Close
Menu

ਦੱਖਣੀ ਅਫਰੀਕਾ ਦੀ ਜ਼ਿੰਬਾਬਵੇ ’ਤੇ ਹੂੰਝਾ ਫੇਰ ਜਿੱਤ

-- 08 October,2018

ਪਾਰਲ, ਸਲਾਮੀ ਬੱਲੇਬਾਜ਼ ਰਿਜ਼ਾ ਹੈਂਡ੍ਰਿਕਸ ਅਤੇ ਹੈਨਰਿਚ ਕਲਾਸੈਨ ਦੀਆਂ ਨੀਮ ਸੈਂਕੜਾ ਪਾਰੀਆਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਇੱਥੇ ਜ਼ਿੰਬਾਬਵੇ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ 3-0 ਨਾਲ ਹੂੰਝਾ ਫੇਰ ਦਿੱਤਾ। ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿੱਚ 228 ਦੌੜਾਂ ਬਣਾਈਆਂ।
ਦੱਖਣੀ ਅਫਰੀਕਾ ਨੇ 4.1 ਓਵਰ ਬਾਕੀ ਰਹਿੰਦਿਆਂ ਹੀ ਛੇ ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰਕੇ ਜ਼ਿੰਬਾਬਵੇ ਨੂੰ ਮਾਤ ਦਿੱਤੀ। ਹੈਂਡ੍ਰਿਕਸ ਨੇ 66 ਅਤੇ ਕਲਾਸੈਨ ਨੇ 59 ਦੌੜਾਂ ਬਣਾਈਆਂ। ਹੈਂਡ੍ਰਿਕਸ ਨੇ ਪਹਿਲੀ ਵਿਕਟ ਲਈ ਐਡਿਨ ਮਾਰਕਰਮ ਨਾਲ 75 ਦੌੜਾਂ ਦੀ ਸਾਂਝੇਦਾਰੀ ਕੀਤੀ। ਉਸ ਨੇ 82 ਗੇਂਦਾਂ ਦੀ ਪਾਰੀ ਵਿੱਚ ਪੰਜ ਚੌਕੇ ਅਤੇ ਇੱਕ ਛੱਕਾ ਮਾਰਿਆ। ‘ਮੈਨ ਆਫ ਦਿ ਮੈਚ’ ਕਲਾਸੈਨ ਨੇ 67 ਗੇਂਦਾਂ ਦੀ ਪਾਰੀ ਵਿੱਚ ਛੇ ਚੌਕੇ ਅਤੇ ਇੱਕ ਛੱਕਾ ਮਾਰਿਆ। ਉਸ ਨੇ ਦੋ ਕੈਚ ਅਤੇ ਇੱਕ ਸਟੰਪ ਵੀ ਕੀਤਾ।
ਇਸ ਤੋਂ ਪਹਿਲਾਂ ਸੀਨ ਵਿਲੀਅਮਜ਼ ਦੇ ਨੀਮ ਸੈਂਕੜੇ ਨਾਲ ਜ਼ਿੰਬਾਬਵੇ ਲੜੀ ਵਿੱਚ ਪਹਿਲੀ ਵਾਰ ਚੁਣੌਤੀ ਪੂਰਨ ਸਕੋਰ ਬਣਾ ਸਕਿਆ। ਵਿਲੀਅਮਜ਼ ਨੇ 79 ਗੇਂਦਾਂ ਵਿੱਚ ਦਸ ਚੌਕੇ ਮਾਰ ਕੇ 69 ਦੌੜਾਂ ਦੀ ਪਾਰੀ ਖੇਡੀ। ਉਸ ਨੇ ਅਤੇ ਬ੍ਰੈਂਡਨ ਟੇਲਰ (40 ਦੌੜਾਂ) ਨੇ ਬੱਲੇਬਾਜ਼ੀ ਲਈ ਚੰਗੀ ਪਿੱਚ ’ਤੇ ਚੌਥੇ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਨਿਭਾਈ। ਟੇਲਰ ਇਸ ਦੌਰਾਨ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਛੇ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਆਪਣੇ ਦੇਸ਼ ਦਾ ਤੀਜ਼ਾ ਬੱਲੇਬਾਜ਼ ਬਣ ਗਿਆ। ਇਸ ਤੋਂ ਪਹਿਲਾਂ ਇਹ ਕਾਰਨਾਮਾ ਐਂਡੀ ਅਤੇ ਗ੍ਰਾਂਟ ਫਲਾਵਰ ਹੀ ਕਰ ਸਕੇ ਹਨ।
ਜ਼ਿੰਬਾਬਵੇ ਨੂੰ ਪਹਿਲੇ ਦੋ ਮੈਚਾਂ ਵਿੱਚ 117 ਅਤੇ 78 ਦੌੜਾਂ ਨਾਲ ਹਾਰ ਝੱਲਣੀ ਪਈ ਸੀ। ਦੋਵੇਂ ਟੀਮਾਂ ਹੁਣ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਵਿੱਚ ਇੱਕ ਦੂਜੇ ਖ਼ਿਲਾਫ਼ ਖੇਡਣਗੇ, ਜੋ ਮੰਗਲਵਾਰ ਤੋਂ ਸ਼ੁਰੂ ਹੋਵੇਗੀ।

Facebook Comment
Project by : XtremeStudioz