Close
Menu

ਦੋ ਅਫ਼ਸਰਾਂ ਦੀ ਲੜਾਈ ਨਾਲ ਸੀਬੀਆਈ ਦਾ ਮੌਜੂ ਬਣਿਆ

-- 05 December,2018

ਨਵੀਂ ਦਿੱਲੀ, 5 ਦਸੰਬਰ
ਕੇਂਦਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ’ਚ ਕਿਹਾ ਕਿ ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਵਿਚਕਾਰ ਆਪਸੀ ਲੜਾਈ ਨੇ ਜਾਂਚ ਏਜੰਸੀ ਦਾ ਜਨਤਕ ਤੌਰ ’ਤੇ ਮੌਜੂ ਬਣਾ ਦਿੱਤਾ ਹੈ। ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੂੰ ਦੱਸਿਆ ਕਿ ਦੋ ਅਧਿਕਾਰੀਆਂ ਦੀ ਲੜਾਈ ਕਰਕੇ ਸੀਬੀਆਈ ਦੀ ਦਿੱਖ ’ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਮੁੱਖ ਮੰਤਵ ਸੀਬੀਆਈ ’ਚ ਲੋਕਾਂ ਦੇ ਭਰੋਸੇ ਨੂੰ ਬਹਾਲ ਕਰਨਾ ਹੈ। ਅਟਾਰਨੀ ਜਨਰਲ ਨੇ ਕਿਹਾ ਕਿ ਅਧਿਕਾਰੀਆਂ ਦੀ ਲੜਾਈ ਨੇ ‘ਬੇਮਿਸਾਲੀ ਤੇ ਅਜੀਬ’ ਹਾਲਾਤ ਬਣਾ ਦਿੱਤੇ ਹਨ ਅਤੇ ਭਾਰਤ ਸਰਕਾਰ ਬੜੀ ‘ਹੈਰਾਨੀ’ ਨਾਲ ਦੇਖ ਰਹੀ ਹੈ ਕਿ ਇਹ ਦੋਵੇਂ ਅਧਿਕਾਰੀ ਕੀ ਕਰ ਰਹੇ ਹਨ। ਸ੍ਰੀ ਵੇਣੂਗੋਪਾਲ ਨੇ ਕਿਹਾ,‘‘ਅਧਿਕਾਰੀ ਬਿੱਲੀਆਂ ਵਾਂਗ ਲੜ ਰਹੇ ਹਨ ਜਿਸ ਕਰਕੇ ਕੇਂਦਰ ਨੂੰ ਉਨ੍ਹਾਂ ਦੀ ਲੜਾਈ ’ਚ ਦਖ਼ਲ ਦੇਣਾ ਪਿਆ।’’ ਉਨ੍ਹਾਂ ਕਿਹਾ ਕਿ ਕੇਂਦਰ ਨੇ ਆਪਣੀ ਹੱਦ ’ਚ ਰਹਿੰਦਿਆਂ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਹੈ। ‘ਜੇਕਰ ਸਰਕਾਰ ਅਜਿਹਾ ਨਾ ਕਰਦੀ ਤਾਂ ਰੱਬ ਹੀ ਜਾਣਦਾ ਹੈ ਕਿ ਦੋਵੇਂ ਅਧਿਕਾਰੀਆਂ ਵਿਚਕਾਰ ਇਹ ਲੜਾਈ ਕਿੱਥੇ ਅਤੇ ਕਿਵੇਂ ਖ਼ਤਮ ਹੋਣੀ ਸੀ।’ ਅਟਾਰਨੀ ਜਨਰਲ ਨੇ ਸਰਕਾਰ ਦਾ ਪੱਖ ਰੱਖ ਦਿੱਤਾ ਹੈ ਅਤੇ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਵੱਲੋਂ ਪੇਸ਼ ਹੋਏ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲਾਂ ਰੱਖੀਆਂ। ਥੋੜੇ ਸਮੇਂ ਮਗਰੋਂ ਸੁਪਰੀਮ ਕੋਰਟ ਨੇ ਦਿਨ ਦੀ ਸੁਣਵਾਈ ਸਮਾਪਤ ਕਰਦਿਆਂ ਕੇਸ ’ਤੇ ਸੁਣਵਾਈ ਵੀਰਵਾਰ ਤਕ ਲਈ ਮੁਲਤਵੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਕੇਂਦਰ ਨੇ ਸੀਵੀਸੀ ਦੀ ਰਿਪੋਰਟ ’ਤੇ ਕਾਰਵਾਈ ਕਰਦਿਆਂ ਦੋਵੇਂ ਅਧਿਕਾਰੀਆਂ ਨੂੰ ਛੁੱਟੀ ’ਤੇ ਭੇਜ ਦਿੱਤਾ ਸੀ।

Facebook Comment
Project by : XtremeStudioz