Close
Menu

ਧੂਰੀ ਹਲਕੇ ਦੀ ਜਿੱਤ ਸੂਬੇ ਦੇ ਮਿਜ਼ਾਜ ਦਾ ਪ੍ਰਗਟਾਵਾ- ਮੁੱਖ ਮੰਤਰੀ

-- 15 April,2015

* ਉਪ ਚੋਣ ਦੇ ਨਤੀਜੇ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਦੀ ਝਲਕ

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਕਾਰਗੁਜ਼ਾਰੀ ਦੇ ਹੱਕ ਵਿਚ ਫਤਵਾ ਦੇਣ ਲਈ ਧੂਰੀ ਵਿਧਾਨ ਸਭਾ ਹਲਕੇ ਦੇ ਲੋਕਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਸ. ਬਾਦਲ ਨੇ ਗਠਜੋੜ ਸਰਕਾਰ ਦੇ ਹਾਂ ਪੱਖੀ ਏਜੰਡੇ ਨੂੰ ਲੋਕਾਂ ਤੱਕ ਲਿਜਾਣ ਲਈ ਦਿਨ ਰਾਤ ਇੱਕ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਹੁਦੇਦਾਰਾਂ ਅਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਹੂੰਝਾਫੇਰੂ ਜਿੱਤ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੂੰ ਵਧੇਰੇ ਸਮਰਪਨ ਅਤੇ ਦਿਆਲਤਾ ਨਾਲ ਲੋਕਾਂ ਦੀ ਸੇਵਾ ਕਰਨ ਲਈ ਪਹਿਲਾਂ ਤੋਂ ਵੀ ਵੱਧ ਵਚਨਬੱਧ ਕਰੇਗੀ। ਉਨ੍ਹਾਂ ਕਿਹਾ, ‘ਇਸ ਜਿੱਤ ਨੇ ਸਾਡੀਆਂ ਜਿੰਮੇਵਾਰੀਆਂ ਵਧਾ ਦਿੱਤੀਆਂ ਹਨ ਅਤੇ ਅਸੀਂ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਵਚਨਵੱਧ ਹਾਂ। ਲੋਕਾਂ ਵਲੋਂ ਸਾਡੇ ਵਿਚ ਵਿਸ਼ਵਾਸ਼ ਵਿਖਾਇਆ ਗਿਆ ਹੈ ਅਤੇ ਅਸੀਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਹੋਰ ਵੀ ਵਚਨਬੱਧ ਹੋਵਾਂਗੇ।

ਸ. ਬਾਦਲ ਨੇ ਕਿਹਾ ਕਿ ਧੂਰੀ ਉਪ ਚੋਣ ਦੇ ਨਤੀਜੇ ਨੇ ਪੰਜਾਬ ਦੇ ਲੋਕਾਂ ਦੇ ਮਿਜ਼ਾਜ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਹੱਕ ਵਿੱਚ ਪਹਿਲਾਂ ਨਾਲੋਂ ਵੀ ਵੱਧ ਜੋਰਦਾਰ ਤਰੀਕੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀਆਂ ਉਨਾਂ ਨੀਤੀਆਂ ਦੇ ਹੱਕ ਵਿਚ ਜ਼ੋਰਦਾਰ ਫਤਵਾ ਹੈ ਜੋ ਕਿ ਸੂਬੇ ਵਿਚ ਸ਼ਾਂਤੀ, ਫਿਰਕੂ ਸਦਭਾਵਨਾ, ਵਿਕਾਸ, ਪ੍ਰਗਤੀ ਅਤੇ ਖੁਸ਼ਹਾਲੀ ਉਤੇ ਜ਼ੋਰ ਦਿੰਦਿਆਂ ਹਨ।

ਮੁੱਖ ਮੰਤਰੀ ਨੇ ਇੱਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਇੱਕ ਪਾਸੇ ਨਾ-ਪੱਖੀ ਸਿਆਸਤ, ਭੰਡੀ ਪ੍ਰਚਾਰ ਅਤੇ ਕੂੜ ਪ੍ਰਚਾਰ ਦਾ ਮੂੰਹ ਤੋੜਿਆ ਹੈ ਅਤੇ ਦੂਜੇ ਪਾਸੇ ਕੁਝ ਪਾਰਟੀਆਂ ਵਲੋਂ ਛਲਾਵੇ ਭਰੇ ਵਿਚਾਰਵਾਦ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਢੁੱਕਵਾਂ ਜਵਾਬ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਆਗੂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਵੱਡੇ ਫਰਕ ਨਾਲ ਹੋਈ ਜਿੱਤ ਨੇ ਮੌਕਾਪ੍ਰਸਤ ਅਤੇ ਅਰਾਜਕ ਤਾਕਤਾਂ ਨੂੰ ਸਪਸ਼ਟ ਤੌਰ ‘ਤੇ ਜ਼ੋਰਦਾਰ ਤਰੀਕੇ ਨਾਲ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਕੁਝ ਹੋਰ ਨਵੀਂਆਂ ਜਥੇਬੰਦੀਆਂ ਵਲੋਂ ਗੋਦ ਲਏ ਗਏ ਉਮੀਦਵਾਰ ਦੀ ਹੋਈ ਬੁਰੀ ਤਰ੍ਹਾਂ ਹਾਰ ਨੇ ਇਹ ਦਰਸਾ ਦਿੱਤਾ ਹੈ ਕਿ ਲੋਕਾਂ ਨੂੰ ਇਨ੍ਹਾਂ ਵਿਚ ਰੱਤੀ ਭਰ ਵਿਸ਼ਵਾਸ਼ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਧੂਰੀ ਉਪ ਚੋਣ ਦਾ ਰੁਝਾਨ ਨਾ ਕੇਵਲ ਭਵਿੱਖ ਵਿਚ ਜਾਰੀ ਰਹੇਗਾ ਸਗੋਂ 2017 ਦੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਇਹ ਰੁਝਾਨ ਹੋਰ ਵੀ ਉਭਰ ਕੇ ਸਾਹਮਣੇ ਆਵੇਗਾ। ਇਹ ਸਿਰਫ ਆਉਣ ਵਾਲੇ ਸਮੇਂ ਦਾ ਸੰਕੇਤ ਹੈ ਜੋ ਕਿ ਸਪਸ਼ਟ ਤੌਰ ‘ਤੇ ਦੀਵਾਰ ਉਤੇ ਲਿਖਿਆ ਗਿਆ ਹੈ। ਜਿਹੜੇ ਇਸ ਨੂੰ ਸਮਝਣਾ ਨਹੀਂ ਚਾਹੁੰਦੇ ਉਹ ਸਿਰਫ ਸਿਆਸੀ ਅੰਧਰੇਤੇ ਦੇ ਸ਼ਿਕਾਰ ਹਨ।

Facebook Comment
Project by : XtremeStudioz