Close
Menu

ਧਰਮ ਤੇ ਸਭਿਆਚਾਰ ਤੋਂ ਪਰ੍ਹੇ ਸਿਆਸੀ ਦੰਗਲ ਹੋ ਨਿਬੜਿਆ ਮੇਲਾ ਛਪਾਰ

-- 29 September,2015

ਮੰਡੀ ਅਹਿਮਦਗੜ੍ਹ, ਕਿਸੇ ਵੇਲੇ ਪੰਜਾਬੀ ਵਿਰਸੇ ਅਤੇ ਸਭਿਆਚਾਰ ਦਾ ਪ੍ਰਦਰਸ਼ਨ ਕਰਨ ਵਾਲਾ ਮੇਲਾ ਛਪਾਰ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਵਿਰੋਧੀਆਂ ਨੂੰ ਭੰਡਣ ਲਈ ਸਿਆਸੀ ਦੰਗਲ ਹੋ ਨਿਬੜਿਆ। ਸੂਬੇ ਦੀ ਸੱਤਾ ’ਤੇ ਕਾਬਜ਼ ਪਾਰਟੀ ਦੇ ਆਗੂਆਂ ਨੇ ਆਪਣੀ ਸਰਕਾਰ ਦੇ ਸੋਹਲੇ ਗਾਉਣ ਤੋਂ ਇਲਾਵਾ ਵਿਰੋਧੀ ਪਾਰਟੀਆਂ ’ਤੇ ਵਿਕਾਸ ਦੇ ਕੰਮਾਂ ਵਿੱਚ ਰੋੜਾ ਅਟਕਾਉਣ ਦੇ ਦੋਸ਼ ਲਾਏ। ਕਾਂਗਰਸ, ਆਮ ਆਦਮੀ ਪਾਰਟੀ ਅਤੇ ਖੱਬੇ ਪੱਖੀ ਪਾਰਟੀਆਂ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਸੂਬੇ ਦੇ ਵਿਕਾਸ ਲਈ ਘਾਤਕ ਦੱਸਦਿਆਂ ਸੱਤਾ ਵਿੱਚ ਬਦਲਾਅ ਲਿਆਉਣ ਲਈ ਲਾਮਬੰਦ ਹੋਣ ਦੀ ਅਪੀਲ ਕੀਤੀ। ਉਂਜ ਅੱਜ ਪਹਿਲੇ ਦਿਨਾਂ ਨਾਲੋਂ ਕਿਤੇ ਜ਼ਿਆਦਾ ਸ਼ਰਧਾਲੂਆਂ ਨੇ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ ਕਰੀਬ ਦੋ ਕਿਲੋਮੀਟਰ ਦੇ ਘੇਰੇ ਵਿੱਚ ਫੈਲੇ ਮੇਲੇ ਦੇ ਖੇਤਰ ਵਿੱਚ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਰਹੀ। ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਖੁੱਲ੍ਹ ਕੇ ਵਾਹਨਾਂ ਦੇ ਪਾਸ ਦਿੱਤੇ ਹੋਣ ਕਰਕੇ ਮੇਲੇ ਵਿੱਚੋਂ ਲੰਘਣਾ ਬਹੁਤ ਅੌਖਾ ਸੀ। ਇਸ ਕਾਰਨ ਪੁਲੀਸ ਨੂੰ ਅੌਕੜਾਂ ਦਾ ਸਾਹਮਣਾ ਕਰਨਾ ਪਿਆ।
ਕਾਂਗਰਸ ਪਾਰਟੀ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਵਿਅੰਗ ਕਸਿਆ ਕਿ ਅਕਾਲੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਭੂਤ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਬਾਦਲ ਪਰਿਵਾਰ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਉਹ ਕੈਪਟਨ ਦੇ ਡਰ ਕਾਰਨ ਹੀ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ੳੁਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਨਾ ਰੱਖਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਸ਼ਹੀਦਾਂ ਦੇ ਨਾਂ ’ਤੇ ਏਅਰਪੋਰਟ ਦਾ ਨਾਂ  ਰੱਖਣ ਨਾਲ ਪੰਜਾਬ ਸਰਕਾਰ ਅਤੇ ਪੰਜਾਬੀਆਂ ਦੀ ਇੱਜ਼ਤ ਹੀ ਵਧਣੀ ਸੀ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿੱਤੇ ਜਾਣ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਸ੍ਰੀ ਬਾਦਲ ਨੇ ਇਹ ਮੁਆਫੀ ਦਵਾਉਣੀ ਹੀ ਸੀ ਤਾਂ ਪਹਿਲਾਂ ਏਨਾ ਫਸਾਦ ਕਰਵਾਉਣ ਦੀ ਕੀ ਲੋੜ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਸਭ ਤੋਂ ਵੱਧ ਗਿਣਤੀ ਕਿਸਾਨਾਂ ਵੱਲੋਂ ਖੁਦਕਸ਼ੀਆਂ ਕੀਤੀਆਂ ਗਈਆਂ ਹਨ।    ਕਾਨਫਰੰਸ ਮੌਕੇ ਹਲਕਾ ਦਾਖਾ ਦੇ ਇੰਚਾਰਜ ਅਤੇ ਕਨਵੀਨਰ ਜਗਪਾਲ ਸਿੰਘ ਖੰਗੂੜਾ, ਵਿਧਾਇਕ ਮੁਹੰਮਦ ਸਦੀਕ, ਦਰਸ਼ਨ ਸਿੰਘ ਬਰਾੜ, ਅਮਰੀਕ ਸਿੰਘ ਢਿੱਲੋਂ, ਗੁਰਚਰਨ ਸਿੰਘ ਬੋਪਾਰਾਏ, ਗੁਰਕੀਰਤ ਸਿੰਘ ਕੋਟਲੀ, ਸਾਧੂ ਸਿੰਘ ਧਰਮਸੋਤ  ਨੇ ਵੀ ਸੰਬੋਧਨ ਕੀਤਾ।

Facebook Comment
Project by : XtremeStudioz