Close
Menu

ਧਡ਼ਿਆਂ ਵਿੱਚ ਵੰਡੀ ਕਾਂਗਰਸ ਵਿੱਚ ਉਥਲ-ਪੁਥਲ ਦੇ ਆਸਾਰ

-- 27 February,2015

ਚੰਡੀਗੜ੍, ਪੰਜਾਬ ਦੀਆਂ ਮਿੳੁਂਸਿਪਲ ਚੋਣਾਂ ਵਿੱਚ ਕਾਂਗਰਸ ਦੀ ਵਿਆਪਕ ਪੱਧਰ ’ਤੇ ਹੋਈ ਹਾਰ ਨਾਲ ਪੰਜਾਬ ਕਾਂਗਰਸ ਵਿੱਚ ਵੱਡੀ ਉਥਲ-ਪੁਥਲ ਦੇ ਅਸਾਰ ਬਣ ਗਏ ਹਨ। ਜਿੱਥੇ ਕੈਪਟਨ ਖੇਮੇ ਨੇ ਤੈਅਸ਼ੁਦਾ ਨੀਤੀ ਅਧੀਨ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਅਸਤੀਫ਼ੇ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਹੈ, ਉਥੇ ਬਾਜਵਾ ਧੜਾ ਵੀ ਨਵੀਂ ਪੈਂਤੜੇਬਾਜ਼ੀ ਦਾ ਰਾਹ ਲੱਭ ਰਿਹਾ ਹੈ।
ਉਂਜ ਕੁੱਲ ਮਿਲਾ ਕੇ ਇਨ੍ਹਾਂ ਚੋਣਾਂ ਵਿੱਚ ਹੋਈ ਹਾਰ ਕਾਰਨ ਸ੍ਰੀ ਬਾਜਵਾ ਚੁਫੇਰਿਓਂ ਘਿਰ ਗਏ ਹਨ ਕਿਉਂਕਿ ਚੋਣਾਂ ਵਿੱਚ ਸੀਟਾਂ ਦੀ ਵੰਡ ਦੇ ਅਧਿਕਾਰ ਤਕਰੀਬਨ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਥ ਹੀ ਸਨ। ਜਿੱਥੇ ਚੋਣ ਪ੍ਰਕਿਰਿਆ ਦੌਰਾਨ ਹੀ ਬਟਾਲਾ ਦੇ ਵਿਧਾਇਕ ਅਸ਼ਵਨੀ ਸੇਖੜੀ ਅਤੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਬਾਜਵਾ ਵਿਰੁੱਧ ਸਿੱਧੀ ਸ਼ਬਦੀ ਜੰਗ ਸ਼ੁਰੂ ਕਰ ਦਿੱਤੀ ਸੀ, ਉਥੇ ਨਤੀਜਾ ਆਉਂਦਿਆਂ ਹੀ ਲੋਕ ਸਭਾ ਵਿੱਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੜੇ ਲਪੇਟਵੇਂ ਸ਼ਬਦਾਂ ਵਿੱਚ ਬਾਜਵਾ ਉਪਰ ਵਾਰ ਸ਼ੁਰੂ ਕਰ ਦਿੱਤੇ ਹਨ। ਕੈਪਟਨ ਨੇ ਕਿਹਾ ਕਿ ਲੋਕਾਂ ਨੇ ਇਨ੍ਹਾਂ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋਡ਼ ਵਿਰੁੱਧ ਗੁੱਸਾ ਕੱਢਣ ਲਈ ਕਾਂਗਰਸ ਦੀ ਥਾਂ ਆਜ਼ਾਦ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ, ਜੋ ਪਾਰਟੀ ਲਈ ਖਤਰੇ ਦਾ ਘੁੱਗੂ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਨ੍ਹਾਂ ਚੋਣਾਂ ਦੌਰਾਨ ਆਜ਼ਾਦ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ, ਉਸ ਤੋਂ ਸੰਕੇਤ ਮਿਲੇ ਹਨ ਕਿ ਕਾਂਗਰਸ ਲੋਕਾਂ ਦੀਆਂ ਉਮੀਦਾਂ ਉਪਰ ਪੂਰੀ ਨਹੀਂ ਉਤਰੀ, ਜਿਸ ਕਾਰਨ ਪਾਰਟੀ ਨੂੰ ਹੁਣ ਤੋਂ ਹੀ ਸਖ਼ਤ ਮਿਹਨਤ ਕਰਨ ਦੀ ਲੋੜ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਸੱਤਾਧਾਰੀ ਗੱਠਜੋੜ ਤੋਂ ਨਾਖ਼ੁਸ਼ ਸਨ ਅਤੇ ਉਨ੍ਹਾਂ ਗਠਜੋੜ ਉਮੀਦਵਾਰਾਂ ਖ਼ਿਲਾਫ਼ ਵੋਟਾਂ ਵੀ ਪਾਈਆਂ ਪਰ ਇਹ ਵੋਟਾਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀ ਥਾਂ ਸਥਾਨਕ ਉਮੀਦਵਾਰਾਂ ਨੂੰ ਪੈਣੀਆਂ ਪਾਰਟੀ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਸ੍ਰੀ ਬਾਜਵਾ ਦਾ ਨਾਮ ਲਏ ਬਿਨਾਂ ੳੁਨ੍ਹਾਂ ਕਿਹਾ ਕਿ ਸਾਨੂੰ ਹੁਣ ਚੀਜ਼ਾਂ ਨੂੰ ਦਰੁਸਤ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਲੋਕ ਕਾਂਗਰਸ ਨੂੰ ਹੀ ਅਕਾਲੀ-ਭਾਜਪਾ ਗੱਠਜੋੜ ਦੇ ਵਿਕਲਪ ਵਜੋਂ ਚੁਣ ਸਕਣ। ਕੈਪਟਨ ਖੇਮੇ ਵੱਲੋਂ ਹੁਣ ਸ੍ਰੀ ਬਾਜਵਾ ਦੇ ਨਾਲ ਉਨ੍ਹਾਂ ਦੇ ਭਰਾ ਤੇ ਪਾਰਟੀ ਦੇ ਜਨਰਲ ਸਕੱਤਰ ਫਤਿਹ ਜੰਗ ਸਿੰਘ ਬਾਜਵਾ ਨੂੰ ਵੀ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ।
ਉਂਜ ਸ਼ਹਿਰੀ ਚੋਣਾਂ ਦੌਰਾਨ ਕੈਪਟਨ ਕਿਧਰੇ ਵੀ ਸਰਗਰਮ ਨਜ਼ਰ ਨਹੀਂ ਆਏ ਪਰ ਪਾਰਟੀ ਦੀ ਹਾਰ ਤੋਂ ਬਾਅਦ ਉਹ ਸ੍ਰੀ ਬਾਜਵਾ ਨੂੰ ਘੇਰਨ ਲਈ ਯਕਦਮ ਹਰਕਤ ਵਿੱਚ ਆ ਗਏ ਜਾਪਦੇ ਹਨ। ਇਹ ਹਾਰ ਸ੍ਰੀ ਬਾਜਵਾ ਨੂੰ ਮਹਿੰਗੀ ਪੈ ਸਕਦੀ ਹੈ ਕਿਉਂਕਿ ਕੈਪਟਨ ਖੇਮੇ ਵੱਲੋਂ ਪਹਿਲਾਂ ਹੀ ਅੰਮ੍ਰਿਤਸਰ ਵਿਖੇ ਲਲਕਾਰ ਰੈਲੀ ਕਰ ਕੇ ਹਾਈ ਕਮਾਂਡ ਉਪਰ ਸ੍ਰੀ ਬਾਜਵਾ ਨੂੰ ਚੱਲਦਾ ਕਰਨ ਲਈ ਤਕੜਾ ਦਬਾਅ ਪਾਇਆ ਗਿਆ ਹੈ। ਸ੍ਰੀ ਬਾਜਵਾ ਨੇ ਲਲਕਾਰ ਰੈਲੀ ਵਿਰੁੱਧ ਮੋਗਾ ਵਿੱਚ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਮਹਾਂ ਰੈਲੀ ਕਰਨ ਦੀ ਹਾਈ ਕਮਾਂਡ ਕੋਲੋਂ ਹਾਮੀ ਭਰਵਾ ਕੇ ਇਕ ਵਾਰ ਕੈਪਟਨ ਖੇਮੇ ਲਈ ਸਿਰਦਰਦੀ ਪੈਦਾ ਕਰ ਦਿੱਤੀ ਸੀ ਪਰ ਹੁਣ ਬਦਲੇ ਹਾਲਾਤ ਵਿੱਚ ਇਸ ਰੈਲੀ ਉਪਰ ਸਵਾਲੀਆ ਨਿਸ਼ਾਨ ਲੱਗ ਗਏ ਹਨ। ਰਾਹੁਲ ਗਾਂਧੀ ਵੱਲੋਂ ਨਾਟਕੀ ਢੰਗ ਨਾਲ ਕਿਸੇ ਅਗਿਆਤ ਥਾਂ ਛੁੱਟੀ ਉਪਰ ਚਲੇ ਜਾਣ ਕਾਰਨ ਮੋਗਾ ਵਿਚਲੀ ਪ੍ਰਸਤਾਵਿਤ ਰੈਲੀ ਹਵਾ ਵਿੱਚ ਲਟਕ ਗਈ ਹੈ। ਸ੍ਰੀ ਬਾਜਵਾ ਵੱਲੋਂ ਇਹ ਰੈਲੀ ਮਾਰਚ ਦੇ ਅਖੀਰਲੇ ਐਤਵਾਰ 29 ਤਰੀਕ ਨੂੰ ਕਰਵਾਉਣ ਦੀ ਤਜਵੀਜ਼ ਸੀ ਪਰ ਇਸ ਦਿਨ ਵਿਸ਼ਵ ਕ੍ਰਿਕਟ ਕੱਪ ਦਾ ਫਾਈਨਲ ਮੈਚ ਹੋਣ ਕਾਰਨ ਇਸ ਦਿਨ ਰੈਲੀ ਕਰਨੀ ਉਂਜ ਵੀ ਸੰਭਵ ਨਹੀਂ ਜਾਪਦੀ। ਇਸ ਦੇ ਬਾਵਜੂਦ ਰਾਹੁਲ ਗਾਂਧੀ ਨੂੰ ਅਪਰੈਲ ਵਿੱਚ ਪਾਰਟੀ ਦਾ ਪ੍ਰਧਾਨ ਬਣਾਉਣ ਦੀ ਚੱਲ ਰਹੀ ਚਰਚਾ ਜ਼ਰੂਰ ਬਾਜਵਾ ਧੜੇ ਲਈ ਕੁਝ ਹੱਦ ਤੱਕ ਰਾਹਤ ਦੀ ਖ਼ਬਰ ਹੈ।

Facebook Comment
Project by : XtremeStudioz