Close
Menu

ਨਡਾਲ ਤੇ ਜੋਕੋਵਿਕ ਵਿਚਾਲੇ ਹੋ ਸਕਦੈ ਕੁਆਰਟਰ ਫਾਈਨਲ

-- 23 May,2015

ਸੇਰੇਨਾ ਨੂੰ ਵੀ ਮੁਸ਼ਕਿਲ ਡਰਾਅ
ਪੈਰਿਸ¸ ਰੋਲਾਂ ਗੈਰਾਂ ਦੀ ਲਾਲ ਬੱਜਰੀ ਦੇ ਬਾਦਸ਼ਾਹ ਰਾਫੇਲ ਨਡਾਲ ਨੂੰ ਦਸਵੀਂ ਵਾਰ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਣ ਦੇ ਰਸਤੇ ਵਿਚ ਕੁਆਰਟਰ ਫਾਈਨਲ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦਕਿ ਮਹਿਲਾਵਾਂ ਵਿਚ ਚੋਟੀ ਦਰਜਾ ਸੇਰੇਨਾ ਵਿਲੀਅਮਸ ਨੂੰ ਆਖਰੀ ਅੱਠ ਤੋਂ ਪਹਿਲਾਂ ਹੀ ਮੁਸ਼ਕਿਲ ਵਿਰੋਧੀਆਂ ਨਾਲ ਜੂਝਣਾ ਪਵੇਗਾ।
ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਸਾਲ ਦੇ ਇਸ ਦੂਜੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਅੱਜ ਡਰਾਅ ਕੱਢੇ ਗਏ। ਨਡਾਲ ਨੂੰ ਰੈਂਕਿੰਗ ਵਿਚ ਸੱਤਵੇਂ ਸਥਾਨ ‘ਤੇ ਖਿਸਕਣ ਕਾਰਨ ਨੁਕਸਾਨ ਹੋਇਆ। ਪਿਛਲੇ 10 ਸਾਲਾਂ ਵਿਚ 9 ਵਾਰ ਰੋਲਾਂ ਗੈਰਾਂ ‘ਤੇ ਚੈਂਪੀਅਨ ਰਹੇ ਸਪੇਨ ਦੇ ਇਸ ਖਿਡਾਰੀ ਨੂੰ ਕੈਨੇਡਾ ਦੇ ਮਿਲੋਸ ਰਾਓਨਿਕ ਦੇ ਹਟਣ ਕਾਰਨ ਫ੍ਰੈਂਚ ਓਫਨ ਵਿਚ ਛੇਵਾਂ ਦਰਜਾ ਦਿੱਤਾ ਗਿਆ ਤੇ ਇਸ ਲਈ ਉਸ ਨੂੰ ਕੁਆਰਟਰ ਫਾਈਨਲ ਵਿਚ ਵੀ ਹੀ ਜੋਕੋਵਿਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਸਾਲ ਕਲੇਅ ਕੋਰਟ ‘ਤੇ 5 ਵਾਰ ਹਾਰ ਜਾਣ ਵਾਲੇ ਨਡਾਲ ਲਈ ਇਹ ਕਾਫੀ ਅਜੀਬੋ-ਗਰੀਬ ਸਥਿਤੀ ਹੈ। ਉਸ ਨੇ ਕਿਹਾ, ”ਇਹ ਅਜੀਬ ਹੈ। ਮੇਰੇ ਨਾਲ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਪਰ ਕੁਆਰਟਰ ਫਾਈਨਲ ਤੋਂ ਪਹਿਲਾਂ ਮੈਨੂੰ ਚਾਰ ਮੈਚ ਖੇਡਣੇ ਹਨ। ਮੈਨੂੰ ਅਜੇ ਪਹਿਲੇ ਦੌਰ ਲਈ ਤਿਆਰੀ ਕਰਨੀ ਹੋਵੇਗੀ।”

ਨਡਾਲ ਆਪਣੀ ਮੁਹਿੰਮ ਦੀ ਸ਼ੁਰੁਆਤ ਫਰਾਂਸ ਦੇ ਵਾਈਲਡ ਕਾਰਡ ਧਾਰਕ ਕਵਿੰਟਨ ਹਾਲੀਜ ਵਿਰੁੱਧ ਕਰੇਗਾ ਜਦਕਿ ਜੋਕੋਵਿਕ ਪਹਿਲੇ ਦੌਰ ਵਿਚ ਫਿਨਲੈਂਡ ਦੇ ਅਨੁਭਵੀ ਜਾਰਕੋ ਨੇਮੀਨੇਨ ਨਾਲ ਭਿੜੇਗਾ।
ਫ੍ਰੈਂਚ ਓਪਨ ਵਿਚ ਨਡਾਲ ਦਾ ਰਿਕਾਰਡ 66-1 ਹੈ। ਉਸ ਨੂੰ ਇੱਥੇ ਸਿਰਫ ਇਕ ਵਾਰ 2009 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਡਰਾਅ ਵਿਚ ਉਸਦੇ ਹਾਫ ਵਿਚ ਤੀਜਾ ਦਰਜਾ ਪ੍ਰਾਪਤ ਐਂਡੀ ਮਰੇ ਤੇ ਗ੍ਰਿਗੋਰ ਦਿਮਿਤ੍ਰੋਵ ਵੀ ਸ਼ਾਮਲ ਹਨ। ਰੋਜਰ ਫੈਡਰਰ ਦੂਜੇ ਹਾਫ ਵਿਚ ਹੈ ਤੇ ਉਸਦਾ ਰਸਤਾ ਕਾਫੀ ਆਸਾਨ ਲੱਗਦਾ ਹੈ। ਉਸ ਨੂੰ ਕੁਆਰਟਰ ਫਾਈਨਲ ਵਿਚ ਹਮਵਤਨ ਸਵਿਸ ਖਿਡਾਰੀ ਸਟੈਨ ਵਾਵਰਿੰਕਾ ਨਾਲ ਭਿੜਨਾ ਪੈ ਸਕਦਾ ਹੈ। ਫੈਡਰਰ ਪਹਿਲੇ ਦੌਰ ਵਿਚ ਕੁਆਲੀਫਾਇਰ ਵਿਚ ਭਿੜੇਗਾ।
ਇਸੇ ਤਰ੍ਹਾਂ ਨਾਲ ਮਰੇ ਨੂੰ ਆਖਰੀ ਅੱਠ ਵਿਚ ਡੇਵਿਡ ਫੇਰਰ ਦਾ ਜਦਕਿ ਟਾਮਸ ਬਰਡੀਚ ਨੂੰ ਜਾਪਾਨ ਦੇ ਕੇਈ ਨਿਸ਼ੀਕੋਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਰੇ ਨੂੰ ਨੂੰ ਸੈਮੀਫਾਈਨਲ ਵਿਚ ਜੋਕੋਵਿਕ ਤੇ ਨਡਾਲ ਵਿਚਾਲੇ ਮੈਚ ਦੇ ਜੇਤੂ ਨਾਲ ਭਿੜਨਾ ਪੈ ਸਕਦਾ ਹੈ।

ਮਹਿਲਾਵਾਂ ਦੇ ਡਰਾਅ ਵਿਚ ਦੁਨੀਆ ਦੀ ਨੰਬਰ ਇਕ ਖਿਡਾਰਨ ਸੇਰੇਨਾ ਲਈ ਇਹ ਰਸਤਾ ਆਸਾਨ ਨਹੀਂ ਹੈ। ਉਸ ਨੂੰ ਤੀਜੇ ਦੌਰ ਵਿਚ ਆਪਣੀ ਪੁਰਾਣੇ ਵਿਰੋਧੀ ਵਿਕਟੋਰੀਆ ਅਜਾਰੇਂਕੋ ਨਾਲ ਤੇ ਫਿਰ ਆਖਰੀ-16 ਵਿਚ ਆਪਣੀ ਵੱਡੀ ਭੈਣ ਵੀਨਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਕੁਆਲੀਫਾਇਰ ਵਿਰੁੱਧ ਕਰੇਗੀ।
ਦੂਜਾ ਦਰਜਾ ਪ੍ਰਾਪਤ ਰੂਸੀ ਖਿਡਾਰੀ ਮਾਰੀਆ ਸ਼ਾਰਾਪੋਵਾ ਨੂੰ ਸ਼ੁਰੂ ਵਿਚ ਐਸਤੋਨੀਆ ਦੀ ਕਾਇਆ ਕਾਨੇਪੀ ਦੀ ਚੁਣੌਤੀ ਨਾਲ ਜੂਝਣਾ ਪਵੇਗਾ। ਕੁਆਰਟਰ ਫਾਈਨਲ ਵਿਚ ਉਸਦੇ ਸਾਹਮਣੇ ਸਪੇਨ ਦੀ ਕਲੇਕਕੋਰਟ ਮਾਹਿਰ ਕਾਰਲਾ ਸੂਆਰੇਜ ਨਵਾਰੋ ਨਾਲ ਹੋ ਸਕਦਾ ਹੈ। ਤੀਜਾ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਨੂੰ ਕੁਆਰਟਰ ਫਾਈਨਲ ਵਿਚ ਕੈਨੇਡਾ ਦੀ ਸਟਾਰ ਇਯੂਗੇਨੀ ਬੁਚਾਰਡ ਨਾਲ ਭਿੜਨਾ ਪੈ ਸਕਦਾ ਹੈ।

Facebook Comment
Project by : XtremeStudioz