Close
Menu

ਨਸ਼ਿਆਂ ‘ਤੇ ਪਾਰਟੀ ਵਿਰੋਧੀ ਲਾਈਨ ਅਪਣਾਉਣ ਵਾਲੇ ਸੁੱਖਪਾਲ ਭੁੱਲਰ ਨੂੰ ਬਾਜਵਾ ਨੇ ਕਾਰਨ ਦੱਸੋ ਨੋਟਿਸ ਜ਼ਾਰੀ ਕੀਤਾ

-- 18 September,2015

ਚੰਡੀਗੜ੍ਹ, 18 ਸਤੰਬਰ:  ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਭੁੱਕੀ ਦੇ ਠੇਕੇ ਖੋਲ੍ਹਣ ਅਤੇ ਵਿਅਕਤੀਗਤ ਇਸਤੇਮਾਲ ਵਾਸਤੇ ਸ਼ਰਾਬ ਕੱਢਣ ਦੀ ਮਨਜ਼ੂਰੀ ਦੇਣ ਦਾ ਵਾਅਦਾ ਕਰਨ ਵਾਲੇ ਤਰਨਤਾਰਨ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੁਖਪਾਲ ਸਿੰਘ ਭੁੱਲਰ ਨੂੰ ਕਾਰਨ ਦੱਸੋ ਨੋਟਿਸ ਜ਼ਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਤੋਂ ਨਸ਼ਿਆਂ ਨੂੰ ਉਖਾੜ ਸੁੱਟਣ ਦੀ ਨੀਤੀ ਅਪਣਾਈ ਹੈ ਅਤੇ ਸਮਾਜ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਇਸ ਜ਼ਹਿਰ ਦੀ ਖਾਤਮੇ ਲਈ ਪਾਰਟੀ ਇਕ ਵੱਡੀ ਲੜਾਈ ਲੜ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਭੁੱਲਰ ਦਾ ਪੱਖ ਕਾਂਗਰਸ ਦੇ ਸਿਧਾਂਤਾਂ ਦੇ ਖਿਲਾਫ ਹੈ।

ਬਾਜਵਾ ਨੇ ਖੁਲਾਸਾ ਕੀਤਾ ਕਿ ਭੁੱਲਰ ਨੂੰ 7 ਦਿਨਾਂ ਅੰਦਰ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ ਕਿ ਕਿਉਂ ਉਸ ਖਿਲਾਫ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਬੀਤੇ ਦਿਨ ਤਰਨਤਾਰਨ ਦੇ ਅਮਰਕੋਟ ‘ਚ ਪਾਰਟੀ ਦੀ ਇਕ ਰੈਲੀ ਦੌਰਾਨ ਲੋਕਾਂ ਨਾਲ ਭੁੱਕੀ ਵੇਚਣ ਲਈ ਠੇਕੇ ਖੋਲ੍ਹਣ ਤੇ ਵਿਅਕਤੀਗਤ ਇਸਤੇਮਾਲ ਲਈ ਦੇਸੀ ਸ਼ਰਾਬ ਕੱਢਣ ਦੀ ਇਜ਼ਾਜਤ ਦੇਣ ਦਾ ਵਾਅਦਾ ਕੀਤਾ ਸੀ।

ਬਾਜਵਾ ਨੇ ਕਿਹਾ ਕਿ ਸਾਡਾ ਲੋਕਾਂ ਨਾਲ ਵਾਅਦਾ ਹੈ ਕਿ ਕਾਂਗਰਸ ਦੇ 2017 ਵਿਧਾਨ ਸਭਾ ਚੋਣਾਂ ‘ਚ ਸੱਤਾ ‘ਚ ਆਉਣ ਤੋਂ ਬਾਅਦ ਅਸੀਂ ਨਸ਼ਿਆਂ ਖਿਲਾਡ ਵਿਸ਼ੇਸ਼ ਕਾਨੂੰਨ ਬਣਾਵਾਂਗੇ ਤੇ ਸਪੈਸ਼ਲ ਅਦਾਲਤਾਂ ਬਣਾਈਆਂ ਜਾਣਗੀਆਂ। ਪੰਜਾਬ ‘ਚੋਂ ਇਸ ਜ਼ਹਿਰ ਦਾ ਖਾਤਮਾ ਕਰਨਾ ਸਾਡੀ ਗਰੰਟੀ ਹੈ। ਇਸ ਲੜੀ ਹੇਠ ਦੇਸ਼ ਦੇ ਸੱਭ ਤੋਂ ਖੁਸ਼ਹਾਲ ਸੂਬੇ ਦੇ ਮੱਥੇ ਇਹ ਕਲੰਕ ਲੱਗਣ ਲਈ ਅਕਾਲੀ ਭਾਜਪਾ ਗਠਜੋੜ ਸਰਕਾਰ ਜ਼ਿੰਮੇਵਾਰ ਹੈ, ਜਿਨ੍ਹਾਂ ਦੋਨਾਂ ਪਾਰਟੀਆਂ ਦੇ ਆਗੂ ਵਾਰ ਵਾਰ ਨਸ਼ਾ ਤਸਕਰੀ ‘ਚ ਸ਼ਾਮਿਲ ਪਾਏ ਗਏ ਹਨ।

ਬਾਜਵਾ ਨੇ ਸਪੱਸ਼ਟ ਕੀਤਾ ਕਿ ਭੁੱਲਰ ਨੇ ਜੋ ਅਮਰਕੋਟ ‘ਚ ਕਿਹਾ ਹੈ, ਉਹ ਉਨ੍ਹਾਂ ਦੇ ਵਿਅਕਤੀਗਤ ਵਿਚਾਰ ਹੋ ਸਕਦੇ ਹਨ ਤੇ ਪਾਰਟੀ ਦਾ ਇਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਬਾਜਵਾ ਨੇ ਕਿਹਾ ਕਿ ਭੁੱਲਰ ਨੂੰ ਸਵਾਲ ਕੀਤਾ ਗਿਆ ਹੈ ਕਿ ਕਿਵੇਂ ਉਹ ਪਾਰਟੀ ਦਾ ਅਨੁਸ਼ਾਸਨ ਤੋੜ ਕੇ ਲੋਕਾਂ ਨਾਲ ਅਜਿਹੇ ਵਾਅਦੇ ਕਰ ਸਕਦੇ ਹਨ, ਜਦਕਿ ਉਹ ਚੰਗੀ ਤਰ੍ਹਾਂ ਜਾਣੂ ਹਨ ਕਿ ਪਾਰਟੀ ਹਰੇਕ ਪੱਧਰ ‘ਤੇ ਨਸ਼ਿਆਂ ਖਿਲਾਫ ਪ੍ਰਚਾਰ ਕਰ ਰਹੀ ਹੈ ਤੇ ਸੱਤਾਧਾਰੀ ਆਗੂਆਂ ਦੀ ਸ਼ਮੂਲਿਅਤ ਵਾਲੇ ਨਸ਼ਾ ਤਸਕਰੀ ਰੈਕੇਟ ਸਬੰਧੀ ਜੂਡੀਸ਼ਰੀ ਦੀ ਨਿਗਰਾਨੀ ‘ਚ ਸੀ.ਬੀ.ਆਈ ਜਾਂਚ ਦੀ ਮੰਗ ਕਰ ਰਹੀ ਹੈ।

ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਕਾਂਗਰਸ ਨਸ਼ਿਆਂ ਖਿਲਾਫ ਆਪਣੀ ਲੜਾਈ ਜਾਰੀ ਰੱਖੇਗੀ ਤੇ ਚੋਣਾਂ ਤੋਂ ਬਾਅਦ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਹੈ।

Facebook Comment
Project by : XtremeStudioz