Close
Menu

ਨਡਾਲ ਅਤੇ ਡੇਲ ਪੋਤਰੋ ਸੈਮੀਫਾਈਨਲ ‘ਚ

-- 05 September,2018

ਨਿਊਯਾਰਕ— ਸਾਬਕਾ ਚੈਂਪੀਅਨ ਰਾਫੇਲ ਨਡਾਲ ਨੇ ਉਤਰਾਅ-ਚੜ੍ਹਾਅ ਭਰੇ ਰੋਮਾਂਚਕ ਕੁਆਰਟਰ ਫਾਈਨਲ ‘ਚ ਨੌਵਾਂ ਦਰਜਾ ਪ੍ਰਾਪਤ ਡੋਮੀਨਿਕ ਥਿਏਮ ਨੂੰ ਪੰਜ ਸੈੱਟਾਂ ‘ਚ ਹਰਾ ਕੇ ਸਤਵੀਂ ਵਾਰ ਅਮਰੀਕੀ ਓਪਨ ਪੁਰਸ਼ ਸਿੰਗਲ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਬੁੱਧਵਾਰ ਰਾਤ ਦੋ ਵਜ ਕੇ ਚਾਰ ਮਿੰਟ ‘ਤੇ ਖਤਮ ਹੋਏ ਮੈਚ ‘ਚ ਦੁਨੀਆ ਦੇ ਨੰਬਰ ਇਕ ਖਿਡਾਰੀ ਨਡਾਲ ਨੇ ਚਾਰ ਘੰਟੇ ਅਤੇ 49 ਮਿੰਟ ‘ਚ 0-6, 6-4, 7-5, 6-7 (4/7), 7-6 (7/5) ਨਾਲ ਜਿੱਤ ਦਰਜ ਕੀਤੀ। ਨਡਾਲ ਨੂੰ ਹੁਣ ਨਿਊਯਾਰਕ ‘ਚ ਚੌਥੇ ਅਤੇ ਕਰੀਅਰ ਦੇ 18ਵੇਂ ਗ੍ਰੈਂਡਸਲੈਮ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।ਨਡਾਲ ਨੇ ਪਹਿਲੇ ਸੈੱਟ ‘ਚ ਆਪਣੀਆਂ ਤਿੰਨੇ ਸਰਵਿਸ ਗੁਆਈਆਂ ਜਦਕਿ ਚੌਥੇ ਸੈੱਟ ‘ਚ ਉਨ੍ਹਾਂ ਨੇ ਸਰਵਿਸ ਗੁਆਉਣ ਦੇ ਬਾਅਦ ਵਾਪਸੀ ਕੀਤੀ। ਨਡਾਲ ਨੇ ਟੂਰਨਾਮੈਂਟ ਦਾ ਆਪਣਾ ਸਭ ਤੋਂ ਵੱਡਾ ਮੈਚ ਖੇਡਣ ਦੇ ਬਾਅਦ ਕਿਹਾ, ”ਮੈਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਇਹ ਸਹੀ ਹੈ।” ਉਨ੍ਹਾਂ ਕਿਹਾ, ”ਮੈਂ ਡੋਮੀਨਿਕ ਨੂੰ ਸੌਰੀ ਕਿਹਾ। ਉਹ ਸ਼ਾਨਦਾਰ ਖਿਡਾਰੀ ਹੈ, ਕਰੀਬੀ ਮਿੱਤਰ ਜਿਸ ਨੂੰ ਖਿਤਾਬ ਜਿੱਤਣ ਦੇ ਕਈ ਹੋਰ ਮੌਕੇ ਮਿਲਣਗੇ।” ਥਿਏਮ ਨੇ ਮੈਚ ‘ਚ 18 ਐੱਸ ਅਤੇ 74 ਵਿਨਰ ਲਗਾਏ ਪਰ ਉਨ੍ਹਾਂ ਨੂੰ 58 ਸਹਿਜ ਗਲਤੀਆਂ ਦਾ ਖਾਮੀਆਜ਼ਾ ਭੁਗਤਨਾ ਪਿਆ।  ਸੈਮੀਫਾਈਨਲ ‘ਚ ਨਡਾਲ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਮਾਰਟਿਨ ਡੇਲ ਪੋਤਰੋ ਨਾਲ ਹੋਵੇਗਾ ਜਿਨ੍ਹਾਂ ਨੇ ਜਾਨ ਇਸਨਰ ਨੂੰ ਹਰਾ ਕੇ ਤੀਜੀ ਵਾਰ ਅਮਰੀਕੀ ਓਪਨ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਇਸਨਰ ਦੀ ਹਾਰ ਦੇ ਨਾਲ 2003 ਤੋਂ ਇੱਥੇ ਪਹਿਲਾ ਪੁਰਸ਼ ਸਿੰਗਲ ਚੈਂਪੀਅਨ ਖਿਡਾਰੀ ਬਣਨ ਦਾ ਮੇਜ਼ਬਾਨ ਦੇਸ਼ ਦਾ ਸੁਪਨਾ ਟੁੱਟ ਗਿਆ। ਸਾਲ 2009 ‘ਚ ਚੈਂਪੀਅਨ ਅਰਜਨਟੀਨਾ ਦੇ ਡੇਲ ਪੋਤਰੋ ਨੇ ਸਥਾਨਕ ਖਿਡਾਰੀ ਦੇ ਖਿਲਾਫ ਸੈੱਟ ਗੁਆ ਦਿੱਤਾ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ 6-7, (5/7), 6-3, 7-6 (7/4), 6-2 ਨਾਲ ਜਿੱਤ ਦਰਜ ਕੀਤੀ। ਆਪਣੇ ਘਰੇਲੂ ਗ੍ਰੈਂਡਸਲੈਮ ‘ਚ ਪਹਿਲੀ ਵਾਰ ਕੁਆਰਟਰ ਫਾਈਨਲ ਖੇਡ ਰਹੇ 11ਵਾਂ ਦਰਜਾ ਪ੍ਰਾਪਤ ਇਸਨਰ ਨੇ ਪਹਿਲਾ ਸੈੱਟ ਜਿੱਤ ਲਿਆ ਪਰ ਡੇਲ ਪੇਤਰੋ ਨੇ ਤਿੰਨ ਘੰਟੇ ਅਤੇ 31 ਮਿੰਟ ਤਕ ਚਲੇ ਮੈਚ ਦੇ ਦੌਰਾਨ ਇਕ ਵਾਰ ਵੀ ਆਪਣੀ ਸਰਵਿਸ ਨਹੀਂ ਗੁਆਈ। ਇਸਨਰ ਨੇ ਇਸ ਮੈਚ ‘ਚ 26 ਐੱਸ. ਲਗਾਏ ਅਤੇ ਉਨ੍ਹਾਂ ਨੂੰ 52 ਸਹਿਜ ਗਲਤੀਆਂ ਦਾ ਖਾਮੀਆਜ਼ਾ ਭੁਗਤਨਾ ਪਿਆ ਜਦਕਿ ਡੇਲ ਪੋਤਰੋ ਨੇ ਸਿਰਫ 14 ਸਹਿਜ ਗਲਤੀਆਂ ਕੀਤੀਆਂ।

Facebook Comment
Project by : XtremeStudioz