Close
Menu

ਧਾਰਮਿਕ ਨਿਸ਼ਾਨੀਆਂ ਦੀ ਦਰਸ਼ਨ ਯਾਤਰਾ ਲੲੀ ਲਾਮਿਸਾਲ ਪ੍ਰਬੰਧ

-- 17 May,2015

ਅੰਮ੍ਰਿਤਸਰ,  ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਯਾਤਰਾ ਦੇ ਅੰਮ੍ਰਿਤਸਰ ਪਹੁੰਚਣ ’ਤੇ ਸਵਾਗਤ ਦੇ ਪ੍ਰਬੰਧਾਂ ਸਬੰਧੀ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਹੋਈ। ਇਸ ਮੀਟਿੰਗ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਹਾਜ਼ਰ ਹੋਏ। ਮੀਟਿੰਗ ਵਿਚ ਧਾਰਮਿਕ ਦਰਸ਼ਨ ਯਾਤਰਾ ਜੋ 21 ਮਈ ਨੂੰ ਅੰਮ੍ਰਿਤਸਰ ਵਿਖੇ ਪਹੁੰਚ ਰਹੀ ਹੈ, ਦੇ ਸਵਾਗਤ ਅਤੇ ਠਹਿਰਾਉ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਤੋਂ ਇਲਾਵਾ ਸੰਗਤਾਂ ਦੀ ਵੱਡੀ ਆਮਦ ਨੂੰ ਵੇਖਦਿਆਂ ਪ੍ਰਬੰਧਾਂ ਦੀ ਵਿਉਂਤਬੰਦੀ ਕੀਤੀ ਗਈ।

ਮੀਟਿੰਗ ਦੌਰਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਕਿਹਾ ਕਿ ਇਸ ਦਰਸ਼ਨ ਯਾਤਰਾ ਨਾਲ ਇਕ ਤਾਂ ਸੰਗਤਾਂ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੀਆਂ ਹਨ ਅਤੇ ਦੂਸਰਾ ਇਸ ਨਾਲ ਸਿੱਖੀ ਪ੍ਰਚਾਰ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਜਿਨ੍ਹਾਂ ਵਿਚ ਸ਼ਸਤਰ ਅਤੇ ਵਸਤਰ ਸ਼ਾਮਲ ਹਨ, ਦੀ ਦਰਸ਼ਨ ਯਾਤਰਾ ਲਈ ਸਾਰੇ ਪੰਜਾਬ ਭਰ ਦੀਆਂ ਸੰਗਤਾਂ ਵਿਚ ਵੱਡਾ ਉਤਸ਼ਾਹ ਹੈ ਅਤੇ ਸੰਗਤਾਂ ਵੱਡੀ ਗਿਣਤੀ ਵਿਚ ਦਰਸ਼ਨ ਲਈ ਪਹੁੰਚ ਰਹੀਆਂ ਹਨ। ਉਨ੍ਹਾਂ ਦਰਸ਼ਨ ਯਾਤਰਾ ਦੇ ਅੰਮ੍ਰਿਤਸਰ ਪਹੁੰਚਣ ’ਤੇ ਹਰ ਤਰ੍ਹਾਂ ਦੇ ਢੁਕਵੇਂ ਪ੍ਰਬੰਧ ਕਰਨ ਦੇ ਨਾਲ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਸਵਾਗਤ ਅਤੇ ਦਰਸ਼ਨ ਕਰਨ ਲਈ ਹੁੰਮ ਹਮਾ ਕੇ ਪਹੁੰਚਣ ਲਈ ਕਿਹਾ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਕਿਹਾ ਹੈ ਕਿ ਜਿਸ ਰੂਟ ਰਾਹੀਂ ਇਹ ਨਗਰ ਕੀਰਤਨ ਆਵੇ, ਸੰਗਤਾਂ ਆਪੋ ਆਪਣੇ ਘਰਾਂ, ਦੁਕਾਨਾਂ ਤੇ ਮਾਰਗ ’ਤੇ ਵਿਸ਼ੇਸ਼ ਸਵਾਗਤ ਤੇ ਰੌਸ਼ਨੀ ਦਾ ਪ੍ਰਬੰਧ ਕਰਨ। ਗਰਮੀ ਦਾ ਮੌਸਮ ਹੋਣ ਕਾਰਨ ਛਬੀਲਾਂ ਤੇ ਲੰਗਰ ਆਦਿ ਦੁਅਾਰਾ ਸੰਗਤਾਂ ਦੀ ਸੇਵਾ ਕੀਤੀ ਜਾਵੇ।
ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਰਜਿੰਦਰ ਸਿੰਘ ਮਹਿਤਾ ਤੇ ਸਕੱਤਰ ਰੂਪ ਸਿੰਘ ਨੇ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਦਰਸ਼ਨ ਯਾਤਰਾ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਰਸ਼ਨ ਯਾਤਰਾ ਦਾ ਵੱਲਾ ਬਾਈਪਾਸ ਪਹੁੰਚਣ ’ਤੇ ਨਿਘੇ ਸਵਾਗਤ ਲਈ ਵਿਸ਼ੇਸ਼ ਤੌਰ ਤੇ ਆਰਮੀ ਬੈਂਡ ਸਮੇਤ ਹੋਰ ਵਿਸ਼ੇਸ਼ ਬੈਂਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਣ ’ਤੇ ਜਲ੍ਹਿਆਂ ਵਾਲੇ ਬਾਗ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪਾਲਾਜ਼ਾ ਤੀਕ ਰੈੱਡ ਕਾਰਪੈਟ ਵਿਛਾਇਆ ਜਾਵੇਗਾ ਅਤੇ ਇਸ ਮਾਰਗ ਨੂੰ ਵਿਸ਼ੇਸ਼ ਤੌਰ ’ਤੇ ਲਾਈਟਾਂ ਨਾਲ ਸਜਾਇਆ ਜਾਵੇਗਾ ਜਿਸ ਸਥਾਨ ਤੇ ਪਾਵਨ ਨਿਸ਼ਾਨੀਆਂ ਵਾਲੀ ਬੱਸ ਦਾ ਠਹਿਰਾਉ ਹੋਏਗਾ, ਉਥੇ ਸੰਗਤਾਂ ਦੀ ਸਹੂਲਤ ਲਈ ਨਿਸ਼ਾਨੀਆਂ ਦੇ ਦਰਸ਼ਨਾਂ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇਗਾ। ਵਿਸ਼ੇਸ਼ ਤੌਰ ’ਤੇ ਹਵਾਈ ਜਹਾਜ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ।
ਇਹ ਯਾਤਰਾ ਜੋ ਅੰਮ੍ਰਿਤਸਰ 22 ਅਤੇ 23 ਮਈ ਨੂੰ ਠਹਿਰਨੀ ਸੀ, ਦੇ ਪ੍ਰਗਰਾਮ ਵਿਚ ਤਬਦੀਲੀ ਕੀਤੀ ਗਈ ਹੈ। ਮੀਟਿੰਗ ਦੌਰਾਨ ਦਰਸ਼ਨ ਯਾਤਰਾ ਨਗਰ ਕੀਤਰਨ ਦੇ ਅੰਮ੍ਰਿਤਸਰ ਸ਼ਹਿਰ ਵਿਚਲੇ ਰੂਟ ਦੀ ਰੂਪ ਰੇਖਾ ਵੀ ਉਲੀਕੀ ਗਈ ਹੈ। 21 ਮਈ ਦੀ ਸ਼ਾਮ ਨੂੰ ਮਹਿਤਾ ਚੌਂਕ ਤੋਂ ਵੱਲਾ ਬਾਈਪਾਸ ਰਾਹੀਂ ਜਲੰਧਰ ਬਾਈਪਾਸ ਚੌਕ, ਸੌ ਫੁੱਟੀ ਰੋਡ ਤੋਂ ਸੁਲਤਾਨਵਿੰਡ ਰੋਡ, ਘਿਉ ਮੰਡੀ ਚੌਕ ਤੋਂ ਜਲ੍ਹਿਆਂ ਵਾਲਾ ਬਾਗ ਤੇ ਸ੍ਰੀ ਦਰਬਾਰ ਸਾਹਿਬ ਪੁੱਜੇਗਾ, ਜਿਥੇ ਰਾਤ ਦਾ ਠਹਿਰਾਉ ਹੋਏਗਾ। 22 ਮਈ ਨੂੰ ਸਵੇਰੇ 7 ਵਜੇ ਸ੍ਰੀ ਦਰਬਾਰ ਸਾਹਿਬ ਤੋਂ ਆਰੰਭ ਹੋ ਕੇ ਰਿਆਲਟੋ ਚੌਕ, ਅਜਨਾਲਾ ਰੋਡ, ਗੁਮਟਾਲਾ, ਰਾਜਾਸਾਂਸੀ, ਹਰਸ਼ਾ ਛੀਨਾ ਤੋਂ ਅਜਨਾਲਾ ਸ਼ਹਿਰ ਪੁਜੇਗਾ। ਅਜਨਾਲਾ ਤੋਂ ਚੋਗਾਵਾਂ, ਰਾਮ ਤੀਰਥ, ਖਾਸਾ ਅਤੇ ਰਾਤ ਦਾ ਵਿਸ਼ਰਾਮ ਗੁਰਦੁਅਰਾ ਪਾਤਸ਼ਾਹੀ ਛੇਵੀਂ ਛੇਹਰਟਾ ਹੋਵੇਗਾ। 23 ਮਈ ਨੂੰ ਛੇਹਰਟਾ ਸਾਹਿਬ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਚੌਂਕ ਇਸਲਾਮਾਬਾਦ, ਲਾਹੌਰੀ ਗੇਟ ਤੋਂ ਗੁਰਦੁਅਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਰਾਹੀਂ ਸ੍ਰੀ ਦਰਬਾਰ ਸਾਹਿਬ ਰਾਤ ਦਾ ਠਹਿਰਾਉ ਹੋਏਗਾ। 24 ਮਈ ਨੂੰ ਸਵੇਰੇ 7 ਵਜੇ ਆਰੰਭ ਹੋ ਕੇ ਘਿਉ ਮੰਡੀ ਰਾਹੀਂ ਬੱਸ ਅੱਡਾ, ਚੌਂਕ ਹੁਸੈਨਪੁਰਾ, ਮਜੀਠਾ ਰੋਡ, ਬਾਈਪਾਸ ਰਾਹੀਂ ਕੱਥੂਨੰਗਲ ਤੋਂ ਬਟਾਲਾ ਪੁਜੇਗੀ। ਇਸ ਮੌਕੇ ਅਕਾਲੀ ਆਗੂ ਵੀਰ ਸਿੰਘ ਲੋਪੋਕੇ, ਉਪਕਾਰ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਮੈਂਬਰਾਨ ਮਗਵਿੰਦਰ ਸਿੰਘ ਖਾਪੜਖੇੜੀ, ਅਮਰੀਕ ਸਿੰਘ ਵਿਛੋਆ, ਬੀਬੀ ਕਿਰਨਜੋਤ ਕੌਰ, ਸੁਰਜੀਤ ਸਿੰਘ ਭਿੱਟੇਵਡ, ਹਰਜਾਪ ਸਿੰਘ ਸੁਲਤਾਨਵਿੰਡ, ਸਕੱਤਰ ਰੂਪ ਸਿੰਘ ਤੇ ਮਨਜੀਤ ਸਿੰਘ, ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ, ਰਣਜੀਤ ਸਿੰਘ ਤੇ ਹੋਰ ਸ਼ਾਮਲ ਸਨ।

Facebook Comment
Project by : XtremeStudioz