Close
Menu

ਨਰਿੰਦਰ ਮੋਦੀ 13 ਨੂੰ ਅਤੇ ਪ੍ਰਿਯੰਕਾ 14 ਮਈ ਨੂੰ ਬਠਿੰਡਾ ’ਚ ਕਰਨਗੇ ਰੈਲੀਆਂ

-- 11 May,2019

ਬਠਿੰਡਾ, 11 ਮਈ
ਬਠਿੰਡਾ ਹਲਕੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਤੋਂ ਅਗਲੇ ਦਿਨ ਹੀ ਪ੍ਰਿਯੰਕਾ ਗਾਂਧੀ ਵੱਲੋਂ ਚੋਣ ਰੈਲੀ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਵਿਚ 13 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਸ਼ਹਿਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਕਾਂਗਰਸ ਨੇ ਨਰਿੰਦਰ ਮੋਦੀ ਦੀ ਰੈਲੀ ਤੋਂ ਅਗਲੇ ਦਿਨ 14 ਮਈ ਨੂੰ ਹੀ ਪ੍ਰਿਯੰਕਾ ਗਾਂਧੀ ਦੀ ਰੈਲੀ ਬਠਿੰਡਾ ਵਿਚ ਰੱਖੀ ਹੈ।
ਨਰਿੰਦਰ ਮੋਦੀ ਦੀ ਰੈਲੀ ਰੋਜ਼ ਗਾਰਡਨ ਨੇੜੇ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ 2014 ਮੌਕੇ ਨਰਿੰਦਰ ਮੋਦੀ ਦੀ ਚੋਣ ਰੈਲੀ ਮਾਡਲ ਟਾਊਨ ਫੇਜ਼ ਤਿੰਨ ਦੇ ਗਰਾਊਂਡ ਵਿਚ ਕੀਤੀ ਗਈ ਸੀ। ਮੋਦੀ ਦੀ ਰੈਲੀ ਦੀਆਂ ਤਿਆਰੀਆਂ ਦਾ ਕੰਮ ਅੱਜ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹਰਸਿਮਰਤ ਦੇ ਚੋਣ ਪ੍ਰਚਾਰ ਨੂੰ ਸਿਖਰ ’ਤੇ ਲੈ ਕੇ ਜਾਵੇਗੀ। ਬਠਿੰਡਾ ਸ਼ਹਿਰ ਵਿਚ ਇਹ ਰੈਲੀ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੀਆਂ ਚੋਣਾਂ ਸਮੇਂ ਬਠਿੰਡਾ ਸ਼ਹਿਰ ਵਿਚੋਂ ਅਕਾਲੀ ਉਮੀਦਵਾਰ ਦੀ 30 ਹਜ਼ਾਰ ਵੋਟ ਘਟ ਗਈ ਸੀ।
ਦੂਜੇ ਪਾਸੇ ਕਾਂਗਰਸ ਨੇ ਵੀ ਨਰਿੰਦਰ ਮੋਦੀ ਦੀ ਰੈਲੀ ਨੂੰ ਸਿਆਸੀ ਤੌਰ ’ਤੇ ਧੋਣ ਲਈ ਅਗਲੇ ਦਿਨ ਹੀ 14 ਮਈ ਨੂੰ ਪ੍ਰਿਯੰਕਾ ਗਾਂਧੀ ਦੀ ਬਠਿੰਡਾ ਵਿਚ ਚੋਣ ਰੈਲੀ ਰੱਖ ਦਿੱਤੀ ਹੈ। ਪ੍ਰਿਯੰਕਾ ਵੱਲੋਂ ਰਾਜਾ ਵੜਿੰਗ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੱਤਾ ਜਾਵੇਗਾ। ਕਾਂਗਰਸੀ ਆਗੂਆਂ ਵੱਲੋਂ ਰੋਡ ਸ਼ੋਅ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਐਨ ਮੌਕੇ ’ਤੇ ਰੋਡ ਸ਼ੋਅ ਤੋਂ ਪਾਸਾ ਵੱਟ ਗਏ ਸਨ ਜਿਸ ਮਗਰੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਨੇ ਰੋਡ ਸ਼ੋਅ ਕੀਤਾ ਸੀ। ਕਾਂਗਰਸ ਦੇ ਸਕੱਤਰ ਕੇ.ਕੇ. ਅਗਰਵਾਲ ਨੇ ਦੱਸਿਆ ਕਿ ਪ੍ਰਿਯੰਕਾ ਗਾਂਧੀ ਦੀ 14 ਮਈ ਨੂੰ ਬਠਿੰਡਾ ਵਿਚ ਹੋਣ ਵਾਲੀ ਚੋਣ ਰੈਲੀ ਵਾਸਤੇ ਜਗ੍ਹਾ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਇਸ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿਚ ਉਤਸ਼ਾਹ ਹੈ।

Facebook Comment
Project by : XtremeStudioz