Close
Menu

ਧਵਨ ਤੇ ਵਿਜੈ ਦਾ ਉਥਾਨ, ਕੋਹਲੀ ਨੂੰ ਨੁਕਸਾਨ

-- 16 June,2015

ਦੁਬਈ, ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਮੁਰਲੀ ਵਿਜੈ ਨੇ ਬੰਗਲਾਦੇਸ਼ ਖ਼ਿਲਾਫ਼ ਫਾਤੁੱਲ੍ਹਾ ਵਿੱਚ ਇਕਮਾਤਰ ਕ੍ਰਿਕਟ ਟੈਸਟ ਮੈਚ ਬਾਅਦ ਜਾਰੀ ਹੋਈ ਆਈਸੀਸੀ ਟੈਸਟ ਰੈਂਕਿੰਗ ਵਿੱਚ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ ਹੈ ਜਦੋਂ ਕਿ ਕਪਤਾਨ ਵਿਰਾਟ ਕੋਹਲੀ ਟੌਪ-10 ਵਿੱਚੋਂ ਬਾਹਰ ਹੋ ਗਿਆ ਹੈ। ਵਿਜੈ ਤਿੰਨ ਸਥਾਨ ਦੇ ਸੁਧਾਰ ਨਾਲ 20ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦੋਂ ਕਿ ਧਵਨ 15 ਸਥਾਨ ਦੀ ਛਲਾਂਗ ਲਗਾ ਕੇ 45ਵੇਂ ਨੰਬਰ ’ਤੇ ਆ ਗਿਆ ਹੈ। ਆਈਸੀਸੀ ਦੇ ਬਿਆਨ ਮੁਤਾਬਕ ਫਾਤੁੱਲ੍ਹਾ ਵਿੱਚ ਸੈਂਕਡ਼ੇ ਤੋਂ ਖੁੰਝਣ ਵਾਲੇ ਅਜਿਨਕਿਆ ਰਾਹਾਣੇ ਵੀ ਚਾਰ ਅੰਕ ਦੇ ਫਾਇਦੇ ਨਾਲ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਕਰੀਅਰ ਦੀ ਸਰਵੋਤਮ ਰੈਂਕਿੰਗ 22ਵੇਂ ਸਥਾਨ ’ਤੇ ਆ ਗਿਆ ਹੈ। ਕੋਹਲੀ ਹਾਲਾਂਕਿ ਇਕ ਸਥਾਨ ਦੇ ਨੁਕਸਾਨ ਨਾਲ 11ਵੇਂ ਸਥਾਨ ’ਤੇ ਖਿਸਕ ਗਿਆ ਹੈ। ਗੇਂਦਬਾਜ਼ੀ ਰੈਂਕਿੰਗ ਵਿੱਚ ਭਾਰਤੀ ਆਫ ਸਪਿੰਨਰ ਰਵੀਚੰਦਰ ਅਸ਼ਵਿਨ ਅਤੇ ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ ਇਕ ਇਕ ਸਥਾਨ ਦੇ ਸੁਧਾਰ ਨਾਲ ਕ੍ਰਮਵਾਰ 12ਵੇਂ ਅਤੇ 16ਵੇਂ ਨੰਬਰ ’ਤੇ ਹਨ।
ਕਿੰਗਸਟਨ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਟੈਸਟ ਵਿੱਚ ਆਸਟਰੇਲੀਆ ਦੀ 277 ਦੌਡ਼ਾਂ ਦੀ ਜਿੱਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਆਸਟਰੇਲੀਅਨ ਬੱਲੇਬਾਜ਼ ਸਟੀਵਨ ਸਮਿੱਥ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਬਾਅਦ ਬੱਲੇਬਾਜ਼ੀ ਰੈਂਕਿੰਗ ਵਿੱਚ ਸਿਖ਼ਰਲਾ ਸਥਾਨ ਹਾਸਲ ਕਰਨ ਵਾਲਾ ਦੂਜਾ ਸਭ ਤੋਂ ਛੋਟੀ ਉਮਰ ਦਾ ਬੱਲੇਬਾਜ਼ ਬਣ ਗਿਆ ਹੈ। ਆਪਣੇ 28ਵੇਂ ਮੈਚ ਵਿੱਚ ਇਕ ਦੌਡ਼ ਨਾਲ ਦੋਹਰੇ ਸੈਂਕਡ਼ੇ ਤੋਂ ਖੁੰਝਣ ਵਾਲੇ ਸਮਿੱਥ ਨੇ ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਅਤੇ ਦੱਖਣੀ ਅਫਰੀਕਾ ਦੇ ਏ.ਬੀ. ਡੀਵਿਲੀਅਰਜ਼ ਅਤੇ ਹਾਸ਼ਿਮ ਅਾਮਲਾ ਨੂੰ ਪਛਾਡ਼ਿਆ ਹੈ। ਸਮਿੱਥ 26 ਸਾਲ ਅਤੇ 12 ਦਿਨ ਦੀ ਉਮਰ ਵਿੱਚ ਬੱਲੇਬਾਜ਼ੀ ਰੈਂਕਿੰਗ ਵਿੱਚ ਸਿਖ਼ਰ ’ਤੇ ਪਹੁੰਚਿਆ ਹੈ। ਇਸ ਤੋਂ ਪਹਿਲਾਂ ਜਦੋਂ ਸਚਿਨ 1999 ਵਿੱਚ ਪਹਿਲੀ ਵਾਰ ਆਈਸੀਸੀ ਰੈਂਕਿੰਗ ਵਿੱਚ ਸਿਖਰ ’ਤੇ ਪਹੁੰਚਿਆ ਸੀ ਤਾਂ ਉਸ ਦੀ ਉਮਰ 25 ਸਾਲ ਤੇ 279 ਦਿਨ ਸੀ। ਇਸ ਦੇ ਨਾਲ ਸਮਿੱਥ ਆਈਸੀਸੀ ਰੈਂਕਿੰਗ ਵਿੱਚ ਚੋਟੀ ਦਾ ਸਥਾਨ ਹਾਸਲ ਕਰਨ ਵਾਲਾ ਆਸਟਰੇਲੀਆ ਦਾ 23ਵਾਂ ਬੱਲੇਬਾਜ਼ ਬਣ ਗਿਆ ਹੈ। ਸਟੀਵ ਵਾ ਕਿਸੇ ਵੀ ਹੋਰ ਆਸਟਰੇਲੀਅਨ ਬੱਲੇਬਾਜ਼ ਨਾਲੋਂ ਜ਼ਿਆਦਾ ਸਮਾਂ 94 ਟੈਸਟ ਤਕ ਨੰਬਰ ਵਨ ਰਿਹਾ ਜਦੋਂ ਕਿ ਡਾਨ ਬ੍ਰੈਡਮੈਨ ਰਿਕਾਰਡ 6320 ਦਿਨ ਤਕ ਸਿਖਰਲਾ ਬੱਲੇਬਾਜ਼ ਰਿਹਾ ਸੀ। ਸਮਿੱਥ ਨੂੰ ਜਮਾਇਕਾ ਵਿੱਚ ਆਪਣੇ ਪ੍ਰਦਰਸ਼ਨ ਲਈ 49 ਅੰਕ ਮਿਲੇ ਅਤੇ ਹੁਣ ਉਸ ਦੇ 913 ਅੰਕ ਹਨ। ਟੈਸਟ ਗੇਂਦਬਾਜ਼ਾਂ ਵਿੱਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਨੇ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ ਹੈ। ਸਟਾਰਕ ਤੇ ਹੇਜ਼ਲਵੁੱਡ ਚਾਰ ਚਾਰ ਸਥਾਨ ਦੇ ਫਾਇਦੇ ਨਾਲ ਕ੍ਰਮਵਾਰ 21ਵੇਂ ਅਤੇ 27ਵੇਂ ਸਥਾਨ ’ਤੇ ਹਨ।

Facebook Comment
Project by : XtremeStudioz