ ਰਾਜੀਵ ਗਾਂਧੀ ਨੂੰ ਮੋਦੀ ਵੱਲੋਂ ‘ਭ੍ਰਿਸ਼ਟਾਚਾਰੀ ਨੰਬਰ ਇਕ’ ਦੱਸਣ ਦੀ ਵੀ ਰੱਜ ਕੇ ਨਿਖੇਧੀ ਕੀਤੀ। ਪ੍ਰਿਯੰਕਾ ਨੇ ਕਿਹਾ ਕਿ ਮੋਦੀ ਲੋਕਾਂ ਦਾ ਧਿਆਨ ‘ਭਟਕਾਉਣ’ ਦੀ ਥਾਂ ਵਿਕਾਸ ਦੇ ਮੁੱਦੇ ਉੱਤੇ ਚੋਣਾਂ ਲੜ ਕੇ ਦਿਖਾਉਣ। ਕਾਂਗਰਸੀ ਆਗੂ ਨੇ ਕਿਹਾ ਕਿ ਮੁਲਕ ਨੇ ਕਦੇ ਵੀ ਹੰਕਾਰੀਆਂ ਨੂੰ ਨਹੀਂ ਝੱਲਿਆ। ਇਤਿਹਾਸ ਗਵਾਹ ਹੈ ਤੇ ਮਹਾਭਾਰਤ ਵੀ ਇਸ ਦਾ ਗਵਾਹ ਹੈ। ਉਹ ਅੰਬਾਲਾ ਤੋਂ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਦੇ ਹੱਕ
ਵਿਚ ਪ੍ਰਚਾਰ ਕਰਨ ਲਈ ਪੁੱਜੇ ਸਨ। ਪ੍ਰਿਯੰਕਾ ਨੇ ਕਿਹਾ ਕਿ ਜਦ ਭਗਵਾਨ ਕ੍ਰਿਸ਼ਨ ਨੇ ਦੁਰਯੋਧਨ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਉਸ ਨੇ ਉਨ੍ਹਾਂ ਨੂੰ ਵੀ ਬੰਦੀ ਬਨਾਉਣ ਦਾ ਯਤਨ ਕੀਤਾ। ਉਨ੍ਹਾਂ ਇਸ ਮੌਕੇ ਹਿੰਦੀ ਕਵੀ ਰਾਮਧਾਰੀ ਸਿੰਘ ਦਿਨਕਰ ਦੀਆਂ ਕੁਝ ਸਤਰਾਂ ਵੀ ਪੜ੍ਹੀਆਂ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ‘ਜਦ ਨਾਸ਼ ਮਨੁੱਖ ’ਤੇ ਛਾ ਜਾਂਦਾ ਹੈ, ਪਹਿਲਾਂ ਵਿਵੇਕ ਮਰ ਜਾਂਦਾ ਹੈ’। ਕਾਂਗਰਸ ਜਨਰਲ ਸਕੱਤਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦਿੱਤੀ ਕਿ ਉਹ ਰੁਜ਼ਗਾਰ, ਕਿਸਾਨਾਂ ਤੇ ਔਰਤਾਂ ਦੇ ਮਸਲਿਆਂ ’ਤੇ ਚੋਣਾਂ ਲੜ ਕੇ ਦਿਖਾਉਣ। ਉਨ੍ਹਾਂ ਕਿਹਾ ਕਿ ਮੋਦੀ ਨੂੰ ਲੋਕਾਂ ਦੇ ਰੂਬਰੂ ਹੋ ਕੇ ਦੱਸਣਾ ਚਾਹੀਦਾ ਹੈ ਕਿ ਪੰਜ ਸਾਲਾਂ ’ਚ ਉਨ੍ਹਾਂ ਕੀ ਕੀਤਾ ਤੇ ਅਗਾਂਹ ਕੀ ਯੋਜਨਾ ਹੈ। ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਨੁਕਤਿਆਂ ’ਤੇ ਵਿਚਾਰ ਕਰਨਾ ਚਾਹੀਦਾ ਹੈ ਨਹੀਂ ਤਾਂ ਲੋਕ ਸਬਕ ਸਿਖਾ ਹੀ ਦੇਣਗੇ। ਪ੍ਰਿਯੰਕਾ ਨੇ ਕਿਹਾ ਕਿ ਨਾਕਾਮੀਆਂ ਲੁਕਾਉਣ ਲਈ ਭਾਜਪਾ ਹੁਣ ਲੋਕਾਂ ਦਾ ਧਿਆਨ ਭਟਕਾ ਰਹੀ ਹੈ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਮੁਲਕ ਦੇ ਲੋਕ ਸਿਆਣੇ ਹਨ ਤੇ ਗੁਮਰਾਹ ਨਹੀਂ ਹੋਣਗੇ, ਜਵਾਬਦੇਹੀ ਤੈਅ ਕਰਨਗੇ।

Facebook Comment
Project by : XtremeStudioz