Close
Menu

ਧੂਰੀ ਰੈਲੀ ਦੌਰਾਨ ਕੈਪਟਨ ਤੇ ਬਾਜਵਾ ਇਕ ਮੰਚ ’ਤੇ ਆਏ

-- 24 March,2015

* ਇਕ-ਦੂਜੇ ਦਾ ਨਾਮ ਜ਼ਰੂਰ ਲਿਆ ਪਰ ਨਾ ਨਜ਼ਰਾਂ ਮਿਲੀਆਂ ਤੇ ਨਾ ਹੱਥ ਮਿਲਾਇਆ

ਧੂਰੀ/ਸੰਗਰੂਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਨੇ  ਧੂਰੀ ਵਿਖੇ ਇਕ ਮੰਚ ੳੁਤੇ ਇਕੱਠੇ ਹੋ ਕੇ ਜਿੱਥੇ ‘ਹਮ ਸਾਥ ਸਾਥ ਹੈ’ ਹੋਣ ਦਾ ਸਬੂਤ ਦਿੱਤਾ, ਉਥੇ ਇਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਦੋ ਦਿੱਗਜ਼ ਆਗੂਆਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਦਿਲ ਅਤੇ ਨਜ਼ਰਾਂ ਤਾਂ ਭਾਵੇਂ ਨਾ ਮਿਲ ਸਕੀਆਂ ਪਰ ਇਕ-ਦੂਜੇ ਪ੍ਰਤੀ ਰੁਖ ਵਿੱਚ ਨਰਮੀ ਜ਼ਰੂਰ ਵੇਖਣ ਨੂੰ ਮਿਲੀ।
ਧੂਰੀ ਵਿਖੇ ਅੱਜ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਪਾਰਟੀ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਲਈ ਪੁੱਜੀ ਸੀ। ਖਾਸ ਕਰ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਲੋਕ ਸਭਾ ਵਿੱਚ ਪਾਰਟੀ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ, ਜਿਨ੍ਹਾਂ ਨੂੰ ਇਕ ਮੰਚ ’ਤੇ ਇਕੱਠਿਆਂ ਵੇਖ ਕੇ ਅਤੇ ਇਕ ਦੂਜੇ ਪ੍ਰਤੀ ਨਰਮੀ ਵੇਖ ਕੇ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ। ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤਿੰਨੋਂ ਇਕੱਠਿਆਂ ਪਹਿਲਾਂ ਬਰਨਾਲਾ ਨਿਵਾਸ ਅਤੇ ਬਾਅਦ ਵਿੱਚ ਰੈਲੀ ਵਿੱਚ ਪੁੱਜੇ,  ਜਦੋਂ ਕਿ ਰੈਲੀ ਸ਼ੁਰੂ ਹੋਣ ਤੋਂ ਕਰੀਬ ਅੱਧਾ ਘੰਟਾ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਆਪਣੇ ਪੂਰੇ ਲਾਮ ਲਸ਼ਕਰ ਸਮੇਤ ਸਿੱਧੇ ਰੈਲੀ ਵਿੱਚ ਸ਼ਾਮਲ ਹੋਏ।
ਜਿਉਂ ਹੀ ਕੈਪਟਨ ਅਮਰਿੰਦਰ ਸਿੰਘ ਸਟੇਜ ’ਤੇ ਚੜ੍ਹੇ ਤਾਂ ਸਾਰੇ ਆਗੂਆਂ ਨੇ ਉਨ੍ਹਾਂ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ ਪਰ ਪ੍ਰਤਾਪ ਸਿੰਘ ਬਾਜਵਾ ਆਪਣੀ ਕੁਰਸੀ ’ਤੇ ਬਿਰਾਜਮਾਨ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਆਗੂਆਂ ਨਾਲ ਹੱਥ ਮਿਲਾਇਆ ਅਤੇ ਗਰਮਜੋਸ਼ੀ ਨਾਲ ਮਿਲੇ ਪਰ ਪ੍ਰਤਾਪ ਸਿੰਘ ਬਾਜਵਾ ਨਾਲ ਹੱਥ ਨਹੀਂ ਮਿਲਾਇਆ। ਕੈਪਟਨ ਅਤੇ ਬਾਜਵਾ ਦੀਆਂ ਨਾ ਤਾਂ ਆਪਸ ਵਿੱਚ ਨਜ਼ਰਾਂ ਮਿਲੀਆਂ ਅਤੇ ਨਾ ਇਕ-ਦੂਜੇ ਨਾਲ ਕੋਈ ਗੱਲਬਾਤ ਕੀਤੀ ਪਰ ਦੋਵਾਂ ਦੇ ਰੁਖ ਵਿੱਚ ਨਰਮੀ ਜ਼ਰੂਰ ਵੇਖਣ ਨੂੰ ਮਿਲੀ। ਦੋਵਾਂ ਨੇ ਸੰਬੋਧਨ ਤੋਂ ਪਹਿਲਾਂ ਇਕ ਦੂਜੇ ਦਾ ਨਾਮ ਜ਼ਰੂਰ ਲਿਆ। ਇਸ ਤੋਂ ਪਹਿਲਾਂ ਸੰਗਰੂਰ ਵਿਖੇ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦਾਂ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਜਵਾ ਨੇ ਕਿਹਾ ਕਿ ਅਸੀਂ ਸਾਰੇ ਇਕਜੁੱਟ ਹਾਂ ਪਰ ਜੇ ਕਿਸੇ ਨਾਲ ਦਿਲ ਨਹੀਂ ਮਿਲਦਾ ਤਾਂ ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ ਦਿਲ ਤਾਂ ਅਕਾਲੀ ਦਲ ਅਤੇ ਭਾਜਪਾ ਦੇ ਵੀ ਨਹੀਂ ਮਿਲਦੇ।
ਰੈਲੀ ਦੌਰਾਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਸਾਡੇ ਵਿਚਕਾਰ ਸਿਧਾਂਤਕ ਮਤਭੇਦ ਹੋ ਸਕਦੇ ਹਨ ਪਰ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੇਖ ਲਓ, ਇਕ ਮੰਚ ’ਤੇ ਬੈਠੀ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਸਟੇਜ ਤੋਂ ਕਾਂਗਰਸੀ ਆਗੂਆਂ ਦੀ ਇਕਜੁੱਟਤਾ ਦੀ ਸ਼ਲਾਘਾ ਕੀਤੀ। ਰੈਲੀ ਖ਼ਤਮ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ ਵੀ ਦੋਵੇਂ ਆਗੂਆਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਦੀ ਕੋਸ਼ਿਸ ਕਰਦੇ ਨਜ਼ਰ ਆਏ, ਜੋ ਤਸਵੀਰ ਖਿਚਵਾਉਣ ਸਮੇਂ ਬਾਜਵਾ ਨੂੰ ਕੈਪਟਨ ਦੇ ਨੇੜੇ ਆ ਜਾਣ ਦਾ ਇਸ਼ਾਰਾ ਕਰ ਰਹੇ ਸਨ।

Facebook Comment
Project by : XtremeStudioz