Close
Menu

ਨਾਬਾਲਗ ਬੱਚੀਆਂ ਦੇ ਸੀਰੀਅਲ ਕਿੱਲਰ ਨੂੰ ਫ਼ਾਹੇ ਲਾਇਆ

-- 18 October,2018

ਲਾਹੌਰ, 18 ਅਕਤੂਬਰ
ਅਤਿਵਾਦ ਵਿਰੋਧੀ ਅਦਾਲਤ ਵੱਲੋਂ ਸੱਤ ਸਾਲਾ ਬੱਚੀ ਨਾਲ ਜਬਰ ਜਨਾਹ ਤੇ ਕਤਲ ਕਰਨ ਦੇ ਦੋਸ਼ੀ ਠਹਿਰਾਏ ਗਏ ਸੀਰੀਅਲ ਕਿੱਲਰ ਨੂੰ ਅੱਜ ਲਾਹੌਰ ਜੇਲ੍ਹ ਵਿੱਚ ਫ਼ਾਹੇ ਟੰਗ ਦਿੱਤਾ ਗਿਆ। ਮੁਜਰਮ ਨੇ ਜਬਰ ਜਨਾਹ ਮਗਰੋਂ ਸਿਲਸਿਲੇਵਾਰ ਕਈ ਨਾਬਾਲਗ ਬੱਚੀਆਂ ਦੀ ਹੱਤਿਆ ਕੀਤੀ ਸੀ। ਮੁਜਰਮ ਇਮਰਾਨ ਅਲੀ (24) ਨੂੰ ਅੱਜ ਸਵੇਰੇ ਸਾਢੇ ਪੰਜ ਵਜੇ ਪੀੜਤ ਬੱਚੀ ਦੇ ਪਿਤਾ ਅਮੀਨ ਅੰਸਾਰੀ ਤੇ ਮੈਜਿਸਟਰੇਟ ਆਦਿਲ ਸਰਵਰ ਦੀ ਹਾਜ਼ਰੀ ਵਿੱਚ ਇਥੇ ਕੋਟ ਲਖਪਤ ਜੇਲ੍ਹ ਵਿੱਚ ਫਾਹੇ ਲਾਇਆ ਗਿਆ। ਜੇਲ੍ਹ ਵਿੱਚ ਪੀੜਤ ਬੱਚੀ ਦਾ ਚਾਚਾ ਵੀ ਮੌਜੂਦ ਸੀ।
ਲਾਹੌਰ ਤੋਂ ਪੰਜਾਹ ਕਿਲੋਮੀਟਰ ਦੂਰ ਕਸੂਰ ਵਾਸੀ ਇਮਰਾਨ ’ਤੇ ਨਾਬਾਲਗ ਬੱਚੀਆਂ ਨਾਲ ਜਬਰ ਜਨਾਹ ਤੇ ਮਗਰੋਂ ਕਤਲ ਨਾਲ ਸਬੰਧਤ ਘੱਟੋ ਘੱਟ ਨੌਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਸੀ। ਅਤਿਵਾਦ ਵਿਰੋਧੀ ਅਦਾਲਤ ਨੇ ਇਨ੍ਹਾਂ ਵਿੱਚੋਂ ਪੰਜ ਕੇਸਾਂ ਵਿੱਚ ਆਪਣਾ ਫੈਸਲਾ ਸੁਣਾਇਆ ਸੀ।
ਇਮਰਾਨ ਨੇ ਪੁੱਛ ਪੜਤਾਲ ਦੌਰਾਨ ਪੁਲੀਸ ਨੂੰ ਦੱਸਿਆ ਸੀ ਕਿ ਉਹ ਬੱਚਿਆਂ ਨਾਲ ਸਬੰਧਤ ਅਸ਼ਲੀਲ ਫ਼ਿਲਮਾਂ ਵੇਖਣ ਦਾ ਆਦੀ ਹੋ ਗਿਆ ਸੀ ਤੇ ਇਸੇ ਲੋਰ ਵਿੱਚ ਉਸ ਨੇ ਨਾਬਾਲਗ ਬੱਚੀਆਂ ਨਾਲ ਘਿਨੌਣੀ ਹਰਕਤ ਕੀਤੀ।
ਪੁਲੀਸ ਨੇ ਅਲੀ ਨੂੰ ਇਸ ਸਾਲ ਜਨਵਰੀ ਵਿੱਚ ਉਸ ਦਾ ਡੀਐਨਏ ਨਮੂਨਾ ਮੇਲ ਖਾਣ ਮਗਰੋਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਦੋ ਹਫ਼ਤੇ ਪਹਿਲਾਂ ਅਲੀ ਨੇ ਕਸੂਰ ਵਿੱਚ ਇਕ ਬੱਚੀ ਨਾਲ ਜਬਰ ਜਨਾਹ ਕਰਨ ਮਗਰੋਂ ਉਹਦਾ ਕਤਲ ਕਰਕੇ ਲਾਸ਼ ਕੂੜੇ ਦੇ ਢੇਰ ਵਿੱਚ ਸੁੱਟ ਦਿੱਤੀ ਸੀ। ਇਸ ਘਟਨਾ ਮਗਰੋਂ ਮੁਲਕ ਭਰ ਵਿੱਚ ਲੋਕ ਸੜਕਾਂ ’ਤੇ ਉਤਰ ਆਏ ਸਨ। ਅਲੀ ਨੂੰ ਮੌਤ ਦੀ ਸਜ਼ਾ ਫਰਵਰੀ ’ਚ ਸੁਣਾਈ ਗਈ ਸੀ। ਅੰਸਾਰੀ ਦੇ ਵਕੀਲ ਨੇ ਮੌਤ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ ਕੀਤੇ ਜਾਣ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ।

Facebook Comment
Project by : XtremeStudioz