Close
Menu

ਧੂਰੀ ਉਪ ਚੋਣ ਦੀ ਜਿੱਤ ਗਠਜੋੜ ਦੀਆਂ ਲੋਕ ਪੱਖੀ ਨੀਤੀਆਂ ਦੇ ਹੱਕ ਵਿਚ ਫਤਵਾ- ਸੁਖਬੀਰ

-- 15 April,2015

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਧੂਰੀ ਉਪ ਚੋਣ ਦੌਰਾਨ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਸ. ਗੋਬਿੰਦ ਸਿੰਘ ਲੌਂਗੋਵਾਲ ਦੀ ਹੂੰਝਾਫੇਰ ਜਿੱਤ ਨੂੰ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਹੱਕ ਵਿਚ ਅਤੇ ਕਾਂਗਰਸ ਦੀ ਸੂਬੇ ਨੂੰ ਬਦਨਾਮ ਕਰਨ ਵਾਲੀ ਮੁਹਿੰਮ ਨੂੰ ਪੂਰੀ ਤਰ੍ਹਾਂ ਰੱਦ ਕਰਨ ਵਾਲਾ ਫਤਵਾ ਕਰਾਰ ਦਿੱਤਾ ਹੈ।
ਧੂਰੀ ਹਲਕੇ ਦੇ ਵੋਟਰਾਂ ਵਲੋਂ ਗਠਜੋੜ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਵਿਚ ਮੁੜ ਭਰੋਸਾ ਪ੍ਰਗਟਾਉਣ ‘ਤੇ ਲੋਕਾਂ ਦਾ ਧੰਨਵਾਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ. ਲੌਂਗੋਵਾਲ ਦੀ ਵੱਡੀ ਜਿੱਤ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ। ਸ.ਬਾਦਲ ਨੇ ਨਾਲ ਹੀ ਪਾਰਟੀ ਦੇ ਸਾਰੇ ਵਰਕਰਾਂ, ਆਗੂਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਗਠਜੋੜ ਦੇ ਉਮੀਦਵਾਰ ਦੀ ਵੱਡੀ ਜਿੱਤ ਯਕੀਨੀ ਬਣਾਈ।
ਸ. ਬਾਦਲ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਗਠਜੋੜ ਸਰਕਾਰ ਸੂਬੇ ਵਿਚ ਭਾਈਚਾਰਕ ਸਾਂਝ, ਸ਼ਾਂਤੀ ਤੇ ਵਿਕਾਸ ਦੀ ਮੁਦਈ ਹੈ ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੁਬਾਰਾ ਜਿੱਤ ਹਾਸਿਲ ਕਰਕੇ ਇਤਿਹਾਸ ਸਿਰਜ ਚੁੱਕਾ ਹੈ। ਇਸ ਤੋਂ ਇਲਾਵਾ ਦਸੂਹਾ, ਮੋਗਾ, ਤਲਵੰਡੀ ਸਾਬੋ ਤੇ ਹੁਣ ਧੂਰੀ ਉਪ ਚੋਣ ਦੌਰਾਨ ਵੀ  ਗਠਜੋੜ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਮਿਲੀ ਹੈ।
ਲੋਕਾਂ ਨੂੰ ਉਨ੍ਹਾਂ ਦੀ ਆਸਾਂ ‘ਤੇ ਖਰ੍ਹਾ ਉਤਰਨ ਦਾ ਭਰੋਸਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ  ਕੌਮੀ ਤੇ ਸੂਬਾ  ਪੱਧਰ ‘ਤੇ ਲੀਡਰਸ਼ਿਪ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਉਸਨੇ ਆਪਣੇ ਆਪ ਨੂੰ ਸੂਬੇ ਨੂੰ ਬਦਨਾਮ ਕਰਨ ਵਾਲੀ ਮੁਹਿੰਮ ਤੱਕ ਸੀਮਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲਗਾਤਾਰ ਨਕਾਮੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ 2017 ਦੀਆਂ ਚੋਣਾਂ ਪਿੱਛੋਂ ਪੰਜਾਬ ਕਾਂਗਰਸ ਨੂੰ ਲੱਭਣ ਲਈ ਇਤਿਹਾਸ ਦੇ ਪੰਨੇ ਫਰੋਲਣੇ ਪੈਣਗੇ।
ਸ. ਬਾਦਲ ਨੇ ਕਿਹਾ ਕਿ ਤਲਵੰਡੀ ਸਾਬੋ ਤੇ ਪਟਿਆਲਾ ਉਪ ਚੋਣ ਦੌਰਾਨ ਆਮ ਆਦਮੀ ਪਾਰਟੀ ਨੂੰ ਲੋਕਾਂ ਵਲੋਂ ਰੱਦ ਕੀਤੇ ਜਾਣ ਕਾਰਨ ਇਸ ਵਾਰ ਇਹ ਪਾਰਟੀ ਧੂਰੀ ਉਪ ਚੋਣ ਲੜਨ ਦਾ ਹੌਸਲਾ ਤੱਕ ਵੀ ਨਹੀਂ ਕਰ ਸਕੀ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵਲੋਂ ਆਪਣੇ ਵਾਅਦਿਆਂ ‘ਤੇ ਪੂਰਾ ਉਤਰਨ ਕਾਰਨ ਲੋਕਾਂ ਨੇ ਵਾਰ-ਵਾਰ ਗਠਜੋੜ ਵਿਚ ਵਿਸਵਾਸ਼ ਪ੍ਰਗਟ ਕੀਤਾ ਹੈ ਜਦਕਿ ਕਾਂਗਰਸ ਦੇ ਨਾਂਹ ਪੱਖੀ ਤੇ ਗੁੰਮਰਾਹਕੁੰਨ ਪ੍ਰਚਾਰ ਨੂੰ ਨਕਾਰਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਗਠਜੋੜ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਯਤਨ ਹੋਰ ਤੇਜ ਕੀਤੇ ਜਾਣਗੇ।

Facebook Comment
Project by : XtremeStudioz