Close
Menu

ਨਗਰ ਕੌਂਸਲ ਚੋਣਾਂ ਵਿੱਚ ਹਾਕਮ ਗੱਠਜੋੜ ਦੀ ਭਾਰੀ ਜਿੱਤ

-- 25 February,2015

ਚੰਡੀਗੜ,ਪੰਜਾਬ ਵਿੱਚ ਮਿਉਂਸਿਪਲ ਕਮੇਟੀਆਂ ਦੀਆਂ ਚੋਣਾਂ ਵਿੱਚ ਹਾਕਮ ਗੱਠਜੋੜ ਨੇ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਦਬਦਬਾ ਬਰਕਰਾਰ ਰੱਖਿਆ ਹੈ। ਸੂਬੇ ਦੇ 121 ਸ਼ਹਿਰਾਂ ਦੇ ਵੋਟਰਾਂ ਨੇ ਅੱਜ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਨੁਮਾਇੰਦਿਆਂ ਦੀ ਚੋਣ ਕੀਤੀ। ਕਈ ਸ਼ਹਿਰਾਂ ਵਿੱਚ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਦੌਰਾਨ ਸਮੁੱਚਾ ਚੋਣ ਅਮਲ ਨੇਪਰੇ ਚੜ੍ਹ ਗਿਆ। ਕੁੱਲ ਮਿਲਾ ਕੇ 78.66 ਫ਼ੀਸਦੀ ਤੋਂ ਜ਼ਿਆਦਾ ਮਤਦਾਨ ਹੋਇਆ। ਮਿਉਂਸਿਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੇ 100 ਦੇ ਕਰੀਬ ’ਚ ਜਿੱਤ ਦਾ ਝੰਡਾ ਲਹਿਰਾਇਆ ਹੈ ਜਦੋਂ ਕਿ ਕਾਂਗਰਸ 6 ਕਮੇਟੀਆਂ ’ਚ ਹੀ ਪ੍ਰਧਾਨਗੀ ਬਣਾਉਣ ਦੀ ਸਥਿਤੀ ’ਚ ਹੈ। ਭਾਜਪਾ ਨੇ ਵੀ ਆਪਣੇ ਬਲਬੂਤੇ ’ਤੇ ਚਾਰ ਕੌਂਸਲਾਂ ’ਤੇ ਕਬਜ਼ਾ ਕੀਤਾ ਹੈ। ਬਾਕੀ ਥਾਈਂ ਭਾਜਪਾ, ਅਕਾਲੀਆਂ ਨਾਲ ਰਲ ਕੇ ਖੁਸ਼ੀ ਮਨਾਉਣ ਦੇ ਕਾਬਲ ਹੋਈ ਦਿਖਾਈ ਦੇ ਰਹੀ ਹੈ। ਜੇਤੂ ਰਹੇ ਆਜ਼ਾਦ ਉਮੀਦਵਾਰਾਂ ਵਿੱਚ ਵੀ ਬਹੁ ਗਿਣਤੀ ਹਾਕਮ ਪਾਰਟੀਆਂ ਦੀ ਹਮਾਇਤ ਵਾਲੇ ਹੀ ਹਨ। ਤਰਨ ਤਾਰਨ ਸਮੇਤ ਹੋਰ ਜਿਨ੍ਹਾਂ ਸ਼ਹਿਰਾਂ ਵਿੱਚ ਗੱਠਜੋੜ ਪਾਰਟੀਆਂ ਦੇ ਉਮੀਦਵਾਰ ਸਿਰ ਧੜ ਦੀ ਬਾਜ਼ੀ ਬਣਾ ਕੇ ਲੜ ਰਹੇ ਸਨ, ਉਨ੍ਹਾਂ ’ਚ ਭਾਜਪਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਸ਼ਹਿਰੀ ਵੋਟਰਾਂ ਨੇ

ਇਨ੍ਹਾਂ ਚੋਣਾਂ ਵਿੱਚ ਡਟ ਕੇ ਹਿੱਸਾ ਲਿਆ। ਵੋਟਾਂ ਪੈਣ ਦਾ ਅਮਲ ਸ਼ੁਰੂ ਹੋਣ ਤੋਂ ਲੈ ਕੇ ਅੰਤ ਤਕ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ।
ਸੂਬੇ ਵਿੱਚ ਮਿਉਂਸਿਪਲ ਚੋਣਾਂ ਵਿੱਚ ਪਈਆਂ ਵੋਟਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਨਗਰ ਪੰਚਇਤਾਂ ਵਿੱਚ ਕਈ ਅਜਿਹੇ ਪਿੰਡ ਜਾਂ ਕਸਬੇ ਵੀ ਹਨ ਜਿੱਥੇ ਵੋਟ ਪ੍ਰਤੀਸ਼ਤ 90 ਫ਼ੀਸਦੀ ਦੇ ਨੇੜੇ ਜਾ ਢੁੱਕਿਆ। ਚੋਣ ਕਮਿਸ਼ਨ ਅਤੇ ਸਰਕਾਰ ਨੇ ਚੋਣ ਅਮਲ ਅਮਨ ਅਮਾਨ ਨਾਲ ਨੇਪਰੇ ਚੜ੍ਹਨ ’ਤੇ ਸੁਖ ਦਾ ਸਾਹ ਲਿਆ ਹੈ। ਇਹ ਚੋਣਾਂ ਸੂਬੇ ਦੀ ਰਾਜਨੀਤੀ ’ਤੇ ਅਸਰ ਛੱਡਣਗੀਆਂ। ਚੋਣ ਕਮਿਸ਼ਨ ਵੱਲੋਂ ਨਤੀਜਿਆਂ ਸਬੰਧੀ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਤਰਨ ਤਾਰਨ ਦੀਆਂ 23 ਸੀਟਾਂ ਵਿੱਚੋਂ ਅਕਾਲੀ ਦਲ ਨੇ 16 ਜਿੱਤ ਲਈਆਂ ਤੇ ਬਟਾਲਾ, ਜਿੱਥੇ ਅਕਾਲੀ-ਭਾਜਪਾ ਆਹਮੋ ਸਾਹਮਣੇ ਸਨ, ’ਚ ਵੀ ਅਕਾਲੀਆਂ ਨੇ ਬਾਕੀ ਪਾਰਟੀਆਂ ਨੂੰ ਪਛਾੜ ਦਿੱਤਾ। ਪਟਿਆਲਾ ਜ਼ਿਲ੍ਹੇ ਦੀਆਂ 5 ਕਮੇਟੀਆਂ ਵਿੱਚ ਕਾਂਗਰਸ ਸਿਰਫ਼ ਪਾਤੜਾਂ ਹੀ ਜਿੱਤ ਸਕੀ। ਬਾਕੀ ਚਾਰੇ ਸਨੌਰ, ਰਾਜਪੁਰਾ, ਨਾਭਾ, ਅਤੇ ਸਮਾਣਾ ’ਤੇ ਅਕਾਲੀ ਦਲ ਦਾ ਇਕੱਲੇ ਜਾਂ ਗੱਠਜੋੜ ਨੇ ਮਿਲ ਕੇ ਕਬਜ਼ਾ ਕਰ ਲਿਆ ਹੈ। ਜਲੰਧਰ ਜ਼ਿਲ੍ਹੇ ਵਿੱਚ 4 ਕੌਂਸਲਾਂ ਨੂਰਮਹਿਲ, ਆਦਮਪੁਰ, ਫਿਲੌਰ ਤੇ ਅਲਾਵਲਪੁਰ ’ਚ ਆਜ਼ਾਦ ਉਮੀਦਵਾਰ ਭਾਰੂ ਰਹੇ ਜਦੋਂ ਕਿ ਬਾਕੀ ਕਮੇਟੀਆਂ ਨਕੋਦਰ, ਲੋਹੀਆਂ ’ਚ ਆਜ਼ਾਦਾਂ ਦੇ ਸਹਾਰੇ ਅਕਾਲੀ-ਭਾਜਪਾ ਆਪਣੇ ਪ੍ਰਧਾਨ ਬਣਾ ਲਵੇਗੀ।
ਫਰੀਦਕੋਟ ਦੀਆਂ ਤਿੰਨਾਂ ਕਮੇਟੀਆਂ ਫਰੀਦਕੋਟ, ਜੈਤੋ ਅਤੇ ਕੋਟਕਪੂਰਾ ’ਤੇ ਵੀ ਅਕਾਲੀ ਦਲ ਅਤੇ ਅਕਾਲੀ ਦਲ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰ ਜੇਤੂ ਰਹੇ। ਤਰਨ ਤਾਰਨ, ਖੇਮਕਰਨ ਅਤੇ ਭਿੱਖੀਵਿੰਡ ’ਤੇ ਵੀ ਅਕਾਲੀ ਦਲ ਕਾਬਜ਼ ਹੋ ਗਿਆ। ਪਠਾਨਕੋਟ ਜ਼ਿਲ੍ਹੇ ਦੀ ਇਕਲੌਤੀ ਨਗਰ ਕੌਂਸਲ ਦੀਨਾ ਨਗਰ ਦੇ 15 ਵਾਰਡਾਂ ’ਚੋਂ 11 ਭਾਜਪਾ ਅਤੇ 4 ਕਾਂਗਰਸ ਨੇ ਜਿੱਤੇ। ਇਸ ਤਰ੍ਹਾਂ ਨਾਲ ਭਾਜਪਾ ਨੇ ਆਪਣੇ ਬਲਬੂਤੇ ਇਕ ਕਮੇਟੀ ਜਿੱਤ ਲਈ। ਮੋਗਾ ਜ਼ਿਲ੍ਹੇ ਦੀਆਂ ਤਿੰਨਾਂ ਕਮੇਟੀਆਂ ਕੋਟ ਈਸੇਖਾਂ, ਬੱਧਨੀ ਕਲਾਂ ਅਤੇ ਨਿਹਾਲ ਸਿੰਘ ਵਾਲਾ ਵੀ ਅਕਾਲੀ-ਭਾਜਪਾ ਗੱਠਜੋੜ ਦੀ ਝੋਲੀ ਪੈ ਗਈਆਂ। ਅੰਮ੍ਰਿਤਸਰ ਜ਼ਿਲ੍ਹੇ ਦੀਆਂ 5 ਕਮੇਟੀਆਂ ਅਜਨਾਲਾ, ਮਜੀਠਾ, ਰਈਆ, ਜੰਡਿਆਲਾ ਗੁਰੂ  ’ਤੇ ਅਕਾਲੀ ਦਲ ਦੀ ਝੰਡੀ ਰਹੀ। ਗੁਰਦਾਸਪੁਰ ਜ਼ਿਲ੍ਹੇ ਦੀਆਂ ਕਮੇਟੀਆਂ ਬਟਾਲਾ, ਕਾਦੀਆਂ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਧਾਰੀਵਾਲ, ਗੁਰਦਾਸਪੁਰ ਅਕਾਲੀ ਦਲ ਦੀ ਝੋਲੀ ਪੈ ਗਈਆਂ ਤੇ ਸ੍ਰੀ ਹਰਗੋਬਿੰਦਪੁਰ ’ਚ ਆਜ਼ਾਦ ਦਾ ਦਬਦਬਾ ਰਿਹਾ। ਮੁਹਾਲੀ ਦੀਆਂ ਤਿੰਨਾਂ ਕਮੇਟੀਆਂ ’ਤੇ ਹਾਕਮ ਗੱਠਜੋੜ ਦੀ ਚੜ੍ਹਤ ਰਹੀ। ਡੇਰਾਬਸੀ ਤੇ ਜ਼ੀਰਕਪੁਰ ’ਚ ਤਾਂ ਕਾਂਗਰਸ ਦੇ ਪੱਲੇ ਕੁਝ ਵੀ ਨਹੀਂ ਪਿਆ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸ਼ਹਿਰ ਫਤਿਹਗੜ੍ਹ ਸਾਹਿਬ ’ਚ ਅਕਾਲੀ-ਭਾਜਪਾ, ਮੰਡੀ ਗੋਬਿੰਦਗੜ੍ਹ ਤੇ ਬੱਸੀ ਪਠਾਣਾ ਵਿੱਚ ਆਜ਼ਾਦ ਉਮੀਦਵਾਰ ਸਾਰੀਆਂ ਪਾਰਟੀਆਂ ’ਤੇ ਭਾਰੂ ਰਹੇ।
ਬਠਿੰਡਾ ਜ਼ਿਲ੍ਹੇ ਦੀਆਂ ਕੁੱਲ 18 ਕਮੇਟੀਆਂ ਤੇ ਨਗਰ ਪੰਚਾਇਤਾਂ ਵਿੱਚੋਂ 11 ’ਤੇ ਅਕਾਲੀ ਦਲ ਨੂੰ ਸਪਸ਼ਟ ਬਹੁਮਤ, 2 ’ਤੇ ਅਕਾਲੀ-ਭਾਜਪਾ ਅਤੇ 5 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਮਾਨਸਾ ਜ਼ਿਲ੍ਹੇ ਦੀਆਂ ਕਮੇਟੀਆਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ। ਬੁਢਲਾਡਾ, ਬਰੇਟਾ ਅਤੇ ਜੋਗਾ ਵਿੱਚ ਬਹੁਸੰਮਤੀ ਆਜ਼ਾਦ ਨੂੰ ਮਿਲੀ ਜਦੋਂ ਕਿ ਬੋਹਾ ਤੇ ਸਰਦੂਲਗੜ੍ਹ ’ਚ ਹਾਕਮ ਗੱਠਜੋੜ ਨੂੰ ਬਹੁਮਤ ਮਿਲ ਗਿਆ। ਨਵਾਂਸ਼ਹਿਰ ਵਿੱਚ ਰਾਹੋਂ ’ਤੇ ਆਜ਼ਾਦ, ਨਵਾਂਸ਼ਹਿਰ ’ਚ ਕਾਂਗਰਸ ਤੇ ਬੰਗਾ ਅਕਾਲੀ-ਭਾਜਪਾ ਨੂੰ ਮਿਲੀਆਂ। ਲੁਧਿਆਣਾ ’ਚ ਰਾਏਕੋਟ  ਆਜ਼ਾਦ, ਖੰਨਾ ਤੇ ਦੁਰਾਹਾ ਕਾਂਗਰਸ, ਜਗਰਾਉਂ, ਪਾਇਲ ’ਚ ਅਕਾਲੀ-ਭਾਜਪਾ ਤੇ ਸਮਰਾਲਾ ਵਿੱਚ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ। ਹੁਸ਼ਿਆਰਪੁਰ ’ਚ ਮੁਕੇਰੀਆਂ ਭਾਜਪਾ, ਦਸੂਹਾ, ਸ਼ਾਮ ਚੁਰਾਸੀ ਤੇ ਗੜ੍ਹਸ਼ੰਕਰ ’ਚ ਭਾਜਪਾ ਤੇ ਆਜ਼ਾਦ, ਉੜਮੁੜ ਟਾਂਡਾ, ਗੜ੍ਹਦੀਵਾਲਾ, ਹਰਿਆਣਾ ’ਚ ਅਕਾਲੀ-ਭਾਜਪਾ ਗੱਠਜੋੜ ਨੂੰ ਬਹੁ ਸੰਮਤੀ ਮਿਲ ਗਈ।
ਰੋਪੜ ਜ਼ਿਲ੍ਹੇ ਦੇ ਰੋਪੜ ਸ਼ਹਿਰ, ਕੁਰਾਲੀ ਤੇ ਨੰਗਲ ’ਚ ਹਾਕਮ ਗੱਠਜੋੜ ਜਦੋਂ ਕਿ ਬਾਕੀ ਸ਼ਹਿਰਾਂ ਆਨੰਦਪੁਰ ਸਾਹਿਬ, ਨੂਰਪੁਰਬੇਦੀ, ਚਮਕੌਰ ਸਾਹਿਬ ਅਤੇ ਮੋਰਿੰਡਾ ਵਿੱਚ ਆਜ਼ਾਦ ਉਮੀਦਵਰ ਬਾਕੀ ਸਾਰੀਆਂ ਪਾਰਟੀਆਂ ਤੋਂ ਅਗਾਂਹ ਰਹੇ। ਸੰਗਰੂਰ ਜ਼ਿਲ੍ਹੇ ਵਿੱਚ ਅਕਾਲੀ-ਭਾਜਪਾ ਗੱਠਜੋੜ ਦੇ ਹਿੱਸੇ ਸੰਗਰੂਰ, ਧੂਰੀ, ਅਮਰਗੜ੍ਹ, ਭਵਾਨੀਗੜ੍ਹ, ਆਈਆਂ ਜਦੋਂ ਕਿ ਸੁਨਾਮ, ਅਹਿਮਦਗੜ੍ਹ ਤੇ ਲੌਂਗੋਵਾਲ ’ਚ ਆਜ਼ਾਦ, ਮਲੇਰਕੋਟਲਾ ਤੇ ਲਹਿਰਾਗਾਗਾ ਵਿੱਚ ਕਿਸੇ ਧਿਰ ਨੂੰ ਵੀ ਬਹੁਮਤ ਹਾਸਲ ਨਹੀਂ ਹੋਇਆ।
ਬਰਨਾਲਾ ਜ਼ਿਲ੍ਹੇ ’ਚ ਹਾਕਮ ਗੱਠਜੋੜ ਨੂੰ ਤਪਾ ਤੇ ਭਦੌੜ ’ਚ ਬਹੁਮਤ ਮਿਲਿਆ ਜਦੋਂ ਕਿ ਬਰਨਾਲਾ ਸ਼ਹਿਰ ਤੇ ਧਨੌਲਾ ’ਚ ਆਜ਼ਾਦ ਉਮੀਦਵਾਰਾਂ ਨੇ ਤਿੰਨਾਂ ਪਾਰਟੀਆਂ ਦੀ ਖੇਡ ਵਿਗਾੜ ਦਿੱਤੀ ਤੇ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ। ਫਾਜ਼ਿਲਕਾ ਜ਼ਿਲ੍ਹੇ ’ਚ ਅਬੋਹਰ ਦੀ ਕਮੇਟੀ ’ਤੇ ਭਾਜਪਾ ਨੂੰ ਬਹੁਮਤ ਤੇ ਫਾਜ਼ਿਲਕਾ ਤੇ ਅਰਨੀਵਾਲਾ ’ਚ ਗੱਠਜੋੜ ਦੇ ਉਮੀਦਵਾਰ ਜ਼ਿਆਦਾ ਜੇਤੂ ਰਹੇ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜ਼ੀਰਾ, ਗੁਰੂ ਹਰਸਹਾਏ, ਮੁੱਦਕੀ, ਮਮਦੋਟ ’ਚ ਅਕਾਲੀ ਦਲ ਤੇ ਫਿਰੋਜ਼ਪੁਰ ’ਚ ਭਾਜਪਾ ਨੂੰ ਸਪਸ਼ਟ ਬਹੁਮਤ ਮਿਲਿਆ। ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹੇ ਦੀਆਂ ਤਿੰਨ ਕਮੇਟੀਆਂ ਵਿੱਚੋਂ ਗਿੱਦੜਬਾਹਾ ਵਿੱਚ ਕਾਂਗਰਸ ਬਹੁਮਤ ਤੋਂ ਇਕ ਸੀਟ ਘੱਟ ਹਾਸਲ ਕਰ ਸਕੀ ਤੇ ਆਜ਼ਾਦ ਉਮੀਦਵਾਰਾਂ ਦੇ ਸਹਾਰੇ ਕਬਜ਼ਾ ਕਰ ਸਕਦੀ ਹੈ ਜਦੋਂ ਕਿ ਮਲੋਟ ਤੇ ਮੁਕਤਸਰ ਵਿੱਚ ਅਕਾਲੀ ਦਲ ਨੂੰ ਸਪਸ਼ਟ ਬਹੁਮਤ ਮਿਲ ਗਿਆ ਹੈ। ਕਪੂਰਥਲਾ ਜ਼ਿਲ੍ਹੇ ਵਿੱਚ ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਨਡਾਲਾ ਵਿੱਚ ਵੀ ਅਕਾਲੀ ਦਲ ਜੇਤੂ ਰਿਹਾ।

ਲੋਕ ਹੁੰਮ ਹੁਮਾ ਕੇ ਵੋਟਾਂ ਪਾਉਣ ਨਿਕਲੇ; 78.60 ਫੀਸਦੀ ਪੋਲਿੰਗ
ਪੰਜਾਬ ਵਿੱਚ ਮਿਉਂਸਿਪਲ ਕਮੇਟੀਆਂ ਦੀਆਂ ਚੋਣਾਂ ਦੌਰਾਨ 78.60 ਫ਼ੀਸਦੀ ਵੋਟਾਂ ਪਈਆਂ। ਸਭ ਤੋਂ ਜ਼ਿਆਦਾ ਵੋਟਾਂ ਬਠਿੰਡਾ ਜ਼ਿਲ੍ਹੇ ਵਿੱਚ ਪਈਆਂ ਜਿੱਥੇ ਰਿਕਾਰਡ 87.11 ਫ਼ੀਸਦੀ ਮਤਦਾਨ ਹੋਇਆ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਜ਼ਿਲ੍ਹਾ ਵਾਰ ਅੰਕੜਿਆਂ ਮੁਤਾਬਕ ਅੰਮ੍ਰਿਤਸਰ ’ਚ 77.69, ਬਠਿੰਡਾ ’ਚ 87.11, ਬਰਨਾਲਾ ’ਚ 82, ਫਿਰੋਜ਼ਪੁਰ ’ਚ 79.62, ਫਰੀਦਕੋਟ ’ਚ 77.20, ਫ਼ਾਜ਼ਿਲਕਾ ’ਚ 78, ਫਤਿਹਗੜ੍ਹ ਸਾਹਿਬ ’ਚ 80.55, ਗੁਰਦਾਸਪੁਰ ’ਚ 72, ਹੁਸ਼ਿਆਰਪੁਰ ’ਚ 78.62, ਜਲੰਧਰ -’ਚ 78.64, ਕਪੂਰਥਲਾ ’ਚ 79, ਲੁਧਿਆਣਾ ’ਚ 78.32, ਮੋਗਾ ’ਚ 85.18, ਮਾਨਸਾ ’ਚ 85.60, ਪਟਿਆਲਾ ’ਚ 72, ਪਠਾਨਕੋਟ ’ਚ 79.50, ਰੋਪੜ ’ਚ 75.51, ਮੁਕਤਸਰ ਸਾਹਿਬ ’ਚ 74.25, ਮੁਹਾਲੀ ’ਚ 76.90, ਸੰਗਰੂਰ ’ਚ 82.71, ਨਵਾਂਸ਼ਹਿਰ ’ਚ 76.18, ਤਰਨ ਤਾਰਨ ’ਚ 72.80 ਫ਼ੀਸਦੀ ਵੋਟਾਂ ਪਈਆਂ ।

Facebook Comment
Project by : XtremeStudioz