Close
Menu

ਦੂਜਾ ਪੜਾਅ: ਜੰਮੂ ਕਸ਼ਮੀਰ ਵਿੱਚ 72 ਤੇ ਝਾਰਖੰਡ ‘ਚ 66 ਫ਼ੀਸਦੀ ਮਤਦਾਨ

-- 03 December,2014

ਸ੍ਰੀਨਗਰ/ਜੰਮੂ,  ਜੰਮੂ-ਕਸ਼ਮੀਰ ਅਤੇ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ ਅੱਜ ਕ੍ਰਮਵਾਰ 71 ਫੀਸਦ ਅਤੇ 65.46 ਫੀਸਦ ਮਤਦਾਨ ਹੋਇਆ। ਕਸ਼ਮੀਰ ਵਿੱਚ 25 ਨਵੰਬਰ ਨੂੰ 15 ਸੀਟਾਂ ਲਈ ਪਹਿਲੇ ਗੇੜ ਵਿੱਚ ਰਿਕਾਰਡ 72 ਫੀਸਦ ਵੋਟਾਂ ਪਈਆਂ ਸਨ। ਅੱਜ ਕਸ਼ਮੀਰ ਵਾਦੀ ਦੇ ਦੋ ਅਤੇ ਜੰਮੂ ਦੇ ਤਿੰਨ ਜ਼ਿਲਿ੍ਹਆਂ ਦੀਆਂ 18 ਸੀਟਾਂ ਲਈ ਵੋਟਾਂ ਪਈਆਂ।
ਉਪ ਚੋਣ ਕਮਿਸ਼ਨਰ ਵਿਨੋਦ ਜ਼ੁਤਸ਼ੀ ਨੇ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ, ”ਜੰਮੂ-ਕਸ਼ਮੀਰ ਵਿੱਚ ਦੂਜੇ ਗੇੜ ਦੀਆਂ ਚੋਣਾਂ ਦੇ ਸਾਡੇ ਕੋਲ ਤਾਜ਼ਾ ਅੰਕੜਿਆਂ ਮੁਤਾਬਕ 71 ਫੀਸਦ ਮਤਦਾਨ ਹੋਇਆ। ਇਸ ਵਿੱਚ 1-2 ਫੀਸਦ ਵਾਧਾ ਹੋ ਸਕਦਾ ਹੈ।” ਉਨ੍ਹਾਂ ਕਿਹਾ ਕਿ ਸਾਰੇ ਹਲਕਿਆਂ ਵਿੱਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਕੋਈ ਰਿਪੋਰਟ ਨਹੀਂ ਹੈ। ਉਧਰ, ਝਾਰਖੰਡ ਦੇ ਮੁੱਖ ਚੋਣ ਅਫਸਰ ਪੀ.ਕੇ. ਜਜੋਰੀਆ ਨੇ ਦੱਸਿਆ ਕਿ ਦੂਜੇ ਗੇੜ ਦੌਰਾਨ 65.45 ਫੀਸਦ ਮਤਦਾਨ ਹੋਇਆ।  25 ਨਵੰਬਰ ਨੂੰ ਹੋਏ ਪਹਿਲੇ ਗੇੜ ਵਿੱਚ 61.92 ਫੀਸਦ ਮਤਦਾਨ ਹੋਇਆ ਸੀ। ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡਾ ਅਤੇ ਮਧੂ ਕੋਡਾ ਸਮੇਤ 223 ਉਮੀਦਵਾਰਰ ਦੀ ਹੋਣੀ ਬਿਜਲਈ ਵੋਟ ਮਸ਼ੀਨਾਂ ਵਿੱਚ ਬੰਦ ਹੋ ਗਈ। ਇਹ 20 ਸੀਟਾਂ ਮਾਓਵਾਦੀਆਂ ਦੇ ਪ੍ਰਭਾਵ ਵਾਲੇ ਜ਼ਿਲਿ੍ਹਆਂ ਸਰਾਏਕੇਲਾ-ਖਰਸਾਵਾਨ, ਪੱਛਮੀ ਅਤੇ ਪੂਰਬੀ ਸਿੰਘਭੂਮ, ਖੁੰਟੀ, ਸਿਮਡੇਮਾ, ਰਾਂਚੀ ਅਤੇ ਗੁਮਲਾ ਵਿੱਚ ਪੈਂਦੀਆਂ ਹਨ। ਤੀਜੇ ਗੇੜ ਲਈ 17 ਸੀਟਾਂ ਲਈ ਵੋਟਾਂ 9 ਦਸੰਬਰ ਨੂੰ ਪੈਣਗੀਆਂ।
ਜੰਮੂ-ਕਸ਼ਮੀਰ ਵਿੱਚ ਰਿਆਸੀ ਜ਼ਿਲ੍ਹੇ ਵਿੱਚ (80 ਫੀਸਦ), ਊਧਮਪੁਰ (76 ਫੀਸਦ), ਪੁਣਛ (75 ਫੀਸਦ), ਕੁਪਵਾੜਾ (68 ਫੀਸਦ) ਅਤੇ ਕੁਲਗਾਮ (60 ਫੀਸਦ) ਮਤਦਾਨ ਹੋਇਆ। ਇਸ ਦੌਰਾਨ ਕੱਟੜਪੰਥੀ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਸੱਯਦ ਅਲੀ ਸ਼ਾਹ ਗਿਲਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਸ਼ਮੀਰ ਦੌਰੇ ਮੌਕੇ 8 ਦਸੰਬਰ ਨੂੰ ਬੰਦ ਦਾ ਸੱਦਾ ਦਿੱਤਾ ਹੈ। ਸ੍ਰੀ ਮੋਦੀ ਪਹਿਲੀ ਵਾਰ ਵਾਦੀ ਵਿੱਚ ਚੋਣ ਪ੍ਰਚਾਰ ਕਰਨ ਆਉਣਗੇ।  14 ਦਸੰਬਰ ਨੂੰ ਹੋਣ ਵਾਲੇ ਗੇੜ ਲਈ ਸ੍ਰੀਨਗਰ ਅਤੇ ਅਨੰਤਨਾਗ ਵਿੱਚ ਸ੍ਰੀ ਮੋਦੀ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪੀਪਲਜ਼ ਡੈਮੋਕਰੈਟਿਕ ਪਾਰਟੀ ਨੇ ਭਾਰੀ ਮਤਦਾਨ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਰੁਝਾਨਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਰਾਜ ਵਿੱਚ ਤਬਦੀਲੀ ਦਾ ਪਿੜ ਤਿਆਰ ਹੋ ਗਿਆ ਹੈ।
ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਗਿਣਤੀ ਵਾਲੇ ਦਿਨ ਹੈਰਾਨੀਜਨਕ ਨਤੀਜੇ ਆਉਣਗੇ ਅਤੇ ਭਾਰੀ ਮਤਦਾਨ ਦਰਸਾਉਂਦਾ ਹੈ ਕਿ ਲੋਕ ਆਪਣੀ ਸਿਆਸੀ ਗੈਰਤ ‘ਤੇ ਡਟ ਕੇ ਪਹਿਰਾ ਦੇਣਗੇ।

Facebook Comment
Project by : XtremeStudioz