Close
Menu

ਨਵੇਂ ਪਰਵਾਸੀ ਜੋੜਿਆਂ ਨੂੰ ਝੱਲਣਾ ਪੈ ਰਿਹਾ ਹੈ ‘ਬਨਵਾਸ’

-- 23 July,2018

ਸਿਡਨੀ, ਨਵੇਂ ਪਰਵਾਸੀ ਜੋੜਿਆਂ ਨੂੰ ਆਪਣੇ ਜੀਵਨ ਸਾਥੀ ਨੂੰ ਵਿਦੇਸ਼ਾਂ ਤੋਂ ਲਿਆਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟਰੇਲੀਆ ਦੀ ਪਰਵਾਸ ਨੀਤੀ ਪੇਚੀਦਾ ਹੋਣ ਕਰਕੇ ਪਰਿਵਾਰਾਂ ਨੂੰ ਇਕੱਠੇ ਹੋਣ ਲਈ ਲੰਮਾ ਇੰਤਜ਼ਾਰ ਝੱਲਣਾ ਪੈ ਰਿਹਾ ਹੈ। ਆਸਟਰੇਲੀਆ ਵਿੱਚ ਸਥਾਈ ਪਰਵਾਸ ਦੀਆਂ ਅਰਜ਼ੀਆਂ ਦੀ ਸੂਚੀ ਵੀ ਲੰਮੀ ਹੋ     ਰਹੀ ਹੈ।
ਆਸਟਰੇਲੀਆ ਰਹਿੰਦੇ ਲੜਕੇ-ਲੜਕੀਆਂ ਨਾਲ ਵਿਆਹੇ ਹੋਏ ਜੋੜਿਆਂ ਦੀਆਂ ਅਰਜ਼ੀਆਂ ਇਸ ਸਾਲ ਜੂਨ ਵਿੱਚ 125,000 ਤੱਕ ਪੁੱਜ ਗਈਆਂ ਸਨ ਪ੍ਰੰਤੂ ਸਿਰਫ 47000 ਦਾ ਹੀ ਨਿਪਟਾਰਾ ਕੀਤਾ ਗਿਆ ਜਦੋਂਕਿ ਹਜ਼ਾਰਾਂ ਅਰਜ਼ੀਆਂ ਫ਼ੈਸਲੇ ਦੀ ਉਡੀਕ ਵਿੱਚ ਪਈਆਂ ਹਨ। ਗ੍ਰਹਿ ਵਿਭਾਗ ਅਨੁਸਾਰ 75 ਪ੍ਰਤੀਸ਼ਤ ਅਰਜ਼ੀਆਂ ਨੂੰ 23 ਮਹੀਨਿਆਂ ਵਿੱਚ ਨਿਪਟਾ ਲਿਆ ਜਾਂਦਾ ਹੈ ਅਤੇ 90 ਪ੍ਰਤੀਸ਼ਤ ਅਰਜ਼ੀਆਂ ਉੱਤੇ 32 ਮਹੀਨਿਆਂ ਦੇ ਅੰਦਰ ਕਾਰਵਾਈ ਹੋ ਜਾਂਦੀ ਹੈ।
ਪਿਛਲੇ ਸਾਲ ਦੌਰਾਨ ਹੁਨਰਮੰਦ ਵਰਕਰ ਵੀਜ਼ਾ ਲਈ ਅਰਜ਼ੀਆਂ ਘਟ ਕੇ 1,45,000 ਹੋ ਗਈਆਂ ਪਰ ਸਿਰਫ 1,11,000 ਲੋਕਾਂ ਨੂੰ ਹੀ ਵੀਜ਼ਾ ਪ੍ਰਦਾਨ ਕੀਤਾ ਗਿਆ। ਇਹ ਅੰਕੜੇ ਦੱਸਦੇ ਹਨ ਕਿ ਉਨ੍ਹਾਂ ਕਾਰੋਬਾਰੀਆਂ ਨੂੰ ਸਬਰ ਦਾ ਘੁੱਟ ਭਰਨਾ ਪਿਆ ਹੈ, ਜਿਹੜੇ ਵਿਦੇਸ਼ਾਂ ਤੋਂ ਹੁਨਰਮੰਦ ਚਾਹੁੰਦੇ ਹਨ। ਪਰਵਾਸ ਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਅਨੁਸਾਰ ਪਿਛਲੇ ਸਾਲ ਤੋਂ 30 ਜੂਨ ਤੱਕ ਪੱਕੀ ਰਿਹਾਇਸ਼ ਦੇ 1,83,608 ਵੀਜ਼ੇ ਚਾਹੀਦੇ ਸਨ, ਪਰ ਵਿਭਾਗ ਦੀ ਪੁਣ-ਛਾਣ ਵਿੱਚ ਇਹ ਗਿਣਤੀ 1,62,417 ਰਹਿ ਗਈ। ਇਸ ਵਿੱਚ ਦੋਵੇਂ ਪਤੀ-ਪਤਨੀ ਹੁਨਰਮੰਦ ਵੀਜ਼ਾ ਵੀ ਸ਼ਾਮਲ ਸੀ।
ਮੰਤਰੀ ਡਟਨ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਵਿਭਾਗ ਹਰੇਕ ਅਰਜ਼ੀ ਦੀ ਛਾਣਬੀਣ ਕਰੇ ਤਾਂ ਜੋ ਵਧੀਆ ਪਰਵਾਸੀ ਮੁਲਕ ਲਈ ਚੁਣੇ ਜਾਣ। ਉਨ੍ਹਾਂ ਕਿਹਾ ਕਿ ਕੁੱਲ 46 ਫੀਸਦੀ ਵੀਜ਼ਾ ਅਰਜ਼ੀਆਂ ਰੱਦ ਹੋਈਆਂ ਹਨ ਅਤੇ 17 ਫੀਸਦੀ ਨੇ ਅਰਜ਼ੀਆਂ ਵਾਪਸ ਵੀ ਲਈਆਂ ਹਨ।
ਆਸਟਰੇਲੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਕਿਹਾ ਕਿ ਮੁਲਕ ਦੀ ਗੱਠਜੋੜ ਸਰਕਾਰ ਆਰਥਿਕਤਾ ਵਿੱਚ ਯੋਗਦਾਨ ਪਾਉਣ ਵਾਲੇ ਕਾਮਿਆਂ ਨੂੰ ਬੰਦ ਕਰਕੇ ਹੁਨਰਮੰਦਾਂ ਦੀ ਕਿੱਲਤ ਪੈਦਾ ਕਰ ਰਹੀ ਹੈ। ਮਾਈਗ੍ਰੇਸ਼ਨ ਕੌਂਸਲ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਾਰਲ ਵਿਲਸ਼ਾਇਰ ਨੇ ਆਖਿਆ ਕਿ ਸਥਾਈ ਅਵਾਸ ਪ੍ਰੋਗਰਾਮ ਵਿੱਚ ਪਰਿਵਾਰ ਅਤੇ ਸਪਾਂਸਰਸ਼ਿਪ ਲਈ ਉਡੀਕ ਦਾ ਸਮਾਂ ਵਧਣਾ ਪਰਿਵਾਰਕ ਬਖੇੜੇ ਖੜ੍ਹੇ ਕਰਦਾ ਹੈ।

Facebook Comment
Project by : XtremeStudioz