Close
Menu

ਨਾਭੇ ਦਾ ਨੌਜਵਾਨ ਆਸਟਰੇਲੀਆ ’ਚ ਲੜੇਗਾ ਸੰਸਦੀ ਚੋਣ

-- 25 February,2019

ਨਾਭਾ, 25 ਫਰਵਰੀ
ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਚ ਵਿਆਹ ਵਰਗਾ ਮਾਹੌਲ ਹੈ, ਕਿਉਂਕਿ ਇਸ ਪਿੰਡ ਦੇ ਗਰੇਵਾਲ ਪਰਿਵਾਰ ਦਾ 18 ਸਾਲਾ ਪੋਤਾ ਸਮਰਾਟ ਗਰੇਵਾਲ ਆਸਟਰੇਲੀਆ ਵਿਚ ਮਾਰਚ ’ਚ ਹੋਣ ਵਾਲੀ ਸੰਸਦੀ ਚੋਣ ਲੜ ਰਿਹਾ ਹੈ। ਸਮਰਾਟ ਕ੍ਰਿਸਚਨ ਡੈਮੋਕ੍ਰੈਟਿਕ ਪਾਰਟੀ (ਸੀਡੀਪੀ) ਵੱਲੋਂ ਚੋਣ ਲੜ ਰਿਹਾ ਹੈ। ਸਮਰਾਟ ਗਰੇਵਾਲ ਦੇ ਦਾਦਾ-ਦਾਦੀ ਤੇ ਹੋਰ ਪਰਿਵਾਰਕ ਮੈਂਬਰ ਬਾਗ਼ੋ-ਬਾਗ਼ ਹਨ ਤੇ ਉਨ੍ਹਾਂ ਅਸਟਰੇਲੀਆ ਵਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਰਾਟ ਗਰੇਵਾਲ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ।
ਸਮਰਾਟ ਗਰੇਵਾਲ ਨੇ ਗ੍ਰੈਜੂਏਸ਼ਨ ਤੋਂ ਬਾਅਦ ਹੀ ਸਿਆਸਤ ਵਿਚ ਪੈਰ ਧਰ ਲਿਆ ਹੈ। ਉਹ ਸਿਡਨੀ ਦੇ ਮਾਊਂਟ ਡਰੂਟ ਹਲਕੇ ਤੋਂ ਚੋਣ ਲੜ ਰਿਹਾ ਹੈ। ਗਰੇਵਾਲ ਪਰਿਵਾਰ ਦੇ ਮੈਂਬਰ ਭਾਰਤੀ ਸੈਨਾ ਵਿਚ ਉੱਚ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ। ਇਸ ਪਰਿਵਾਰ ਦੇ ਮੈਂਬਰ ਭਾਰਤ ਸਰਕਾਰ ਵੱਲੋਂ ਸੈਨਾ ਮੈਡਲ ਨਾਲ ਵੀ ਸਨਮਾਨੇ ਗਏ ਹਨ। ਇਸ ਮੌਕੇ ਸਮਰਾਟ ਗਰੇਵਾਲ ਨੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਸਮਰਾਟ ਗਰੇਵਾਲ ਦੇ ਦਾਦੇ ਸੁਰਿੰਦਰ ਗਰੇਵਾਲ ਅਤੇ ਦਾਦੀ ਅਮਰਜੀਤ ਕੌਰ ਗਰੇਵਾਲ ਨੇ ਵੀ ਪੰਜਾਬੀਆਂ ਨੂੰ ਉਨ੍ਹਾਂ ਦੇ ਪੋਤੇ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਸਮਰਾਟ ਦੇ ਰਿਸ਼ਤੇਦਾਰ ਕਰਨਲ ਅਮਨਦੀਪ ਸਿੰਘ ਅਤੇ ਅਭਜਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਸਮਰਾਟ ਦੀ ਸ਼ੁਰੂ ਤੋਂ ਹੀ ਰਾਜਨੀਤੀ ਵਿਚ ਰੁਚੀ ਸੀ ਤੇ ਹੁਣ ਉਹ ਛੋਟੀ ਉਮਰੇ ਹੀ ਸੰਸਦੀ ਚੋਣ ਲੜ ਰਿਹਾ ਹੈ, ਇਹ ਉਨ੍ਹਾਂ ਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ।

Facebook Comment
Project by : XtremeStudioz