Close
Menu

ਦੋ ਦਹਾਕੇ ਮਗਰੋਂ ਸੈਮੀ ਫਾਈਨਲ ’ਚ ਪਹੁੰਚਣ ਲਈ ਖੇਡੇਗਾ ਕ੍ਰੋਏਸ਼ੀਆ

-- 07 July,2018

ਸੋਚੀ, ਕ੍ਰੋਏਸ਼ੀਆ 1998 ਮਗਰੋਂ ਪਹਿਲੀ ਵਾਰ ਫੁਟਬਾਲ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰਨ ਦੇ ਇਰਾਦੇ ਨਾਲ ਭਲਕੇ ਮੇਜ਼ਬਾਨ ਰੂਸ ਖ਼ਿਲਾਫ਼ ਕੁਆਰਟਰ ਫਾਈਨਲ ਵਿੱਚ ਉਤਰੇਗਾ। ਕ੍ਰੋਏਸ਼ੀਆ ਨੇ ਆਜ਼ਾਦ ਮੁਲਕ ਬਣਨ ਮਗਰੋਂ ਪਹਿਲੀ ਵਾਰ ਦੋ ਦਹਾਕੇ ਪਹਿਲਾਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਮਗਰੋਂ ਸੈਮੀ ਫਾਈਨਲ ਤਕ ਦਾ ਸਫ਼ਰ ਤੈਅ ਕੀਤਾ ਸੀ। ਫੁਟਬਾਲ ਵਿਸ਼ਵ ਕੱਪ ਵਿੱਚ ਐਤਕੀਂ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ, ਪਰ ਕ੍ਰੋਏਸ਼ੀਆ ਨੂੰ ਆਖਰੀ ਅੱਠਾਂ ਦੇ ਮੁਕਾਬਲੇ ’ਚ ਇਸ ਤੋਂ ਚੰਗੀ ਕਾਰਗੁਜ਼ਾਰੀ ਵਿਖਾਉਣ ਦਾ ਮੌਕਾ ਸ਼ਾਇਦ ਹੀ ਮਿਲੇ। ਟੀਮ ਨੇ 1998 ਵਿੱਚ ਕੁਆਰਟਰ ਫਾਈਨਲ ਵਿੱਚ ਜਰਮਨੀ ਨੂੰ 3-0 ਦੀ ਸ਼ਿਕਸਤ ਦਿੱਤੀ ਸੀ। ਜਲਾਟਕੋ ਡਾਲਿਚ ਟੀਮ ਨੇ ਗਰੁੱਪ ਗੇੜ ਵਿੱਚ ਅਰਜਨਟੀਨਾ ਜਿਹੀ ਮਜ਼ਬੂਤ ਦਾਅਵੇਦਾਰ ਖ਼ਿਲਾਫ਼ ਨਿਡਰ ਖੇਡ ਦੇ ਸਹਾਰੇ 3-0 ਦੀ ਜਿੱਤ ਦਰਜ ਕੀਤੀ ਸੀ।  ਕ੍ਰੋਏਸ਼ੀਆ ਨੇ ਨਾਇਜੀਰੀਆ ਤੇ ਆਈਸਲੈਂਡ ਨੂੰ ਵੀ ਸ਼ਿਕਸਤ ਦਿੱਤੀ ਤੇ ਆਪਣੇ ਗਰੁੱਪ ’ਚ ਸਭ ਤੋਂ ਮਜ਼ਬੂਤ ਟੀਮ ਰਹੀ।
ਕ੍ਰੋਏਸ਼ੀਆ ਨੇ ਨਾਕਆਊਟ ਗੇੜ ਦੇ ਪਹਿਲੇ ਮੁਕਾਬਲੇ ਵਿੱਚ ਡੈਨਮਾਰਕ ਨੂੰ ਪੈਨਲਟੀ ਵਿੱਚ ਹਰਾਇਆ। ਡਿਫੈਂਸ ਲਾਈਨ ’ਚ ਖੇਡਦੇ ਡੋਮਾਗੋਜ ਵਿਦਾ ਨੇ ਕਿਹਾ, ‘ਅਸੀਂ ਇਸ ਵਿਸ਼ਵ ਕੱਪ ’ਚ ਸਾਬਤ ਕੀਤਾ ਹੈ ਕਿ ਸਾਨੂੰ ਵੀ ਵੱਡੇ ਸੁਫ਼ਨੇ ਵੇਖਣ ਦਾ ਅਧਿਕਾਰ ਹੈ। ਅਸਲ ਵਿੱਚ ਅਸੀਂ ਚੰਗਾ ਖੇਡ ਰਹੇ ਹਾਂ ਤੇ ਸਾਡੇ ਕੋਲ ਅਜਿਹੇ ਖਿਡਾਰੀ ਹਨ, ਜਿਨ੍ਹਾਂ ’ਤੇ ਯਕੀਨੀ ਤੌਰ ’ਤੇ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ ਕਿ ਉਹ ਟੀਮ ਨੂੰ ਅਖੀਰ ਤਕ ਲਿਜਾਣ ਦੇ ਸਮਰੱਥ ਹਨ।’ ਟੀਮ ਵਿੱਚ ਲੁਕਾ ਮੋਡਰਿਕ ਜਿਹੇ ਸ਼ਾਨਦਾਰ ਖਿਡਾਰੀ ਹਨ, ਜਿਨ੍ਹਾਂ ਨੂੰ ਇਵਾਨ ਰਾਕਿਟਿਕ ਤੇ ਮਾਰੀਓ ਮੰਡਜ਼ੁਕਿਚ ਜਿਹੇ ਖਿਡਾਰੀਆਂ ਦਾ ਸਾਥ ਹੈ। ਟੀਮ ਦੇ ਖਿਡਾਰੀ ਇਵਾਨ ਪੇਰਿਸਿਚ ਨੇ ਮੋਡਰਿਕ ਦੀ ਤਾਰੀਫ਼ ਕਰਦਿਆਂ ਕਿਹਾ, ‘ਉਹ ਸਾਡੇ ਕਪਤਾਨ ਹਨ, ਸਾਡੀ ਅਗਵਾਈ ਕਰਦੇ ਹਨ, ਅਸੀਂ ਸਾਰੇ ਉਨ੍ਹਾਂ ਦੀ ਪਿੱਠ ’ਤੇ ਖੜ੍ਹੇ ਹਾਂ।’ ਰਿਆਲ ਮਡਰਿਡ ਦਾ ਇਹ ਖਿਡਾਰੀ ਸ਼ਾਇਦ ਟੂਰਨਾਮੈਂਟ ਦੇ ਸਭ ਤੋਂ ਚੰਗੇ ਮਿਡ ਫੀਲਡਰਾਂ ’ਚੋਂ ਇਕ ਹੈ। ਟੀਮ ਦੇ 16 ਖਿਡਾਰੀ ਯੂਰੋਪ ਦੀਆਂ ਪੰਜ ਵੱਡੀਆਂ ਲੀਗ ਟੀਮਾਂ ਲਈ ਖੇਡਦੇ ਹਨ।
ਉਧਰ ਕ੍ਰੋਏਸ਼ੀਆ ਨੂੰ ਮੇਜ਼ਬਾਨ ਰੂਸ ਨੂੰ ਕਮਜ਼ੋਰ ਕਰ ਕੇ ਜਾਣਨਾ ਭਾਰੀ ਪੈ ਸਕਦਾ ਹੈ। ਦਰਜਾਬੰਦੀ ਦੇ ਮਾਮਲੇ ਵਿੱਚ ਰੂਸ ਭਾਵੇਂ ਵਿਸ਼ਵ ਕੱਪ ਵਿੱਚ ਸ਼ਾਮਲ ਟੀਮਾਂ ’ਚੋਂ ਸਭ ਤੋਂ ਹੇਠਲੀ ਪਾਇਦਾਨ ’ਤੇ ਹੈ, ਪਰ ਘਰੇਲੂ ਦਰਸ਼ਕਾਂ ਦੀ ਹਮਾਇਤ ਨਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗਰੁੱਪ ਗੇੜ ਵਿੱਚ ਸਾਊਦੀ ਅਰਬ ਤੇ ਮਿਸਰ ਨੂੰ ਇਕਤਰਫ਼ਾ ਮੁਕਾਬਲੇ ’ਚ ਮਾਤ ਦੇਣ ਮਗਰੋਂ ਰੂਸ ਨੂੰ ਯੁਰੂਗੁਏ ਤੋਂ ਹਾਰ ਝੱਲਣੀ ਪਈ ਸੀ। ਰੂਸ ਸ਼ੁਰੂਆਤੀ ਦੋ ਮੈਚਾਂ ’ਚ ਅੱਠ ਗੋਲ ਕਰਕੇ ਆਪਣੇ ਇਰਾਦੇ ਸਾਫ਼ ਕਰ ਚੁੱਕਾ ਹੈ। ਮੇਜ਼ਬਾਨਾਂ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਸਪੇਨ ਜਿਹੀ ਮਜ਼ਬੂਤ ਟੀਮ ਨੂੰ ਬਾਹਰ ਦਾ ਰਾਹ ਵਿਖਾਇਆ ਹੈ। ਕ੍ਰੋਏਸ਼ੀਆ ਨੂੰ ਮੈਦਾਨ ’ਤੇ ਰੂਸ ਨਾਲ ਜੂਝਣ ਤੋਂ ਇਲਾਵਾ ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਦਾ ਵੀ ਟਾਕਰਾ ਕਰਨਾ ਹੋਵੇਗਾ, ਜੋ ਟੀਮ ਲਈ 12ਵੇਂ ਖਿਡਾਰੀ ਵਜੋਂ ਹੋਣਗੇ।   

Facebook Comment
Project by : XtremeStudioz