Close
Menu

ਧੂਰੀ ਵਿੱਚ ਅਮਨ-ਅਮਾਨ ਨਾਲ ਪੲੀਅਾਂ ਵੋਟਾਂ

-- 11 April,2015

* 72.5 ਫ਼ੀਸਦੀ ਮਤਦਾਨ, ਗਿਣਤੀ 15 ਨੂੰ; ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀਅਾਂ ਸ਼ਿਕਾੲਿਤਾਂ

ਚੰਡੀਗੜ੍ਹ, ਧੂਰੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਹਾਕਮ ਪਾਰਟੀ ਨੇ ਸਰਕਾਰੀ ਸ਼ਕਤੀ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਵੋਟਰਾਂ ਨੇ ਅਮਨ-ਸ਼ਾਂਤੀ ਕਾਇਮ ਰੱਖਦਿਆਂ 12 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਹੈ। ਚੰਡੀਗੜ੍ਹ ਵਿੱਚ ਚੋਣ ਦਫ਼ਤਰ ’ਚ ਪੁੱਜੀਆਂ ਰਿਪੋਰਟਾਂ ਮੁਤਾਬਕ 72.5 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਵੋਟਾਂ ਦੀ ਗਿਣਤੀ 15 ਅਪਰੈਲ ਨੂੰ ਹੋਵੇਗੀ ਅਤੇ ਦੁਪਹਿਰ ਤੱਕ ਨਤੀਜੇ ਦਾ ਐਲਾਨ ਹੋ ਜਾਵੇਗਾ। ਵਰਨਣਯੋਗ ਹੈ ਕਿ 2012 ਦੀ ਚੋਣ ਵਿਚ ੲਿਸ ਹਲਕੇ ਵਿਚ 82 ਫੀਸਦੀ ਮਤਦਾਨ ਹੋੲਿਅਾ ਸੀ।
ਪੇਂਡੂ ਖੇਤਰਾਂ ਵਿੱਚ ਵੋਟਰਾਂ ਨੇ ਜ਼ਿਆਦਾ ਹੁੰਗਾਰਾ ਭਰਿਆ ਜਿੱਥੇ ਵੋਟ ਪ੍ਰਤੀਸ਼ਤ 75 ਫੀਸਦ ਤੋਂ ਉਪਰ ਰਹੀ। ਧੂਰੀ ਸ਼ਹਿਰ ਵਿੱਚ ਵੋਟ ਪ੍ਰਤੀਸ਼ਤ 65 ਫੀਸਦੀ ਦੇ ਆਸਪਾਸ ਰਹੀ। ਹਲਕੇ ਵਿੱਚ ਮਾਮੂਲੀ ਤਕਰਾਰ ਤੋਂ ਇਲਾਵਾ ਕੋਈ ਵੱਡੀ ਘਟਨਾ ਵਾਪਰਨ ਦੀ ਰਿਪੋਰਟ ਨਹੀਂ ਮਿਲੀ ਪਰ ਕਾਂਗਰਸ ਅਤੇ ਅਕਾਲੀ ਦਲ (ਅ) ਵੱਲੋਂ ਚੋਣ ਕਮਿਸ਼ਨ ਨੂੰ ਲਗਾਤਾਰ ਸ਼ਿਕਾਇਤਾਂ ਕੀਤੀਆਂ ਗਈਆਂ ਕਿ ਹਲਕੇ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਹਾਕਮ ਅਕਾਲੀ ਦਲ ਦੇ ਸੀਨੀਅਰ ਆਗੂ, ਮੰਤਰੀ ਅਤੇ ਵਿਧਾਇਕ ਜੋ ਬਾਹਰਲੇ ਹਲਕਿਆਂ ਨਾਲ ਸਬੰਧਤ ਹਨ, ਵੋਟਰਾਂ ਨੂੰ ਡਰਾ-ਧਮਕਾ ਰਹੇ ਸਨ। ਸੂਤਰਾਂ ਮੁਤਾਬਕ ਸ਼ਿਕਾਇਤ ਕਰਤਾਵਾਂ ਨੇ ਕੁਝ ਅਕਾਲੀ ਆਗੂਆਂ ਅਤੇ ਮੰਤਰੀਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਵੀ ਚੋਣ ਕਮਿਸ਼ਨ ਨੂੰ ਭੇਜੀਆਂ ਹਨ। ੳੁਨ੍ਹਾਂ ਵੱਡੇ ਪੱਧਰ ’ਤੇ ਵੋਟਾਂ ਦੀ ਖਰੀਦੋ ਫਰੋਖਤ ਦੇ ਦੋਸ਼ ਵੀ ਲਾੲੇ ਹਨ।
ਮੁੱਖ ਚੋਣ ਅਧਿਕਾਰੀ ਜੀ.ਕੇ. ਸਿੰਘ ਨੇ ੲਿਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਰੀਆਂ ਸ਼ਿਕਾਇਤਾਂ ਦੀ ਪੁਣ-ਛਾਣ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ੳੁਂਜ, ਉਨ੍ਹਾਂ ਚੋਣ ਅਮਲ ਸ਼ਾਂਤੀਪੂਰਵਕ ਨੇਪਰੇ ਚੜ੍ਹਨ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਵੋਟਰਾਂ ਵੱਲੋਂ ਧੂਰੀ ਹਲਕੇ ਵਿੱਚ ਸਵੇਰ ਤੋਂ ਮੱਠਾ ਹੁੰਗਾਰਾ ਹੀ ਭਰਿਆ ਗਿਆ। ਇਸ ਤੋਂ ਪਹਿਲਾਂ ਸੂਬੇ ਵਿੱਚ ਹੋਈਆਂ ਹੋਰਨਾਂ ਜ਼ਿਮਨੀ ਚੋਣਾਂ ਦੌਰਾਨ ਵੋਟਰਾਂ ਨੇ ਵੱਡਾ ਹੁੰਗਾਰਾ ਭਰਿਆ ਸੀ। ਮੰਨਿਆ ਜਾ ਰਿਹਾ ਹੈ ਕਿ ਵਾਢੀ ਦਾ ਸੀਜ਼ਨ ਹੋਣ ਕਰਕੇ ਲੋਕ ਰੁੱਝੇ ਹੋਏ ਸਨ ਅਤੇ ਉਨ੍ਹਾਂ ਇਸ ਚੋਣ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ। ਸਾਲ 2012 ਦੀਆਂ ਆਮ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ’ਤੇ ਜਿੱਤੇ ਅਰਵਿੰਦ ਖੰਨਾ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਜ਼ਿਮਨੀ ਚੋਣ ਕਰਵਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਗੋਬਿੰਦ ਸਿੰਘ ਲੌਂਗੋਵਾਲ, ਕਾਂਗਰਸ ਵੱਲੋਂ ਸਿਮਰ ਪ੍ਰਤਾਪ ਸਿੰਘ ਬਰਨਾਲਾ, ਅਕਾਲੀ ਦਲ (ਅ) ਵੱਲੋਂ ਸੁਰਜੀਤ ਸਿੰਘ ਕਾਲਾਬੂਲਾ ਮੈਦਾਨ ਵਿੱਚ ਸਨ। ਇਨ੍ਹਾਂ ਤੋਂ ਇਲਾਵਾ ਨੌਂ ਹੋਰ ਉਮੀਦਵਾਰ ਵੀ ਮੈਦਾਨ ਵਿੱਚ ਹਨ। ਵਰਨਣਯੋਗ ਹੈ ਕਿ ਅਾਜ਼ਾਦ ੳੁਮੀਦਵਾਰ ਬਿਕਰਮ ਧਨੌਲਾ ਨੇ ੲੀਸਡ਼ੂ ਕਾਨਫਰੰਸ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਵਗਾਹ ਕੇ ਮਾਰੀ ਸੀ ਜਿਸ ਕਾਰਨ ਇਹ ਕਾਫੀ ਸਮਾਂ ਜੇਲ੍ਹ ਵਿੱਚ ਬੰਦ ਰਿਹਾ ਸੀ।
ਧੂਰੀ ਦੀ ਜ਼ਿਮਨੀ ਚੋਣ ਹਾਕਮ ਅਕਾਲੀ ਦਲ ਲਈ ਵੱਕਾਰ ਦਾ ਸੁਆਲ ਬਣੀ ਹੋਈ ਹੈ। ਜੇਕਰ ਅਕਾਲੀ ਦਲ ੲਿਹ ਚੋਣ ਜਿੱਤ ਜਾਂਦਾ ਹੈ ਤਾਂ ਵਿਧਾਨ ਸਭਾ ਵਿੱਚ ਇਸ ਨੂੰ ਅਾਪਣੇ ਦਮ ’ਤੇ ਸਪਸ਼ਟ ਬਹੁਮਤ ਹਾਸਲ ਹੋ ਜਾਵੇਗਾ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਜੋ ਰਾਜਨੀਤੀ ਵਿੱਚ ਹਾਸ਼ੀਏ ’ਤੇ ਚੱਲ ਰਿਹਾ ਹੈ, ਇਸ ਚੋਣ ਰਾਹੀਂ ਪੰਜਾਬ ਦੀ ਸਿਆਸਤ ਵਿੱਚ ਮੁੜ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਮਨੀ ਚੋਣ ਦਾ ਨਤੀਜਾ ਭਾਵੇਂ ਕੋਈ ਵੀ ਰਹੇ ਪਰ ਇਸ ਦਾ ਪੰਜਾਬ ਦੀ ਸਿਆਸਤ ’ਤੇ ਦੂਰਗਾਮੀ ਪ੍ਰਭਾਵ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਵੀ ਮਹੱਤਵਪੂਰਨ ਹੈ ਕਿ ਅਕਾਲੀ ਦਲ ਦੀ ਭਿਅਾਲ ਭਾਰਤੀ ਜਨਤਾ ਪਾਰਟੀ ਨੇ ਇਸ ਚੋਣ ਲਈ ਕੋਈ ਸਰਗਰਮੀ ਨਹੀਂ ਦਿਖਾਈ ਤੇ ੲਿਸ ਦਾ ਕੋਈ ਵੀ ਆਗੂ ਜਾਂ ਮੰਤਰੀ ਇਸ ਸੀਟ ਲਈ ਚੋਣ ਮੁਹਿੰਮ ਦੌਰਾਨ ਨਜ਼ਰ ਨਹੀਂ ਆਇਆ।

Facebook Comment
Project by : XtremeStudioz