Close
Menu

ਧਰਮ ਪਰਿਵਰਤਨ ਦੇ ਮੁੱਦੇ ’ਤੇ ਘਿਰੀ ਸਰਕਾਰ

-- 11 December,2014

ਨਵੀਂ ਦਿੱਲੀ, ਆਗਰਾ ਦੇ ਧਰਮ ਪਰਿਵਰਤਨ ਦੇ ਮੁੱਦੇ ’ਤੇ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆਈ ਕੇਂਦਰ ਸਰਕਾਰ ਨੂੰ ਅੱਜ ਇਹ ਸੁਝਾਅ ਦੇਣਾ ਪਿਆ ਕਿ ਦੇਸ਼ ’ਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਬਣਨਾ ਚਾਹੀਦਾ ਹੈ। ਵਿਰੋਧੀ ਧਿਰ ਨੇ ਸਰਕਾਰ ’ਤੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਦੇ ਦੋਸ਼ ਲਾਏ ਅਤੇ ਲੋਕ ਸਭਾ ਬਹਿਸ ਦੌਰਾਨ ਭਾਜਪਾ ਸਰਕਾਰ ਦੀ ਨੁਕਤਾਚੀਨੀ ਵੀ ਕੀਤੀ। ਸਰਕਾਰ ਦੇ ਫੈਸਲੇ ਤੋਂ ਅਸੰਤੁਸ਼ਟ ਕਈ ਵਿਰੋਧੀ ਪਾਰਟੀਆਂ ਨੇ ਸਦਨ ’ਚੋਂ ਵਾਕਆਊਟ ਵੀ ਕੀਤਾ।

ਧਰਮ ਪਰਿਵਰਤਨ ਦੇ ਮੁੱਦੇ ’ਤੇ ਲੋਕ ਸਭਾ ’ਚ ਬਹਿਸ ਦਾ ਜਵਾਬ ਦਿੰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਐਮ. ਵੈਂਕਈਆ ਨਾਇਡੂ ਨੇ ਆਰਐਸਐਸ ਖ਼ਿਲਾਫ਼ ਲਾਏ ਦੋਸ਼ਾਂ ਨੂੰ ਨਕਾਰਦਿਆਂ ਵਿਰੋਧੀ ਪਾਰਟੀਆਂ ’ਤੇ ਹੀ ਮੋੜਵਾਂ ਵਾਰ ਕਰ ਦਿੱਤਾ ਕਿ ਉਹ ਗੁੰਮਰਾਹਕੁਨ ਪ੍ਰਚਾਰ ਕਰਕੇ ਸੰਘ ਅਤੇ ਮੋਦੀ ਸਰਕਾਰ ਦੇ ਅਕਸ ਨੂੰ ਵਿਗਾੜ ਰਹੇ ਹਨ।
ਸਦਨ Ð’ਚ ਲਗਾਤਾਰ ਦੂਜੇ ਦਿਨ ਹੰਗਾਮੇ ਤੋਂ ਬਾਅਦ ਧਰਮ ਪਰਿਵਰਤਨ ਦੇ ਮੁੱਦੇ ’ਤੇ ਬਹਿਸ ਸ਼ੁਰੂ ਹੋਈ ਅਤੇ ਵਿਰੋਧੀ ਪਾਰਟੀਆਂ ਨੇ ਸਰਕਾਰ, ਆਰਐਸਐਸ ਅਤੇ ਉਨ੍ਹਾਂ ਦੀਆਂ ਸਹਾਇਕ ਜਥੇਬੰਦੀਆਂ ’ਤੇ ਦੋਸ਼ ਲਾਏ ਕਿ ਉਹ ਫਿਰਕੂ ਧਰੁਵੀਕਰਨ ਕਰਕੇ ਤਣਾਅ ਦਾ ਮਾਹੌਲ ਪੈਦਾ ਕਰ ਰਹੀਆਂ ਹਨ।
ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ’ਤੇ ਹਮਲਾ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਕੁਝ ਲੋਕਾਂ ਨੂੰ      ‘ਹਿੰਦੂ ਸ਼ਬਦ’ ਤੋਂ ਕੋਫ਼ਤ ਹੈ ਅਤੇ ਉਹ ਦੇਸ਼ ’ਚ ਕਿਸੇ ਵੀ ਥਾਂ ’ਤੇ ਕੋਈ ਵੀ ਘਟਨਾ ਵਾਪਰੇ, ਆਰਐਸਐਸ ਤੇ ਸਰਕਾਰ ਨੂੰ ਘੇਰ ਲੈਂਦੇ ਹਨ। ਆਗਰਾ ਵਾਲੀ ਘਟਨਾ ਦੇ ਮੁੱਦੇ ’ਤੇ ਉਨ੍ਹਾਂ ਸਪਸ਼ਟ ਕੀਤਾ ਕਿ ਕੇਂਦਰ ਦੀ ਇਸ ਘਟਨਾ ਦੀ ਕੋਈ ਭੂਮਿਕਾ ਨਹੀਂ ਸੀ ਅਤੇ ਇਸ ’ਤੇ ਉੱਤਰ ਪ੍ਰਦੇਸ਼ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਸੀ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਗੈਰਹਾਜ਼ਰੀ ਕਰਕੇ ਸ੍ਰੀ ਨਾਇਡੂ ਨੇ ਬਹਿਸ ਦਾ ਜਵਾਬ ਦਿੱਤਾ। ਸ੍ਰੀ ਨਾਇਡੂ ਨੇ ਜਵਾਬ ਦੌਰਾਨ ਮਹਾਤਮਾ ਗਾਂਧੀ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਰਾਸ਼ਟਰਪਿਤਾ ਨੇ ਧਰਮ ਪਰਿਵਰਤਨ ਖ਼ਿਲਾਫ਼ ਕਾਨੂੰਨ ਬਣਾਉਣ ਦਾ ਸੁਝਾਅ ਦਿੱਤਾ ਸੀ, ਜਿਸ ਨੂੰ ਮੰਨਿਆ ਨਹੀਂ ਗਿਆ। ਉਨ੍ਹਾਂ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਦੇਸ਼ ਦੀ ਵੰਡ ਲਈ ਕੌਣ ਜ਼ਿੰਮੇਵਾਰ ਸੀ? ਉਨ੍ਹਾਂ ਆਰਐਸਐਸ ਦੀ ਆਪਣੀ ਪਿਛੋਕੜ ’ਤੇ ਫ਼ਖਰ ਮਹਿਸੂਸ ਕਰਦਿਆਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੀ ਜਥੇਬੰਦੀ ਨੂੰ ਗਾਲ੍ਹ ਕੱਢੇਗਾ ਤਾਂ ਮੈਂ ਤਮਾਸ਼ਬੀਨ ਨਹੀਂ ਰਹਿ ਸਕਦਾ।
ਇਸ ਬਿਆਨ ਤੋਂ ਬਾਅਦ ਸਦਨ ’ਚ ਹੰਗਾਮਾ ਮਚ ਗਿਆ ਅਤੇ ਕਾਂਗਰਸ, ਖੱਬੇ ਪੱਖੀ ਪਾਰਟੀਆਂ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਏਆਈਐਸਆਈਐਮ ਦੇ ਮੈਂਬਰਾਂ ਨੇ ਸਦਨ ’ਚੋਂ ਵਾਕਾਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਬਹਿਸ ਦੀ ਮੰਗ ਕਰਦਿਆਂ ਕਈ ਵਾਰ ਰੌਲਾ-ਰੱਪਾ ਪਾਇਆ ਅਤੇ ਕਿਹਾ ਇਸ ਮੁੱਦੇ ਕਰਕੇ ਦੇਸ਼ ’ਚ ਦੰਗਿਆਂ ਵਰਗੇ ਹਾਲਾਤ ਬਣ ਸਕਦੇ ਹਨ।
ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਮਾਮਲਾ ਕਾਫੀ ਸੰਜੀਦਾ ਹੈ ਅਤੇ ਦੇਸ਼ ਦੀ ਏਕਤਾ ਲਈ ਚੁਣੌਤੀ ਹੈ। ਬਹਿਸ ਸ਼ੁਰੂ ਕਰਦਿਆਂ ਜੋਤਿਰਾਦਿਤਿਆ ਸਿੰਧਿਆ ਨੇ ਕਿਹਾ ਕਿ ਆਗਰਾ ’ਚ ਮੁਸਲਮਾਨਾਂ ਨੂੰ ਰਾਸ਼ਨ ਕਾਰਡ ਦੇਣ ਦਾ ਵਾਅਦਾ ਕਰਕੇ ਹਿੰਦੂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਕੀ ਇਹੋ ਆਉਣ ਵਾਲੇ ‘ਅੱਛੇ ਦਿਨ’ ਹਨ ਜਿਨ੍ਹਾਂ ਬਾਰੇ ਵਾਅਦਾ ਕੀਤਾ ਗਿਆ ਸੀ। ਵੀਐਸਪੀ ਦੇ ਸੌਰਾਤਾ ਰਾਏ ਨੇ ਤਨਜ਼ ਕਰਦਿਆਂ ਕਿਹਾ, ‘‘ਮੈਂ ਸੋਚਿਆ ਭਾਜਪਾ ਰਾਮ ਪੱਖੀ ਹਨ ਪਰ ਹੁਣ ਮੈਨੂੰ ਪਤਾ ਲੱਗਾ ਕਿ ਉਹ ਤਾਂ ਨਾਥੂ ਰਾਮ ਹੈ।’’ ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਨੇ ਪਹਿਲਾਂ ਭਾਜਪਾ ਨੂੰ ਘੇਰਿਆ ਪਰ ਬਾਅਦ ’ਚ ਉਹ ਨਰਮ ਪੈ ਗਏ ।

Facebook Comment
Project by : XtremeStudioz