Close
Menu

ਨਵਾਂ ਅਭਿਆਸ ਭਾਰਤੀ ਟੀਮ ਨੂੰ ਆਇਆ ਰਾਸ

-- 25 February,2015

ਪਰਥ, ਭਾਰਤੀ ਟੀਮ ਨੇ ਅਭਿਆਸ ਦੇ ਪੁਰਾਣੇ ਅਕਾਊ ਤਰੀਕੇ ਨੂੰ ਵਿਸਾਰ ਕੇ ਅੱਜ ਇਥੇ 75 ਮਿੰਟ ਦੇ ਪ੍ਰੈਕਟਿਸ ਸੈਸ਼ਨ ‘ਚ ਨਵੇਂ ਢੰਗ ਨਾਲ ਅਭਿਆਸ ਕੀਤਾ। ਕ੍ਰਿਕਟਰਾਂ ਨੇ ਇਸ ਦਾ ਖੂਬ ਮਜ਼ਾ ਲਿਆ। ਫੀਲਡਿੰਗ ਦੇ ਅਭਿਆਸ ਦੌਰਾਨ ਦੋ ਤਰੀਕਿਆਂ ਨੇ ਸਾਰਿਆਂ ਦਾ ਧਿਆਨ ਖਿੱਚਿਆ। ਇਕ ‘ਡੰਮੀ ਕੈਚ’ ਸੈਸ਼ਨ ਸੀ, ਜੋ ਖਿਡਾਰੀਆਂ ਦੇ ਰਿਲੈਕਸ ਐਕਸ਼ਨ ਬਿਹਤਰ ਕਰਨ ਦੇ ਮਕਸਦ ਲਈ ਸੀ ਅਤੇ ਦੂਜਾ ‘ਫੀਲਡਿੰਗ ਮੈਚ’ ਸੀ। ਇਸ ਵਿੱਚ ਦੋ ਟੀਮਾਂ ਬਣਾਈਆਂ ਗਈਆਂ ਸਨ ਅਤੇ ਜੇਤੂ ਟੀਮ ਦੀ ਚੋਣ ਇਸ ਆਧਾਰ ‘ਤੇ ਕੀਤੀ ਗਈ ਕਿ ਕਿਸ ਨੇ ਪਲਾਸਟਿਕ ਦੇ ਸਟੰਪ ‘ਤੇ ਸਭ ਤੋਂ ਵੱਧ ਸਿੱਧੇ ਥਰੋਅ ਮਾਰੇ ਹਨ।
ਪਹਿਲਾ ਤਰੀਕਾ ਕਾਫੀ ਰੌਚਕ ਸੀ। ਕਰੀਬੀ ਕੈਚ ਫੜਨ ਲਈ ਤੇ ਲਚਕ ਬਿਹਤਰ ਕਰਨ ਲਈ ਟੀਮਾਂ ਨੇ ਟੈਨਿਸ ਰੈਕੇਟ ਤੇ ਗੇਂਦਾਂ ਦੀ ਵਰਤੋਂ ਕੀਤੀ। ਸਹਾਇਕ ਕੋਚ ਸੰਜੈ ਬਾਂਗੜ ਨੇ ਹਾਲਾਂਕਿ ਚਾਰ ਸਮੂਹਾਂ ਵਿੱਚ ਖਿਡਾਰੀਆਂ ਨੂੰ ਵੰਡ ਕੇ ਆਮ ਟੈਨਿਸ ਗੇਂਦ ਸੈਸ਼ਨ ‘ਚ ਕੁਝ ਵੱਖ ਕੀਤਾ। ਇਹ ਚਾਰ ਫੀਲਡਰਾਂ ਦਾ ਸਮੂਹ ਬਾਂਗੜ ਤੋਂ ਦਸ ਮੀਟਰ ਦੀ ਦੂਰੀ ‘ਤੇ ਖੜ੍ਹਾ ਸੀ। ਬਾਂਗੜ ਜਿਵੇਂ ਹੀ ਆਪਣੇ ਰੈਕੇਟ ਨਾਲ ਗੇਂਦ ਨੂੰ  ਮਾਰਦੇ ਤਾਂ ਪਹਿਲਾਂ ਫੀਲਡਰ ‘ਡੰਮੀ’ ਹੁੰਦਾ ਸੀ ਅਤੇ ਬਾਕੀਆਂ ਨੇ ਕੈਚ ਫੜਨਾ ਸੀ। ਟੈਨਿਸ ਗੇਂਦ ਕਾਰਨ ਕੈਚ ਕਾਫੀ ਉੱਚੇ ਆ ਰਹੇ ਸਨ। ਕੈਚ ਫੜਨ ਲਈ ਖਿਡਾਰੀਆਂ ਨੂੰ ਇਕ ਸੈਕਿੰਡ ਤੋਂ ਵੀ ਘੱਟ ਸਮਾਂ ਮਿਲਦਾ ਸੀ ਕਿਉਂਕਿ ਅੱਗੇ ਖੜ੍ਹਾ ਖਿਡਾਰੀ ਐਨ ਮੌਕੇ ‘ਤੇ ਪਾਸੇ ਹਟਦਾ ਸੀ। ਸੁਰੇਸ਼ ਰੈਣਾ, ਰਵਿੰਦਰ ਜਡੇਜਾ ਤੇ ਵਿਰਾਟ ਕੋਹਲੀ ਨੇ ਇਸ ਸੈਸ਼ਨ ‘ਚ ਸਰਵੋਤਮ ਪ੍ਰਦਰਸ਼ਨ ਕੀਤਾ।
ਅਗਲਾ ਸੈਸ਼ਨ ‘ਫੀਲਡਿੰਗ ਮੈਚ’ ਦਾ ਸੀ। ਇਸ ‘ਚ ਖਿਡਾਰੀਆਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ। ਇਕ ਗਰੁੱਪ ‘ਚ ਕੋਹਲੀ, ਰੈਣਾ, ਸ਼ਿਖਰ ਧਵਨ ਤੇ ਸਟੂਅਰਟ ਬਿੰਨੀ ਵਰਗੇ ਖਿਡਾਰੀ ਸਨ ਅਤੇ ਦੂਜੇ ਗਰੁੱਪ ‘ਚ ਆਰ ਅਸ਼ਵਿਨ, ਜਡੇਜਾ ਤੇ ਹੋਰ ਖਿਡਾਰੀ ਸਨ। ਅੱਠ-ਅੱਠ ਖਿਡਾਰੀਆਂ ਦੇ ਦੋ ਗਰੁੱਪਾਂ ਨੂੰ ਇਕ-ਦੂਜੇ ਦੇ ਸਾਹਮਣੇ 10  ਮੀਟਰ ਦੀ ਦੂਰੀ ‘ਤੇ ਖੜ੍ਹੇ ਕੀਤਾ ਗਿਆ। ਦੋਵੇਂ ਸਹਾਇਕ ਕੋਚਾਂ ਸੰਜੈ ਬਾਂਗੜ ਤੇ ਆਰ ਸ੍ਰੀਧਰ ਆਪਣੇ ਗਰੁੱਪਾਂ ਅੱਗੇ ਖੜ੍ਹੇ ਸਨ। ਆਮਤੌਰ ‘ਤੇ ਗੇਂਦ ਉਠਾ ਕੇ ਥਰੋਅ ਕਰਨ ਦਾ ਸੈਸ਼ਨ ਹੁੰਦਾ ਹੈ ਪਰ ਇਸ ਵਾਰ ਕੁਝ ਬਦਲਾਅ ਸੀ। ਦੋਵੇਂ ਕੋਚ ਸਿੱਧਾ ਮਾਰਨ ਦੀ ਬਜਾਏ ਆਪਣੇ ਗਰੁੱਪਾਂ ਦੇ ਸਾਹਮਣੇ ਵੱਖ-ਵੱਖ ਕੋਣ ਤੋਂ ਸ਼ਾਟ ਖੇਡ ਰਹੇ ਸਨ। ਹਰ ਗਰੁੱਪ ਤੋਂ ਇਕ ਫੀਲਡਰ ਨੇ ਗੇਂਦ ਉਠਾ ਕੇ ਸਿੱਧਾ ਥਰੋਅ ਕਰਨਾ ਸੀ। ਇਹ ਸੈਸ਼ਨ ਕਾਫੀ ਰੋਮਾਂਚਿਕ ਸੀ ਕਿਉਂਕਿ ਖਿਡਾਰੀਆਂ ‘ਚ ਬਹਿਸ ਵੀ ਹੋ ਰਹੀ ਸੀ ਕਿ ਕਿਹੜੀ ਟੀਮ ਨੇ ਸਟੰਪ ਦੇ ਕਰੀਬ ਥਰੋਅ ਕੀਤਾ ਹੈ। ਵੀਡੀਓ ਸਮੀਖਿਅਕ ਸੰਦੀਪ ਤੇ ਥਰੋਅਡਾਊਨ ਸਮੀਖਿਅਕ ਰਾਘਵੇਂਦਰ ਨੇ ਜੱਜ ਦੀ ਭੂਮਿਕਾ ਨਿਭਾਈ। ਅਖੀਰ ‘ਚ ਕੋਹਲੀ ਐਂਡ ਕੰਪਨੀ ਨੂੰ ਜੇਤੂ ਐਲਾਨਿਆ ਗਿਆ।

Facebook Comment
Project by : XtremeStudioz