Close
Menu

ਧਨਰਾਜ ਸਿੰਘ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਬਣੇ

-- 01 March,2015

ਅੰਮ੍ਰਿਤਸਰ, ਸਦੀ ਪੁਰਾਣੀ ਵਿਦਿਅਕ ਤੇ ਧਾਰਮਿਕ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੇ ਜਨਰਲ ਹਾਊਸ ਦੀ ਅੱਜ ਹੋਈ ਮੀਟਿੰਗ ਵਿੱਚ ਜਥੇਬੰਦੀ ਦੇ ਮੀਤ ਪ੍ਰਧਾਨ ਵਜੋਂ ਧਨਰਾਜ ਸਿੰਘ ਨੂੰ ਚੁਣਿਆ ਗਿਆ ਹੈ। ਇਹ ਅਹੁਦਾ ਡਾ. ਸੰਤੋਖ ਸਿੰਘ ਵੱਲੋਂ ਜਥੇਬੰਦੀ ਦੇ ਪ੍ਰਧਾਨ ਨਾਲ ਨਰਾਜ਼ਗੀ ਕਾਰਨ ਅਸਤੀਫਾ ਦਿੱਤੇ ਜਾਣ ਕਾਰਨ ਖਾਲੀ ਹੋਇਆ ਸੀ।
ਇਸ ਸਬੰਧ ਵਿੱਚ ਅੱਜ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਵਿੱਚ ਜਨਰਲ ਹਾਊਸ ਦੀ ਮੀਟਿੰਗ ਹੋਈ, ਜਿਸ ਵਿੱਚ ਸੁਸਾਇਟੀ ਦੇ ਪੰਜਾਬ ਤੋਂ ਇਲਾਵਾ ਹੋਰ ਵੱਖ ਵੱਖ ਸੂਬਿਆਂ ਤੋਂ ਮੈਂਬਰ ਸ਼ਾਮਲ ਹੋਏ, ਜਿਨ੍ਹਾਂ ਨੇ ਜਥੇਬੰਦੀ ਦੇ ਮੀਤ ਪ੍ਰਧਾਨ ਦੇ ਖਾਲੀ ਹੋਏ ਅਹੁਦੇ ’ਤੇ ਮੁੜ ਨਿਯੁਕਤੀ ਲਈ ਸਾਰੇ ਹੱਕ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਦਿੱਤੇ ਸਨ। ਇਸ ਦੇ ਆਧਾਰ ’ਤੇ ਉਨ੍ਹਾਂ ਸ੍ਰੀ ਧਨਰਾਜ ਸਿੰਘ ਨੂੰ ਮੀਤ ਪ੍ਰਧਾਨ ਥਾਪਿਆ ਹੈ। ਉਹ ਪਿਛਲੇ ਲਗਪਗ 2 ਦਹਾਕਿਆਂ ਤੋਂ ਤਨਦੇਹੀ ਨਾਲ ਸੰਸਥਾ ਦੇ ਮੈਂਬਰ ਵਜੋਂ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਕ ਚੈਰੀਟੇਬਲ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੀ ਨਿਯੁਕਤੀ ਦੀ ਸਮੂਹ ਮੈਂਬਰਾਂ ਨੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ।
ਇਸ ਮੌਕੇ ਪ੍ਰਧਾਨ ਸ੍ਰੀ ਚੱਢਾ ਨੇ ਆਖਿਆ ਕਿ ਸ੍ਰੀ ਧਨਰਾਜ ਸਿੰਘ ਦੀਆਂ ਸੰਸਥਾ ਪ੍ਰਤੀ ਸੇਵਾਵਾਂ ਤੇ ਤਨਦੇਹੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਅਹੁਦੇ ਦੀਆਂ ਸੇਵਾਵਾਂ ਸੌਂਪੀਆਂ ਗਈਆਂ ਹਨ। ਇਸ ਮੌਕੇ ਸ੍ਰੀ ਧਨਰਾਜ ਸਿੰਘ ਨੇ ਵੀ ਆਖਿਆ ਕਿ ਉਹ ਸੌਂਪੀ ਗਈ ਸੇਵਾ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਮੀਟਿੰਗ ਵਿੱਚ ਦੀਵਾਨ ਦੇ ਹੋਰ ਵਿਕਾਸ ਕਾਰਜਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਸੰਸਥਾ ਦੇ ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਨਾ ਤੇ ਹੋਰਨਾਂ ਨੇ ਨਵੇਂ ਬਣੇ ਮੀਤ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ। ਮੀਟਿੰਗ ਵਿਚ ਹਰਮਿੰਦਰ ਸਿੰਘ, ਪ੍ਰਿਤਪਾਲ ਸਿੰਘ ਸੇਠੀ, ਜਸਵਿੰਦਰ ਸਿੰਘ ਐਡਵੋਕੇਟ, ਪ੍ਰੀਤਮ ਸਿੰਘ, ਅਜੀਤ ਸਿੰਘ ਸੇਠੀ, ਅਮਰਜੀਤ ਸਿੰਘ ਬਾਂਗਾ, ਬੀਐਸ ਸਾਹਨੀ, ਇੰਜੀਨੀਅਰ ਜਸਪਾਲ ਸਿੰਘ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ।
ਇਥੇ ਦੱਸਣਯੋਗ ਹੈ ਕਿ ਦੀਵਾਨ ਦੇ ਮੌਜੂਦਾ ਹਾਊਸ ਦੀ ਚੋਣ ਫਰਵਰੀ 2014 ਵਿੱਚ ਹੋਈ ਸੀ, ਜਿਸ ਵਿੱਚ ਮੁੜ ਸ੍ਰੀ ਚੱਢਾ ਨੂੰ ਪ੍ਰਧਾਨ ਬਣਾਇਆ ਗਿਆ ਸੀ। ਇਸ ਦੌਰਾਨ ਕੁਝ ਮੁੱਦਿਆਂ ਨੂੰ ਲੈ ਕੇ ਸੰਸਥਾ ਦੇ ਅਹੁਦੇਦਾਰਾਂ ਵਿੱਚ ਆਪਸੀ ਮਤਭੇਦ ਪੈਦਾ ਹੋਏ ਸਨ ਤੇ ਮੀਤ ਪ੍ਰਧਾਨ ਡਾ. ਸੰਤੋਖ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਇਹ ਅਹੁਦਾ ਉਸ ਵੇਲੇ ਤੋਂ ਹੀ ਖਾਲੀ ਸੀ।

Facebook Comment
Project by : XtremeStudioz