Close
Menu

ਨਾਕਰਾਤਮਕ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਸੁਖਪਾਲ ਖਹਿਰਾ-ਅਮਨ ਅਰੋੜਾ

-- 25 December,2018

ਜਸਟਿਸ ਜੋਰਾ ਸਿੰਘ ਵਰਗੇ ਲੋਕਾਂ ਦਾ ‘ਆਪ’ ਵਿਚ ਹਮੇਸ਼ਾ ਸਵਾਗਤ

ਚੰਡੀਗੜ੍ਹ, 25 ਦਸੰਬਰ 2018

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਸਟਿਸ ਜੋਰਾ ਸਿੰਘ ਦਾ ਪਾਰਟੀ ਪਰਿਵਾਰ ਵਿਚ ਸ਼ਾਮਲ ਹੋਣ ‘ਤੇ ਅੱਜ ਨਿੱਘਾ ਸਵਾਗਤ ਕੀਤਾ ਗਿਆ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਅਤੇ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਜਸਟਿਸ ਜੋਰਾ ਸਿੰਘ ਵਰਗੇ ਸਾਫ਼ ਅਕਸ ਵਾਲੇ ਲੋਕਾਂ ਦਾ ਪਾਰਟੀ ਵਿਚ ਹਮੇਸ਼ਾ ਸਵਾਗਤ ਹੋਵੇਗਾ। ਉਨ੍ਹਾਂ ਕਿਹਾ ਕਿ ਜਸਟਿਸ ਜੋਰਾ ਸਿੰਘ 35 ਸਾਲ ਨਿਆਂਪਾਲਿਕਾ ਵਿਚ ਜ਼ਿੰਮੇਵਾਰੀ ਨਿਭਾਈ ਹੈ ਅਤੇ ਉਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

ਸੁਖਪਾਲ ਸਿੰਘ ਖਹਿਰਾ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਉੱਤੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਇੱਕ ਸਾਫ਼ ਅਕਸ ਵਾਲੇ ਇਨਸਾਨ ਬਾਰੇ ਅਜਿਹੇ ਵਿਚਾਰ ਸਿੱਧ ਕਰਦੇ ਹਨ ਕਿ ਖਹਿਰਾ ਹਮੇਸ਼ਾ ਨਾਕਰਾਮਤਕ ਰਾਜਨੀਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮੁੱਚਾ ਪੰਜਾਬ ਇਸ ਗੱਲ ਤੋਂ ਜਾਣੂ ਹੈ ਕਿ ਜਸਟਿਸ ਜੋਰਾ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਬਹੁਤ ਚੰਗੀ ਰਿਪੋਰਟ ਪੇਸ਼ ਕੀਤੀ ਸੀ ਇਸੇ ਕਾਰਨ ਹੀ ਬਾਦਲ ਸਰਕਾਰ ਨੇ ਰਿਪੋਰਟ ਤੋਂ ਡਰਦਿਆਂ ਇਸ ਨੂੰ ਕਦੀ ਵੀ ਜਨਤਕ ਨਹੀਂ ਕੀਤੀ।

ਅਰੋੜਾ ਨੇ ਕਿਹਾ ਕਿ ਖਹਿਰਾ ਹਮੇਸ਼ਾ ਤੋਂ ਹੀ ਸਿਰਫ਼ ‘ਮੈਂ’ ਦੇ ਨਿਯਮ ‘ਤੇ ਚੱਲਦੇ ਰਹੇ ਹਨ ਪਰੰਤੂ ਰਾਜਨੀਤੀ ਵਿਚ ਪਾਰਟੀ ਵੱਡੀ ਹੁੰਦੀ ਹੈ ਅਤੇ ਪਾਰਟੀ ਦੁਆਰਾ ਨਿਰਧਾਰਿਤ ਨਿਯਮਾਂ ਉੱਤੇ ਚੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਜਿਸ ਪਾਰਟੀ ਦੀ ਅੱਜ ਨਿੰਦਾ ਕਰ ਰਹੇ ਹਨ ਉਸੇ ਪਾਰਟੀ ਨੇ ਹੀ ਉਨ੍ਹਾਂ ਨੂੰ ਵਿਧਾਇਕ ਬਣਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ ਅਤੇ ਨੇਤਾ ਵਿਰੋਧੀ ਧਿਰ ਦਾ ਅਹੁਦਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਦ ਤੋਂ ਹਟਾਉਂਦਿਆਂ ਹੀ ਖਹਿਰਾ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਆਪਣੇ ਹੀ ਨੇਤਾਵਾਂ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਖਹਿਰਾ ਦਾ ਪੰਜਾਬ ਪ੍ਰੇਮ ਸਿਰਫ਼ ਕੁਰਸੀ ਖ਼ਾਤਰ ਹੀ ਹੈ।

ਅਰੋੜਾ ਨੇ ਕਿਹਾ ਕਿ ‘ਆਪ’ ਨੂੰ ਜ਼ੀਰੋ ਕਹਿਣ ਵਾਲੇ ਖਹਿਰਾ ਜਦੋਂ ਆਪਣੀ ਪਾਰਟੀ ਬਣਾਉਣਗੇ ਤਾਂ ਹੀ ਉਨ੍ਹਾਂ  ਨੂੰ ਕੁੱਝ ਕਹਿਣ ਦਾ ਹੱਕ ਹੋਵੇਗਾ। ਉਨ੍ਹਾਂ ਕਿਹਾ ਕਿ ਖਹਿਰਾ ਕਦੀ ਵੀ ਕਿਸੇ ਨਾਲ ਰਲ ਕੇ ਨਹੀਂ ਚੱਲ ਸਕਦੇ। ਇਸੇ ਕਾਰਨ ਹੀ ਉਹ ਜਿਸ ਵੀ ਪਾਰਟੀ ਵਿਚ ਰਹੇ ਹਨ ਉਸੇ ਖ਼ਿਲਾਫ਼ ਹੀ ਬਿਆਨਬਾਜ਼ੀ ਕਰਦੇ ਰਹੇ ਹਨ।

Facebook Comment
Project by : XtremeStudioz