Close
Menu

ਦੋ ਤਖ਼ਤਾਂ ਨੂੰ ਜੋਡ਼ਨ ਵਾਲੀ ਰੇਲ ਗੱਡੀ ਨੂੰ ਸੁਰੇਸ਼ ਪ੍ਰਭੂ ਨੇ ਦਿਖਾੲੀ ਹਰੀ ਝੰਡੀ

-- 24 March,2015

* ਵਿਸਾਖੀ ਤੋਂ ਬਾਅਦ ਹਰ ਰੋਜ਼ ਚੱਲਿਆ ਕਰੇਗੀ ਗੱਡੀ; ਪੰਜਾਬ ਸਰਕਾਰ ਨਾਲ ਮਿਲ ਕੇ
ਰੇਲ ਕੰਪਨੀ ਬਣਾੳੁਣ ਦਾ ਐਲਾਨ

ਸ੍ਰੀ ਆਨੰਦਪੁਰ ਸਾਹਿਬ, ਕੇਂਦਰੀ ਰੇਲਵੇ ਮੰਤਰੀ ਸੁਰੇਸ਼ ਪ੍ਰਭੂ  ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ। ਇਸ ਮੌਕੇ ੳੁਨ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਿੱਖ ਕੌਮ ਦੇ ਦੋ ਤਖ਼ਤਾਂ ਅਕਾਲ ਤਖ਼ਤ ਤੇ ਤਖ਼ਤ ਸ੍ਰੀ ਕੇਸਗਡ਼੍ਹ ਸਾਹਿਬ ਨੂੰ ਆਪਸ ਵਿੱਚ ਜੋੜਨ ਵਾਲੀ ਰੇਲ ਗੱਡੀ ਨੂੰ ਹਰੀ ਝੰਡੀ ਵਿਖਾੲੀ।
ਇਸ ਮੌਕੇ ਸ੍ਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਇਸ ਤੋਂ ਪਹਿਲਾਂ ੳੁਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਮੌਕੇ ਆਏ ਸਨ। ੳੁਨ੍ਹਾਂ ਨੂੰ ਖ਼ੁਸ਼ੀ ਹੈ ਕਿ ਇਕ ਵਾਰ ਫਿਰ ਇੱਥੇ ਆਉਣ ਦਾ ਮੌਕਾ ਮਿਲਿਆ ਹੈ। ਰੇਲ ਗੱਡੀ ਨੂੰ ਰਵਾਨਾ ਕਰਨ ਤੋਂ ਪਹਿਲਾਂ ੳੁਨ੍ਹਾਂ ਕਿਹਾ ਕਿ ਦੋ ਤਖ਼ਤਾਂ ਨੂੰ ਜੋੜਨ ਵਾਲੀ ਇਹ ਰੇਲ ਗੱਡੀ ਵਿਸਾਖੀ ਦੇ ਸ਼ੁੱਭ ਦਿਹਾੜੇ ਤੋਂ ਰੋਜ਼ਾਨਾ ਚੱਲਿਆ ਕਰੇਗੀ। ੳੁਨ੍ਹਾਂ ਮੰਤਰਾਲੇ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਗੱਡੀ ਵਿੱਚ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਇਸ ਵਿੱਚ ਸਫ਼ਰ ਕਰਨ ਦੇ ਨਾਲ ਗੁਰਬਾਣੀ ਵੀ ਯਾਤਰੂਆਂ ਦੇ ਕੰਨਾਂ ਤੱਕ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਆਦਰਸ਼ ਮਾਡਲ ਰੇਲਵੇ ਸਟੇਸ਼ਨ ਬਣਾੳੁਣ ਲੲੀ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ, ਗੜਸ਼ੰਕਰ ਨਾਲ ਲਗਦੇ 6 ਆਰਓਬੀ (ਰੇਲਵੇ ਓਵਰ ਬ੍ਰਿਜ) ਬਣਾਉਣ ਦਾ ਰੇਲਵੇ ਮੰਤਰੀ ਨੇ ਐਲਾਨ ਕੀਤਾ ਅਤੇ ਕਿਹਾ ਕਿ ਦੇਸ਼ ਭਰ ਵਿੱਚ 900 ਆਰਓਬੀ ਅਤੇ ਆਰਯੂਬੀ (ਰੇਲਵੇ ਅੰਡਰ ਬ੍ਰਿਜ) ਬਣਾਉਣ ਜਾ ਰਹੇ ਹਨ, ਉੱਥੇ ਹੀ 3500 ਰੋਡੇ ਫਾਟਕਾਂ ’ਤੇ ਯੋਗ ਪ੍ਰਬੰਧ ਕਰਨ ਲਈ ਰਾਸ਼ੀ ਜਾਰੀ ਕਰ ਦਿੱਤੀ ਹੈ।ਇਸ ਮੌਕੇ ੳੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੇਲ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਥਾਨਕ ਲੋਕਾਂ ਦੀ ਅਤੇ ਸਮੁੱਚੀ ਸਿੱਖ ਕੌਮ ਦੀ ਚਿਰੋਕਣੀ ਮੰਗ ਸੀ, ਜੋ ਪੂਰੀ ਹੋਈ ਹੈ। ਸਮਾਗਮ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸਿਕੰਦਰ ਸਿੰਘ ਮਲੂਕਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਡਾ. ਦਿਲਜੀਤ ਸਿੰਘ ਭਿੰਡਰ, ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਸੁਖਵਿੰਦਰ ਸਿੰਘ ਗਰੇਵਾਲ, ਬੇਦੀ ਇੰਦਰਜੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਬਸੰਤ ਅਤੇ ਜਗਤਾਰ ਸਿੰਘ ਭੈਣੀ ਹਾਜ਼ਰ ਸਨ।
ਬੰਗਾ ਤੋਂ ਸੁਰਜੀਤ ਮਜਾਰੀ ਅਨੁਸਾਰ: ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਇੱਥੇ ਦੱਸਿਆ ਕਿ ਜਲਦੀ ਕੇਂਦਰ ਅਤੇ ਪੰਜਾਬ ਦੀ ਭਾਈਵਾਲੀ ਵਾਲੀ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸਾਂਝੀ ਰੇਲ ਕੰਪਨੀ ਸਥਾਪਤ ਕੀਤੀ ਜਾਵੇਗੀ ਤਾਂ ਜੋ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ ਨੂੰ ਅਤਿ ਆਧੁਨਿਕ ਬਣਾਉਣ ਤੇ ਨਵੀਆਂ ਰੇਲ ਲਾਈਨਾਂ ਵਿਛਾਈਆਂ ਜਾ ਸਕਣ। ਇੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸ਼ਰਧਾ ਸੁਮਨ ਭੇਟ ਕਰਨ ਮਗਰੋਂ ਰੇਲ ਮੰਤਰੀ ਨੇ ਕਿਹਾ ਕਿ ਇਸ ਸਾਂਝੇ ਪ੍ਰਾਜੈਕਟ ਤਹਿਤ ਰਾਜ ਵਿੱਚ ਰੇਲਵੇ ਲਾਈਨਾਂ ਤੋਂ ਸੱਖਣੇ ਸ਼ਹਿਰਾਂ ਨੂੰ ਆਪਸ ਵਿੱਚ ਜੋੜਿਆ ਜਾਵੇਗਾ ਅਤੇ ਮਹੱਤਵਪੂਰਨ ਸਟੇਸ਼ਨਾਂ ਦੀ ਵਪਾਰਕ ਪੱਖੋਂ ਕਾਇਆ ਕਲਪ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਪਹਿਲ ਦੇ ਅਾਧਾਰ ’ਤੇ ਅਤਿ ਸੁੰਦਰ ਅਤੇ ਵਪਾਰਕ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ।
ਸ਼ਰਧਾਂਜਲੀ ਸਮਾਗਮ ਦੌਰਾਨ ਰੇਲ ਮੰਤਰੀ ਨੇ ਕਿਹਾ ਕਿ ਖਟਕੜ ਕਲਾਂ ਅਤੇ ਨਵਾਂਸ਼ਹਿਰ ਦੇ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਜੇਜੋਂ ਦੋਆਬਾ-ਨਵਾਂਸ਼ਹਿਰ-ਖਟਕੜ ਕਲਾਂ-ਅੰਮ੍ਰਿਤਸਰ ਰੇਲ ਸੇਵਾ ਨੂੰ ਬਹਾਲ ਕੀਤਾ ਜਾਵੇਗਾ। ੲਿਸ ਮੌਕੇ ੳੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੇਲਵੇ ਮੰਤਰੀ ਤੋਂ ਮੰਗ ਕੀਤੀ ਕਿ ਮਾਲਵੇ ਨੂੰ ਪੰਜਾਬ ਦੀ ਰਾਜਧਾਨੀ ਨਾਲ ਜੋੜਨ ਲਈ ਰਾਜਪੁਰਾ-ਮੁਹਾਲੀ ਰੇਲ ਲਿੰਕ ਤੋਂ ਇਲਾਵਾ ਪੰਜਾਬ ਨੂੰ ਹਿਮਾਚਲ ਨਾਲ ਜੋੜਨ ਲਈ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਨਵੀਂ ਰੇਲ ਲਾਈਨ ਵਿਛਾਈ ਜਾਵੇ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਜੀਤ ਸਿੰਘ ਕੁਹਾੜ ਤੇ ਸੋਹਣ ਸਿੰਘ ਠੰਡਲ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਡਾ. ਸੁਖਵਿੰਦਰ ਕੁਮਾਰ ਸੁੱਖੀ, ਯੂਥ ਅਕਾਲੀ ਆਗੂ ਸੁਖਦੀਪ ਸਿੰਘ ਸ਼ੁਕਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਸੁਰਜੀਤ ਸਿੰਘ ਝਿੰਗੜ ਹਾਜ਼ਰ ਸਨ।

Facebook Comment
Project by : XtremeStudioz