Close
Menu

ਧੋਨੀ ਦੇ ਛਾਏ ਸ਼ੇਰ, ਪਾਕਿ ਤੋਂ ਬਾਅਦ ਦੱਖਣੀ ਅਫਰੀਕਾ ਢੇਰ

-- 22 February,2015

ਮੈਲਬੌਰਨ- ਭਾਰਤ ਨੇ ਦੱਖਣੀ ਅਫਰੀਕਾ ਨੂੰ 130 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਤੋਂ ਕਦੇ ਨਾ ਜਿੱਤਣ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਸ਼ਵ ਕੱਪ ‘ਚ 3 ਵਾਰ ਆਹਮੋ-ਸਾਹਮਣੇ ਹੋਈਆਂ ਸਨ ਅਤੇ ਹਰੇਕ ਵਾਰ ਦੱਖਣੀ ਅਫਰੀਕਾ ਹੀ ਜਿੱਤਿਆ ਸੀ। ਪਰ ਭਾਰਤ ਨੇ ਅੱਜ ਸਾਰੇ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ।
ਭਾਰਤ ਵਲੋਂ ਮਿਲੇ 308 ਦੌੜਾਂ ਦੇ ਟੀਚੇ ਦੇ ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 40.2 ਓਵਰ ‘ਚ 177 ਦੌੜਾਂ ‘ਤੇ ਢੇਰ ਹੋ ਗਈ। ਦੱਖਣੀ ਅਫਰੀਕਾ ਵਲੋਂ ਫਾਫ ਡੂ ਪਲੇਸਿਸ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ। ਹਾਸ਼ਿਮ ਅਮਲਾ 22, ਕਵਿੰਟਨ ਡੀ ਕਾਕ 7, ਏਬੀ ਡਿਵੀਲੀਅਰਜ਼ 30, ਡੇਵਿਡ ਮਿਲਰ 22, ਜੇਪੂ ਡੀਮਨੀ 6, ਵਾਰਨੇਨ ਫਿਲੈਂਡਰ ਜ਼ੀਰੋ, ਡੇਲ ਸਟੇਨ 1, ਮੋਰਨੀ ਮੋਰਕਲ 2 ਅਤੇ ਇਮਰਾਨ ਤਾਹਿਰ 8 ਦੌੜਾਂ ਬਣਾ ਕੇ ਆਊਟ ਹੋਏ। ਵਾਇਨੇ ਪਾਰਨੇਲ 17 ਦੌੜਾਂ ਬਣਾ ਕੇ ਅਜੇਤੂ ਰਿਹਾ। ਭਾਰਤ ਵਲੋਂ ਅਸ਼ਵਿਨ ਨੇ ਸਭ ਤੋਂ ਵੱਧ 3 ਵਿਕਟਾਂ ਝਟਕਾਈਆਂ,ਜਦਕਿ ਮੁਹੰਦਮ ਸ਼ੰਮੀ ਤੇ ਮੋਹਿਤ ਸ਼ਰਮਾ ਨੇ 2-2 ਵਿਕਟਾਂ ਝਟਕਾਈਆਂ। ਇਕ ਵਿਕਟ ਰਵਿੰਦਰ ਜਡੇਜਾ ਦੇ ਖ਼ਾਤੇ ਗਈ।
ਇਸ ਤੋਂ ਪਹਿਲਾਂ ਭਾਰਤ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਉਸ ਵੇਲੇ ਮਹਿੰਗਾ ਸਾਬਤ ਹੋਇਆ ਜਦੋਂ ਰੋਹਿਤ ਸ਼ਰਮਾ ਤੀਜੇ ਓਵਰ ‘ਚ ਬਿਨ੍ਹਾਂ ਖ਼ਾਤਾ ਖੋਲ੍ਹੇ ਰਨ-ਆਊਟ ਹੋ ਗਿਆ। ਉਦੋਂ ਭਾਰਤ ਦਾ ਸਕੋਰ 9 ਰਨ ਸੀ। ਇਸ ਤੋਂ ਬਾਅਦ ਸ਼ਿਖਰ ਧਵਨ ਤੇ ਵਿਰਾਟ ਕੋਹਲੀ ਨੇ ਸੰਭਲ ਕੇ ਪਾਰੀ ਨੂੰ ਅੱਗੇ ਵਧਾਇਆ। ਧਵਨ ਨੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਪਰ ਕੋਹਲੀ ਆਪਣੇ ਅਰਧ-ਸੈਂਕੜੇ ਤੋਂ 4 ਦੌੜਾਂ ਨਾਲ ਖੁੰਝ ਗਿਆ ਅਤੇ 46 ਦੌੜਾਂ ‘ਤੇ ਸਪਿਨਰ ਇਮਰਾਨ ਤਾਹਿਰ ਦੀ ਗੇਂਦ ‘ਤੇ ਕੈਚ ਦੇ ਬੈਠਾ। ਧਵਨ ਨੇ ਪਹਿਲਾਂ ਕੋਹਲੀ ਨਾਲ ਦੂਜੀ ਵਿਕਟ ਲਈ 127 ਦੌੜਾਂ ਦੀ ਅਤੇ ਫਿਰ ਅਜਿੰਕੇ ਰਹਾਣੇ ਨਾਲ ਤੀਜੀ ਵਿਕਟ ਲਈ 125 ਦੌੜਾਂ ਮਹੱਤਵਪੂਰਨ ਸਾਂਝੇਦਾਰੀ ਕਰਕੇ ਭਾਰਤ ਨੂੰ ਮਜਬੂਤ ਸਥਿਤੀ ‘ਚ ਪਹੁੰਚਾਇਆ। ਧਵਨ 137 ਦੌੜਾਂ ਬਣਾ ਕੇ ਆਊਟ ਹੋਇਆ, ਜੋ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਵਿਰੁੱਧ ਕਿਸੇ ਬੱਲੇਬਾਜ਼ ਦਾ ਸਰਵਉੱਚ ਸਕੋਰ ਹੈ, ਪਹਿਲਾਂ ਇਹ ਰਿਕਾਰਡ ਨਿਊਜ਼ੀਲੈਂਡ ਦੇ ਸਟੀਫਿਨ ਫਲੇਮਿੰਗ (134*) ਦੇ ਨਾਂ ਸੀ। ਧਵਨ ਨੇ 146 ਗੇਂਦਾਂ ‘ਚ 16 ਚੌਕਿਆਂ ਤੇ 2 ਛੱਕਿਆਂ ਨਾਲ 13 ਦੌੜਾਂ ਬਣਾਈਆਂ। ਸੁਰੇਸ਼ ਰੈਣਾ 6 ਦੌੜਾਂ ਬਣਾ ਕੇ ਆਊਟ ਹੋ ਗਿਆ। ਰਹਾਣੇ ਨੇ 60 ਗੇਂਦਾਂ ‘ਚ 7 ਚੌਕਿਆਂ ਤੇ 3 ਛੱਕਿਆਂ ਨਾਲ 79 ਦੌੜਾਂ ਦੀ ਜੁਝਾਰੂ ਪਾਰੀ ਖੇਡੀ। ਰਵਿੰਦਰ ਜਡੇਜਾ 2 ਦੌੜਾਂ ਬਣਾ ਕੇ ਰਨ-ਆਊਟ ਹੋ ਗਿਆ। ਧੋਨੀ 11 ਗੇਂਦਾਂ ‘ਚ 18 ਦੌੜਾਂ ਬਣਾ ਕੇ ਵਿਕਟਕੀਪਰ ਹੱਥੋਂ ਕੈਚ ਆਊਟ ਹੋਇਆ। ਅਸ਼ਵਿਨ 5 ਤੇ ਮੁਹੰਮਦ ਸ਼ੰਮੀ 4 ਦੌੜਾਂ ਬਣਾ ਕੇ ਅਜੇਤੂ ਰਹੇ।
ਦੱਖਣੀ ਅਫਰੀਕਾ ਵਲੋਂ ਮੋਰਨੀ ਮੋਰਕਲ ਨੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਡੇਲ ਸਟੇਨ, ਇਮਰਾਨ ਤਾਹਿਰ ਤੇ ਵਾਇਨੇ ਪਾਰਨੇਲ ਨੂੰ ਇਕ-ਇਕ ਵਿਕਟ ਮਿਲੀ।

Facebook Comment
Project by : XtremeStudioz