Close
Menu

ਦੱਖਣੀ ਅਫ਼ਰੀਕਾ ਨੂੰ ਹਰਾ ਕੇ ਫਾਈਨਲ ‘ਚ ਪਹੁੰਚਿਆ ਨਿਉਜੀਲੈਂਡ

-- 24 March,2015

ਆਕਲੈਂਡ- ਨਿਊਜ਼ੀਲੈਂਡ ਨੇ ਅੱਜ ਇਤਿਹਾਸ ਰੱਚਦੇ ਹੋਏ ਵਿਸ਼ਵ ਕੱਪ 2015 ਦੇ ਪਹਿਲੇ ਜਬਰਦਸਤ ਰੋਮਾਂਚਕ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੂੰ 4 ਵਿਕਟਾਂ ਨਾਲ ਹਰਾ ਕੇ ਆਈਸੀਸੀ ਵਿਸ਼ਵ ਕੱਪ ਦੇ ਫਾਈਨਲ ‘ਚ ਪਹਿਲੀ ਵਾਰ ਥਾਂ ਬਣਾਈ ਹੈ।
ਨਿਊਜ਼ੀਲੈਂਡ ਇਸ ਤੋਂ ਪਹਿਲਾਂ 9 ਵਾਰ ਸੈਮੀਫਾਈਨਲ ਖੇਡਿਆ ਪਰ ਇਕ ਵਾਰ ਵੀ ਫਾਈਨਲ ‘ਚ ਨਹੀਂ ਪਹੁੰਚ ਸਕਿਆ ਸੀ। ਦੂਜੇ ਪਾਸੇ ਦੱਖਣੀ ਅਫਰੀਕਾ ਦੀ ਬਦਕਿਸਮਤੀ ਕਿ ਉਹ ਵੀ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ‘ਚ ਪੁੱਜਣ ਦਾ ਕੀਰਤੀਮਾਨ ਨਹੀਂ ਬਣਾ ਸਕਿਆ। ਇਸ ਸੈਮੀਫਾਈਨਲ ਨੂੰ ਪਾ ਕੇ ਉਸ ਨੂੰ ਹੁਣ ਤੱਕ 10 ਸੈਮੀਫਾਈਨਲਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ।
ਦੱਖਣੀ ਅਫਰੀਕਾ ਵਲੋਂ ਮਿਲੇ 298 ਦੌੜਾਂ ਦੇ ਟੀਚੇ ਦੇ ਜਵਾਬ ‘ਚ ਕੀਵੀ ਟੀਮ ਨੇ 6 ਵਿਕਟਾਂ ਦੇ ਨੁਕਸਾਨ ‘ਤੇ 299 ਦੌੜਾਂ ਬਣਾ ਕੇ 1 ਗੇਂਦ ਰਹਿੰਦਿਆਂ 4 ਵਿਕਟਾਂ ਨਾਲ ਜਿੱਤ ਦਰਜ ਕਰ ਲਈ।

ਕਪਤਾਨ ਬ੍ਰੈਂਡਨ ਮੈਕੂਲਮ ਨੇ 26 ਗੇਂਦਾਂ ‘ਚ 8 ਚੌਕਿਆਂ ਤੇ 4 ਛੱਕਿਆਂ ਨਾਲ 59 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਪਿਛਲੇ ਮੈਚ ‘ਚ ਦੋਹਰਾ ਸੈਂਕੜਾ ਜੜ੍ਹਨ ਵਾਲਾ ਗੁਪਟਿਲ ਇਸ ਮੈਚ ‘ਚ 34 ਦੌੜਾਂ ਦੇ ਨਿੱਜੀ ਸਕੋਰ ‘ਤੇ ਰਨ-ਆਊਟ ਹੋ ਗਿਆ। ਕੇਨ ਵਿਲੀਅਮਸ (6) ਵੀ ਕੁਝ ਖਾਸ ਨਹੀਂ ਕਰ ਸਕਿਆ। ਜਦਕਿ ਰਾਸ ਟੇਲਰ ਨੇ 30 ਦੌੜਾਂ ਬਣਾਈਆਂ। ਪਰ ਗ੍ਰਾਂਟ ਇਲੀਅਟ ਤੇ ਕੋਰੀ ਐਂਡਰਸਨ ਨੇ 5ਵੀਂ ਵਿਕਟ ਲਈ 103 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਟੀਚੇ ਦੇ ਨਜਦੀਕ ਲੈ ਆਂਦਾ। ਐਂਡਰਸਨ (58) ਜਦੋਂ ਆਊਟ ਹੋਇਆ, ਉਸ ਸਮੇਂ ਕੀਵੀ ਟੀਮ ਦਾ ਸਕੋਰ 5 ਵਿਕਟਾਂ ‘ਤੇ 252 ਸੀ। ਵਿਕਟਕੀਪਰ ਲਿਊਕ ਰੋਂਚੀ ਮਗਰੇ ਹੀ 8 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਜਿੱਤ ਦਾ ਸਾਰਾ ਭਾਰ ਗ੍ਰਾਂਟ ਇਲੀਅਟ ਦੇ ਮੋਢਿਆਂ ‘ਤੇ ਆ ਗਿਆ ਅਤੇ ਉਸ ਨੇ ਇਸ ਨੂੰ ਬਾਖੂਬੀ ਨਾਲ ਨਿਭਾਉਂਦੇ ਹੋਏ ਸੈਕਿੰਡ ਲਾਸਟ ਗੇਂਦ ‘ਤੇ ਛੱਕਾ ਜੜ੍ਹ ਕੇ ਕੀਵੀ ਟੀਮ ਨੂੰ ਇਤਿਹਾਸਿਕ ਜਿੱਤ ਦਿਵਾ ਦਿੱਤੀ। ਉਸ ਨੇ 73 ਗੇਂਦਾਂ ‘ਚ 7 ਚੌਕਿਆਂ ਤੇ 3 ਛੱਕਿਆਂ ਨਾਲ 84* ਦੌੜਾਂ ਦੀ ਮੈਚ ਜਿਤਾਊ ਪਾਰੀ ਖੇਡੀ। ਉਸ ਦੇ ਨਾਲ ਡੇਨੀਅਲ ਵਿਟੋਰੀ 8 ਦੌੜਾਂ ਬਣਾ ਕੇ ਅਜੇਤੂ ਰਿਹਾ।
ਦੱਖਣੀ ਅਫਰੀਕਾ ਵਲੋਂ ਮੋਰਨੀ ਮੋਰਕਲ ਨੇ 3 ਵਿਕਟਾਂ ਝਟਕਾਈਆਂ, ਜਦਕਿ ਡੇਲ ਸਟੇਨ ਤੇ ਜੇਪੀ ਡੂਮਨੀ ਨੂੰ ਇਕ-ਇਕ ਵਿਕਟ ਮਿਲੀ।

ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਅੱਗੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 43 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 281 ਰਨ ਬਣਾਏ। ਡਕਵਰਥ ਲੂਈਸ ਨਿਯਮ ਦੇ ਆਧਾਰ ‘ਤੇ ਨਿਊਜ਼ੀਲੈਂਡ ਨੂੰ 43 ਓਵਰਾਂ ‘ਚ 298 ਦੌੜਾਂ ਦਾ ਟੀਚਾ ਮਿਲਿਆ।
ਮੀਂਹ ਪੈਣ ਕਾਰਨ 50 ਓਵਰਾਂ ਦੇ ਮੈਚ ਨੂੰ ਘਟਾ ਕੇ 43-43 ਓਵਰਾਂ ਦਾ ਕਰ ਦਿੱਤਾ ਗਿਆ।
ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਹਾਸ਼ਿਮ ਅਮਲਾ (10) ਦੇ ਰੂਪ ‘ਚ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਲੱਗਾ। ਇਸ ਦੇ ਮਗਰੇ ਹੀ ਕਵਿੰਟਨ ਡੀ ਕਾਕ 14 ਦੌੜਾਂ ਬਣਾ ਕੇ ਆਊਟ ਹੋ ਗਿਆ। 31 ਦੌੜਾਂ ‘ਤੇ 2 ਵਿਕਟਾਂ ਡਿੱਗਣ ਮਗਰੋਂ ਫਾਫ ਡੂ ਪਲੇਸਿਸ ਤੇ ਰਿਲੀ ਰਸੋਵ ਨੇ ਸੰਭਲ ਕੇ ਬੱਲੇਬਾਜ਼ੀ ਕੀਤੀ ਅਤੇ ਟੀਮ ਦਾ ਸਕੋਰ 100 ਤੋਂ ਪਾਰ ਪਹੁੰਚਾਇਆ। ਪਲੇਸਿਸ ਨੇ ਪਹਿਲਾਂ ਰੁਸੋਵ (39) ਨਾਲ ਤੀਜੀ ਵਿਕਟ ਲਈ 83 ਤੇ ਫਿਰ ਡਿਵੀਲੀਅਰਜ਼ ਨਾਲ ਚੌਥੀ ਵਿਕਟ ਲਈ 103 ਦੌੜਾਂ ਦੀ ਸਾਂਝੇਦਾਰੀ ਕੀਤੀ। ਪਲੇਸਿਸ 107 ਗੇਂਦਾਂ ‘ਚ 82 ਦੌੜਾਂ ਬਣਾ ਕੇ ਆਊਟ ਹੋਇਆ। ਜਦੋਂ ਦੱਖਣੀ ਅਫਰੀਕਾ ਦਾ ਸਕੋਰ 38 ਓਵਰ ਤੱਕ 3 ਵਿਕਟਾਂ ‘ਤੇ 216 ਰਨ ਸੀ ਤਾਂ ਮੀਂਹ ਆਉਣ ਕਾਰਨ ਮੈਚ ਨੂੰ 2 ਘੰਟਿਆਂ ਲਈ ਰੋਕਣਾ ਪਿਆ ਅਤੇ ਬਾਅਦ ‘ਚ ਮੈਚ ਦੇ 7-7 ਓਵਰ ਘਟਾ ਦਿੱਤੇ ਗਏ। ਅਖ਼ੀਰ ‘ਤੇ ਕਪਤਾਨ ਡਿਵੀਲੀਅਰਜ਼ ਤੇ ਡੇਵਿਡ ਮਿਲਰ ਨੇ ਤੂਫ਼ਾਨੀ ਬੱਲੇਬਾਜ਼ੀ ਕੀਤੀ। ਮਿਲਰ ਨੇ 18 ਗੇਂਦਾਂ ‘ਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 49 ਦੌੜਾਂ ਬਣਾਈਆਂ।
ਡਿਵੀਲੀਅਰਜ਼ ਨੇ 45 ਗੇਂਦਾਂ ‘ਚ 8 ਚੌਕਿਆਂ ਤੇ 1 ਛੱਕੇ ਨਾਲ 65 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਦੇ ਨਾਲ ਜੇਪੀ ਡੂਮਨੀ 8 ਦੌੜਾਂ ਬਣਾ ਕੇ ਅਜੇਤੂ ਰਿਹਾ।
ਨਿਊਜ਼ੀਲੈਂਡ ਵਲੋਂ ਕੋਰੀ ਐਂਡਰਸਨ ਨੇ ਸਭ ਤੋਂ ਵੱਧ 3 ਵਿਕਟਾਂ ਝਟਕਾਈਆਂ ਜਦਕਿ ਟਿਮ ਸਾਊਥੀ ਨੂੰ 2 ਵਿਕਟਾਂ ਹਾਸਲ ਹੋਈਆਂ।

ਗ੍ਰਾਂਟ ਇਲੀਅਟ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ।

Facebook Comment
Project by : XtremeStudioz