Close
Menu

ਦੇਸ਼ ਵਿੱਚ ਤਾਨਾਸ਼ਾਹੀ ਦਾ ਖ਼ਤਰਾ ਵਧਿਆ: ਯੇਚੁਰੀ

-- 22 September,2015

ਫਿਲੌਰ, 22 ਸਤੰਬਰ: ਸੀਪੀਆਈ (ਐਮ) ਵੱਲੋਂ ਨੇਡ਼ਲੇ ਪਿੰਡ ਬੁੰਡਾਲਾ ਵਿੱਚ ਕੀਤੀ ਗੲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਮੋਦੀ ਸਰਕਾਰ ਦੌਰਾਨ ਤਾਨਾਸ਼ਾਹੀ ਨੂੰ ਲਾਗੂ ਕਰਨ ਦੇ ਖ਼ਤਰੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਟੈਂਡ ਲੈਣ ਨਾਲ ਅਤੇ ਖੱਬੇ ਪੱਖੀਆਂ ਦੀ ਹਮਾਇਤ ਨਾਲ ਮੋਦੀ ਸਰਕਾਰ ਦੇ ਇਸ ਕਾਰਜਕਾਲ ਦੌਰਾਨ 11 ਬਿੱਲ ਵਾਪਸ ਹੋਏ ਹਨ। ਇਹ ਕਾਨਫਰੰਸ ਸੀਪੀਆਈ (ਐਮ) ਦੇ ਜਨਰਲ ਸਕੱਤਰ ਮਰਹੂਮ ਹਰਕਿਸ਼ਨ ਸਿੰਘ ਸੁਰਜੀਤ ਦੀ ਸੱਤਵੀਂ ਬਰਸੀ ਮੌਕੇ ਕੀਤੀ ਗਈ ਸੀ।

ਸ੍ਰੀ ਯੇਚੁਰੀ ਨੇ ਕਿਹਾ ਕਿ ਭੂਮੀ ਅਧਿਗ੍ਰਹਿਣ ਬਿੱਲ ਤਿੰਨ ਵਾਰ ਪੇਸ਼ ਕੀਤਾ ਗਿਆ, ਜਿਸ ਨੂੰ ਹੁਣ ਸਿਰਫ ਬਿਹਾਰ ਦੀਆਂ ਚੋਣ ਕਾਰਨ ਵਾਪਸ ਲਿਆ ਗਿਆ ਹੈ ਕਿਉਂਕਿ ਇਹ ਬਿੱਲ ਕਿਸਾਨਾਂ ਦੀ ਜ਼ਮੀਨ ਖੋਹੇਗਾ। ਇਸ ਫਿਕਰਮੰਦੀ ਵਿੱਚ ਹੀ ਇਸ ਬਿੱਲ ਨੂੰ ਇੱਕ ਵਾਰ ਫਿਰ ਤੋਂ ਪੇਸ਼ ਨਹੀਂ ਕੀਤਾ ਗਿਆ। ਕਾਮਰੇਡ ਯੇਚੁਰੀ ਨੇ ਦਾਅਵਾ ਕੀਤਾ ਕਿ ਬਿਹਾਰ ਚੋਣਾਂ ਉਪਰੰਤ ਇਸ ਬਿੱਲ ਨੂੰ ਦੁਬਾਰਾ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਖੇਤੀ ਛੱਡ ਰਿਹਾ ਹੈ ਅਤੇ ਮੋਦੀ ਸਰਕਾਰ ਉਦਯੋਗਪਤੀਆਂ, ਵਿਦੇਸ਼ੀ ਕੰਪਨੀਆਂ ਅਤੇ ਬਿਲਡਰਾਂ ਨੂੰ ਜ਼ਮੀਨ ਕੌਡੀਆਂ ਦੇ ਭਾਅ ਦੇਣ ਤੁਰ ਪਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਫਿਰਕਾਪ੍ਰਸਤੀ ਨੂੰ ਲਗਾਤਾਰ ਹੱਲਾਸ਼ੇਰੀ ਦੇ ਰਹੀ ਹੈ ਅਤੇ ਦੇਸ਼ ’ਚ ਘੱਟ ਗਿਣਤੀਆਂ ਵਿੱਚ ਫ਼ਿਕਰਮੰਦੀ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਬਿਹਾਰ ਵਿੱਚ ਵੀ ਮੋਦੀ ਹਿੰਦੂਆਂ ਦੀ ਗੱਲ ਕਰਕੇ ਨਫਰਤ ਫੈਲਾ ਰਹੇ ਹਨ, ਜਿਸ ਕਰਕੇ ਬਿਹਾਰ ਵਿੱਚ ਖੱਬੀ ਧਿਰ ਆਪਣੀ ਏਕਤਾ ਬਣਾ ਕੇ ਫਿਰਕਾਪ੍ਰਸਤੀ ਨੂੰ ਹਰਾਉਣ ਦਾ ਕੰਮ ਕਰੇਗੀ।
ਸ੍ਰੀ ਯੇਚੁਰੀ ਨੇ ਕਿਹਾ ਕਿ ਸ੍ਰੀ ਮੋਦੀ ਅਮਰੀਕਾ ਦੇ ਸ਼ਹਿਰ ਸਾਂ ਫਰਾਂਸਿਸਕੋ ਜਾ ਰਹੇ ਹਨ, ਜਿਥੇ ਗਦਰ ਪਾਰਟੀ ਦੀ ਸਥਾਪਨਾ ਹੋਈ ਸੀ। ਉਥੇ ੳੁਨ੍ਹਾਂ ਨੂੰ ਗਦਰ ਪਾਰਟੀ ਨੂੰ ਯਾਦ ਕਰਨ ਲਈ ਜਾਣਾ ਚਾਹੀਦਾ ਹੈ। ਦੇਸ਼ ਦੀ ਬਣ ਰਹੀ ਆਰਥਿਕ ਤਸਵੀਰ ਬਾਰੇ ਸ੍ਰੀ ਯੇਚੁਰੀ ਨੇ ਕਿਹਾ ਕਿ ਦੇਸ਼ ਦੇ 90 ਫ਼ੀਸਦੀ ਲੋਕਾਂ ਕੋਲ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਘੱਟ ਆਮਦਨ ਅਤੇ ਦੂਜੇ ਪਾਸੇ ਦੇਸ਼ ਦੇ 100 ਪਰਿਵਾਰਾਂ ਕੋਲ 65000 ਕਰੋੜ ਰੁਪਏ ਦੀ ਪੂੰਜੀ ਇਕੱਠੀ ਹੋਈ ਪਈ ਹੈ। ਦੇਸ਼ ਦੀ ਕੁੱਲ ਜੀਡੀਪੀ ਦਾ ਅੱਧਾ ਹਿੱਸਾ ਇਨ੍ਹਾਂ 100 ਪਰਿਵਾਰਾਂ ਕੋਲ ਹੀ ਜਾਂਦਾ ਹੈ।
ਪੰਜਾਬ ਬਾਰੇ ਉਨ੍ਹਾਂ ਕਿਹਾ ਕਿ ਸਿੱਖ ਦੇਸ਼ ਦੀ ਸਰਹੱਦ ਅਤੇ ਅਨਾਜ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਅਤੇ ਹੁਣ ਨਸ਼ਿਆਂ ਕਾਰਨ ਤਬਾਹੀ ਹੋ ਰਹੀ ਹੈ। ਉਨ੍ਹਾਂ ਸੂਬਾ ਪਾਰਟੀ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਕਾਮਰੇਡ ਸੁਰਜੀਤ ਦੇ ਨਾਂ ’ਤੇ ਨਸ਼ਾ ਛੁਡਾੳੂ ਕੇਂਦਰ ਅਤੇ ਨੌਜਵਾਨਾਂ ਨੂੰ ਪੁਨਰ ਸਥਾਪਤੀ ਲਈ ਯਤਨ ਕਰਨ। ਇਸ ਕਾਨਫਰੰਸ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਹਾਜ਼ਰੀ ਲੁਆਈ।
ਕਾਨਫਰੰਸ ਨੂੰ ਸੀਪੀਆਈ ਐਮ ਦੇ ਸੂਬਾ ਸਕੱਤਰ ਚਰਨ ਸਿੰਘ ਵਿਰਦੀ, ਸੀਪੀਆਈ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ, ਵਿਜੇ ਮਿਸ਼ਰਾ, ਰਘੂਨਾਥ ਸਿੰਘ, ਦੇਸ਼ ਭਗਤ ਯਾਦਗਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਭੂਪ ਚੰਦ ਚੰਨੋ, ਰਘਬੀਰ ਸਿੰਘ ਵਿਰਕ, ਗੁਰਮੇਸ਼ ਸਿੰਘ, ਸੁਖਵਿੰਦਰ ਸਿੰਘ ਸੇਖੋਂ, ਰਾਮ ਸਿੰਘ ਨੂਰਪੁਰੀ, ਗੁਰਚੇਤਨ ਸਿੰਘ ਬਾਸੀ ਨੇ ਵੀ ਸੰਬੋਧਨ ਕੀਤਾ। ਸਟੇਜ ’ਤੇ ਕਾਮਰੇਡ ਸੁਰਜੀਤ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਸਮਾਗਮ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਬਜ਼ੁਰਗ ਜਗੀਰ ਸਿੰਘ ਨੂੰ ਪਿੰਡ ਬੁੰਡਾਲਾ ਵੱਲੋਂ ਸਨਮਾਨਤ ਕੀਤਾ ਗਿਆ

Facebook Comment
Project by : XtremeStudioz