Close
Menu

ਨਸੀਰੂਦੀਨ ਤੇ ਹੋਰਾਂ ਵੱਲੋਂ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੀ ਅਪੀਲ

-- 06 April,2019

ਮੁੰਬਈ ,6 ਅਪਰੈਲ
ਅਮੋਲ ਪਾਲੇਕਰ, ਨਸੀਰੂਦੀਨ ਸ਼ਾਹ, ਗਿਰੀਸ਼ ਕਰਨਾਡ ਅਤੇ ਊਸ਼ਾ ਗਾਂਗੁਲੀ ਸਮੇਤ 600 ਤੋਂ ਵੱਧ ਥੀਏਟਰ ਹਸਤੀਆਂ ਨੇ ਪੱਤਰ ਲਿਖ ਕੇ ਲੋਕਾਂ ਨੂੰ ਆਖਿਆ ਹੈ ਕਿ ਉਹ ਭਾਜਪਾ ਅਤੇ ਉਨ੍ਹਾਂ ਦੇ ਭਾਈਵਾਲਾਂ ਨੂੰ ਸੱਤਾ ਤੋਂ ਬਾਹਰ ਕਰਨ। ਉਨ੍ਹਾਂ ਦੇ ਦਸਤਖ਼ਤਾਂ ਹੇਠ ਵੀਰਵਾਰ ਨੂੰ ਜਾਰੀ ਪੱਤਰ ’ਚ ਦਲੀਲ ਦਿੱਤੀ ਗਈ ਹੈ ਕਿ ਭਾਜਪਾ ਦੀ ਅਗਵਾਈ ਹੇਠ ਭਾਰਤ ਅਤੇ ਉਸ ਦਾ ਸੰਵਿਧਾਨ ਖ਼ਤਰੇ ’ਚ ਹੈ। ਪਿਛਲੇ ਹਫ਼ਤੇ ਅਜਿਹੀ ਅਪੀਲ ਕਰਦਿਆਂ ਆਨੰਦ ਪਟਵਰਧਨ, ਸਨਲ ਕੁਮਾਰ ਸ਼ਸ਼ੀਧਰਨ ਅਤੇ ਦੇਵਾਸ਼ੀਸ਼ ਮਖੀਜਾ ਸਮੇਤ ਹੋਰ ਫਿਲਮਸਾਜ਼ਾਂ ਨੇ ਵੋਟਰਾਂ ਨੂੰ ਕਿਹਾ ਸੀ ਕਿ ‘ਫਾਸ਼ੀਵਾਦ’ ਨੂੰ ਮਾਤ ਦਿੱਤੀ ਜਾਵੇ।
ਇਹ ਪੱਤਰ ‘ਆਰਟਿਸਟ ਯੂਨਾਈਟ ਇੰਡੀਆ’ ਵੈੱਬਸਾਈਟ ’ਤੇ 12 ਭਾਸ਼ਾਵਾਂ ’ਚ ਜਾਰੀ ਕੀਤਾ ਗਿਆ ਹੈ ਜਿਸ ’ਚ ਕਿਹਾ ਗਿਆ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਮੁਲਕ ਦੇ ਇਤਿਹਾਸ ’ਚ ਸਭ ਤੋਂ ਨਾਜ਼ੁਕ ਦੌਰ ’ਚ ਹੋ ਰਹੀਆਂ ਹਨ। ਪੱਤਰ ’ਤੇ ਦਸਤਖ਼ਤ ਕਰਨ ਵਾਲਿਆਂ ’ਚ ਸ਼ਾਂਤਾ ਗੋਖਲੇ, ਮਹੇਸ਼ ਦੱਤਾਨੀ, ਅਰੁੰਧਤੀ ਨਾਗ, ਕੀਰਤੀ ਜੈਨ, ਅਭਿਸ਼ੇਕ ਮਜੂਮਦਾਰ, ਕੋਂਕਣਾ ਸੇਨ ਸ਼ਰਮਾ, ਰਤਨਾ ਪਾਠਕ ਸ਼ਾਹ, ਲਿਲੀਅਟ ਦੂਬੇ, ਮੀਤਾ ਵਸ਼ਿਸ਼ਟ, ਐਮ ਕੇ ਰੈਣਾ, ਮਕਰੰਦ ਦੇਸ਼ਪਾਂਡੇ ਅਤੇ ਅਨੁਰਾਗ ਕਸ਼ਯਪ ਵੀ ਸ਼ਾਮਲ ਹਨ।
ਇਨ੍ਹਾਂ ਹਸਤੀਆਂ ਨੇ ਕਿਹਾ,‘‘ਅੱਜ ਭਾਰਤ ਦੀ ਵਿਚਾਰਧਾਰਾ ਖ਼ਤਰੇ ’ਚ ਹੈ। ਗੀਤ, ਨਾਚ, ਹਾਸਾ-ਠੱਠਾ ਖ਼ਤਰੇ ’ਚ ਹੈ। ਸਾਡਾ ਪਿਆਰਾ ਸੰਵਿਧਾਨ ਵੀ ਖ਼ਤਰੇ ਹੇਠ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਨੇ ਅਦਾਰਿਆਂ ਦਾ ਸਾਹ ਘੁੱਟ ਦਿੱਤਾ ਹੈ ਜਿਥੇ ਬਹਿਸ ਜਾਂ ਵਿਚਾਰ ਵਟਾਂਦਰਾ ਕਰਨ ’ਤੇ ਨਾਰਾਜ਼ਗੀ ਜਤਾਈ ਜਾਂਦੀ ਸੀ। ‘ਲੋਕਤੰਤਰ ਸਵਾਲ ਪੁੱਛਣ, ਬਹਿਸ, ਵਿਚਾਰ ਵਟਾਂਦਰੇ ਅਤੇ ਵਿਰੋਧ ਤੋਂ ਬਿਨਾਂ ਨਹੀਂ ਚਲ ਸਕਦਾ। ਮੌਜੂਦਾ ਸਰਕਾਰ ਨੇ ਇਨ੍ਹਾਂ ਸਾਰਿਆਂ ਦਾ ਘਾਣ ਕੀਤਾ ਹੈ। ਪੰਜ ਸਾਲ ਪਹਿਲਾਂ ਵਿਕਾਸ ਦੇ ਵਾਅਦੇ ਨਾਲ ਸੱਤਾ ’ਚ ਆਉਣ ਵਾਲੀ ਭਾਜਪਾ ਨੇ ਹਿੰਦੂਤਵ ਤਾਕਤਾਂ ਨੂੰ ਨਫ਼ਰਤ ਅਤੇ ਹਿੰਸਾ ਦੀ ਸਿਆਸਤ ’ਚ ਦਖ਼ਲ ਦੇਣ ਦੀ ਖੁਲ੍ਹ ਦੇ ਦਿੱਤੀ।’ ਪੱਤਰ ’ਚ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਗਿਆ ਹੈ। ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਿਆਰ, ਰਹਿਮ, ਬਰਾਬਰੀ ਅਤੇ ਸਮਾਜਿਕ ਨਿਆਂ ਲਈ ਵੋਟ ਪਾਉਣ ਅਤੇ ਅੰਧਕਾਰ ਤੇ ਅਸੱਭਿਅਕ ਤਾਕਤਾਂ ਨੂੰ ਹਰਾਉਣ।

Facebook Comment
Project by : XtremeStudioz