Close
Menu

ਨਵਜੋਤ ਸਿੱਧੂ ਨੇ ਰਾਜਨਾਥ ਨੂੰ ਸੁਣਾਏ ਦੁਖੜੇ

-- 22 September,2013

21ptnw32

ਅੰਮ੍ਰਿਤਸਰ, 22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਅੱਜ ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਸਰਕਾਰ ਨਾਲ ਚੱਲ ਰਹੇ ਮਤਭੇਦਾਂ ਬਾਰੇ ਸਮੁੱਚੀ ਸਥਿਤੀ ਤੋਂ ਜਾਣੂੰ ਕਰਾਇਆ। ਸ੍ਰੀ ਸਿੱਧੂ ਚੰਡੀਗੜ੍ਹ ਵਿਚ ਅੱਜ ਆਰੰਭ ਹੋਈ ਭਾਜਪਾ ਦੀ ਕੋਰ ਕਮੇਟੀ ਦੀ ਤਿੰਨ ਦਿਨਾ ਮੀਟਿੰਗ ਵਿਚ ਸ਼ਾਮਲ ਹੋਣ ਲਈ 23 ਸਤੰਬਰ ਨੂੰ ਚੰਡੀਗੜ੍ਹ ਜਾਣਗੇ।

ਦਿੱਲੀ ਵਿਖੇ ਭਾਜਪਾ ਪ੍ਰਧਾਨ ਨਾਲ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਮੁਲਾਕਾਤ ਲਈ ਸੱਦਿਆ ਗਿਆ ਸੀ। ਇਸ ਮੀਟਿੰਗ ਦੌਰਾਨ ਉਨ੍ਹਾਂ ਆਪਣੇ ਸਾਰੇ ਦੁੱਖੜੇ ਉਨ੍ਹਾਂ ਸਾਹਮਣੇ ਰੱਖੇ ਹਨ। ਇਸ ਸਬੰਧੀ ਇਕ ਤਿੰਨ ਸਫਿਆਂ ਦਾ ਪੱਤਰ ਵੀ ਉਨ੍ਹਾਂ ਨੂੰ ਸੌਂਪਿਆ ਹੈ, ਜਿਸ ਵਿਚ ਮੌਜੂਦਾ ਸਥਿਤੀ ਬਾਰੇ ਵਿਸਥਾਰ ਵਿਚ ਵੇਰਵੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਰਾਜਨਾਥ ਸਿੰਘ ਨੂੰ ਦੱਸਿਆ ਕਿ ਕਿਸ ਢੰਗ ਨਾਲ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਪੂਰਾ ਹੋਣ ਤੋਂ ਰੋਕਿਆ ਗਿਆ ਹੈ। ਇਨ੍ਹਾਂ ਯੋਜਨਾਵਾਂ ਸਬੰਧੀ ਅੰਮ੍ਰਿਤਸਰ ਨਗਰ ਸੁਧਾਰ ਟਰਸੱਟ ਵਿਚ ਆਏ ਫੰਡਾਂ ਨੂੰ ਹੋਰਨਾਂ ਸ਼ਹਿਰਾਂ ਦੇ ਵਿਕਾਸ ਲਈ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਹੁਣ ਅਕਾਲੀ ਆਗੂਆਂ ਤੇ ਸਮਰਥਕਾਂ ਵਲੋਂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਮੁੱਖ ਸੰਸਦੀ ਸਕੱਤਰ ਦੇ ਪ੍ਰੋਗਰਾਮਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਰਾਜਨਾਥ ਨੇ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਸੁਣਿਆ ਹੈ। ਇਸ ਮੀਟਿੰਗ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਰਾਮ ਲਾਲ ਵੀ ਹਾਜ਼ਰ ਸਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਭਾਜਪਾ ਪ੍ਰਧਾਨ ਨੇ ਚੰਡੀਗੜ੍ਹ ਵਿਖੇ ਹੋ ਰਹੀ ਪਾਰਟੀ ਦੀ ਕੋਰ ਕਮੇਟੀ ਦੀ ਤਿੰਨ ਦਿਨਾ ਮੀਟਿੰਗ ਵਿਚ ਵੀ ਸ਼ਾਮਲ ਹੋਣ ਲਈ ਆਖਿਆ ਹੈ ਅਤੇ ਉਹ 23 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਉਹ ਇਸ ਮੀਟਿੰਗ ਵਿੱਚ ‘ਅੰਮ੍ਰਿਤਸਰ ਦੇ ਦੂਤ’ ਵਜੋਂ ਸ਼ਾਮਲ ਹੋਣਗੇ। ਇਸੇ ਦਿਨ ਹੀ ਮੀਟਿੰਗ ਵਿੱਚ ਰਾਜਨਾਥ ਸਿੰਘ ਵੀ ਸ਼ਾਮਲ ਹੋਣ ਲਈ ਪੁੱਜਣਗੇ। ਆਪਣੇ ਚੰਡੀਗੜ੍ਹ ਦੌਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਾਰੇ ਸ੍ਰੀ ਸਿੱਧੂ ਨੇ ਆਖਿਆ ਕਿ ਫਿਲਹਾਲ ਅਜਿਹੀ ਮੁਲਾਕਾਤ ਬਾਰੇ ਕੋਈ ਯੋਜਨਾ ਨਹੀਂ ਹੈ ਅਤੇ ਨਾ ਹੀ ਰਾਜਨਾਥ ਸਿੰਘ ਵੱਲੋਂ ਅਕਾਲੀ ਆਗੂਆਂ ਨਾਲ ਮੁਲਾਕਾਤ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਹੈ। ਉਨ੍ਹਾਂ ਦੁਹਰਾਇਆ ਕਿ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਨਿਆਂ ਪ੍ਰਾਪਤ ਹੋਣ ਤਕ ਆਪਣੀ ਜੰਗ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੋਈ ਵੀ ਉਨ੍ਹਾਂ ਉਪਰ ਦੋਸ਼ ਨਹੀਂ ਲਾ ਸਕਦਾ ਕਿ ਇਹ ਜੰਗ ਉਹ ਆਪਣੇ ਨਿੱਜੀ ਹਿੱਤਾਂ ਜਾਂ ਪਾਰਟੀ ਲਈ ਲੜ ਰਹੇ ਹਨ। ਇਹ ਲੜਾਈ ਸਿਰਫ ਅੰਮ੍ਰਿਤਸਰ ਦੇ ਵਿਕਾਸ ਲਈ ਹੈ ਤੇ ਸਾਰਥਿਕ ਨਤੀਜੇ ਆਉਣ ਤਕ ਜਾਰੀ ਰਹੇਗੀ। ਅਕਾਲੀ ਦਲ ਦੇ ਆਗੂਆਂ ਤੇ ਸਮਰਥਕਾਂ ਵਲੋਂ ਲਾਏ ਜਾ ਰਹੇ ਦੋਸ਼ਾਂ ਬਾਰੇ ਉਨ੍ਹਾਂ ਆਖਿਆ ‘‘ਮੈਂ ਉਨ੍ਹਾਂ ਦੀਆਂ ਅੱਖਾਂ ਵਿਚ ਰੜਕ ਰਿਹਾ ਹਾਂ ਪਰ ਇਸ ਵਿਚ ਮੇਰਾ ਕੀ ਕਸੂਰ ਹੈ ਮੈਂ ਤਾਂ ਸਿਰਫ਼ ਅੰਮ੍ਰਿਤਸਰ ਦੇ ਵਿਕਾਸ ਲਈ ਦੁਹਾਈ ਦਿੱਤੀ ਹੈ ਅਤੇ ਇਸ ਵਿਚ ਕੀ ਗਲਤ ਹੈ। ’’
ਇਥੇ ਜ਼ਿਕਰਯੋਗ ਹੈ ਕਿ ਸ੍ਰੀ ਸਿੱਧੂ ਲੰਮੇ ਸਮੇਂ ਮਗਰੋਂ ਭਾਜਪਾ ਦੇ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਲਈ ਰਾਜ਼ੀ ਹੋਏ ਹਨ। ਇਸ ਤੋਂ ਪਹਿਲਾਂ 23 ਜੂਨ ਨੂੰ ਪਠਾਨਕੋਟ ਦੇ ਮਾਧੋਪੁਰ ਇਲਾਕੇ ਵਿਚ ਭਾਜਪਾ ਵਲੋਂ ਇਕ ਵੱਡੀ ਰੈਲੀ ਕੀਤੀ ਗਈ ਸੀ, ਜਿਸ ਵਿਚ ਨਰਿੰਦਰ ਮੋਦੀ ਸ਼ਾਮਲ ਹੋਏ ਸਨ। ਲੇਕਿਨ ਸ੍ਰੀ ਸਿੱਧੂ ਉਸ ਰੈਲੀ ਵਿਚ ਵੀ ਗ਼ੈਰ-ਹਾਜ਼ਰ ਰਹੇ ਸਨ। ਇਸੇ ਤਰ੍ਹਾਂ ਭਾਜਪਾ ਕਾਰਜਕਾਰਨੀ ਦੀ 7-8 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ਵਿੱਚ ਰਾਜਨਾਥ ਸਿੰਘ ਸ਼ਾਮਲ ਹੋਏ ਸਨ ਪਰ ਸ੍ਰੀ ਸਿੱਧੂ ਉਸ ਮੀਟਿੰਗ ਵਿਚ ਵੀ ਗੈਰ-ਹਾਜ਼ਰ ਰਹੇ ਸਨ।

Facebook Comment
Project by : XtremeStudioz