Close
Menu

‘ਨਿਆਏ’ ਨੂੰ ‘ਚੋਰ’ ਉਦਯੋਗਪਤੀਆਂ ਦੇ ਪੈਸੇ ਨਾਲ ਲਾਗੂ ਕਰਾਂਗੇ: ਰਾਹੁਲ

-- 04 April,2019

ਬੋਕਾਖਾਟ (ਅਸਾਮ), 
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਵੱਲੋਂ ਐਲਾਨੀ ‘ਨਿਆਏ’ ਯੋਜਨਾ ਲਈ ਸਾਰਾ ਪੈਸਾ ਉਨ੍ਹਾਂ ‘ਚੋਰ’ ਉਦਯੋਗਪਤੀਆਂ ਦੀ ਜੇਬ ਵਿਚੋਂ ਆਏਗਾ, ਜਿਨ੍ਹਾਂ ਦਾ ‘ਚੌਕੀਦਾਰ ਨਰਿੰਦਰ ਮੋਦੀ’ ਸਾਥ ਦਿੰਦੇ ਹਨ। ਅਸਾਮ ਦੇ ਬੋਕਾਖਾਟ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਈ ਤਾਂ ਉਹ ਨਿਆਏ ਯੋਜਨਾ ਤਹਿਤ ਭਾਰਤ ਦੇ 20 ਫੀਸਦ ਗਰੀਬ ਪਰਿਵਾਰਾਂ ਦੇ ਖਾਤੇ ਵਿਚ ਹਰ ਸਾਲ 72,000 ਰੁਪਏ ਜਮ੍ਹਾਂ ਕਰਵਾਏਗੀ। ਉਨ੍ਹਾਂ ਕਿਹਾ ਕਿ ਮੋਦੀ ਨੇ ਲੋਕਾਂ ਦੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਉਣ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਅਜਿਹਾ ਸਿਰਫ਼ ਅੰਬਾਨੀ ਜਿਹੇ ਕੁਝ ਅਮੀਰ ਸਨਅਤਕਾਰਾਂ ਦੇ ਮਾਮਲੇ ਵਿਚ ਹੀ ਕੀਤਾ ਹੈ।
ਗਾਂਧੀ ਨੇ ਕਿਹਾ ਕਿ ‘ਪੈਸੇ ਅੰਬਾਨੀ ਜਿਹੇ ਚੋਰ ਉਦਯੋਗਪਤੀਆਂ ਦੀ ਜੇਬਾਂ ਵਿਚੋਂ ਆਉਣਗੇ, ਜਿਨ੍ਹਾਂ ਨੂੰ ਚੌਕੀਦਾਰ ਨਰਿੰਦਰ ਮੋਦੀ ਨੇ ਲੰਘੇ ਚਾਰ ਵਰ੍ਹਿਆਂ ਵਿਚ ਪੈਸੇ ਦਿੱਤੇ ਹਨ।’ ਉਨ੍ਹਾਂ ਕਿਹਾ ਕਿ ਸਰਕਾਰ ਬਣਨ ਦੀ ਸੂਰਤ ਵਿਚ ਜਾਤ, ਧਰਮ ਤੇ ਸਮਾਜਿਕ ਪੱਧਰ ’ਤੇ ਸਾਰੇ ਗਰੀਬਾਂ ਖਾਸ ਕਰ ਕੇ ਮਹਿਲਾਵਾਂ ਦੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਏ ਜਾਣਗੇ।
ਜ਼ਿਕਰਯੋਗ ਹੈ ਕਿ ਪਾਰਟੀ ਨੇ ਘੱਟੋ ਘੱਟ ਆਮਦਨ ਗਾਰੰਟੀ ਸਕੀਮ (ਨਿਆਏ) ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੌਕੀਦਾਰਾਂ ਨੂੰ ਅਮੀਰ ਲੋਕ ਨੌਕਰੀ ਉੱਤੇ ਰੱਖਦੇ ਹਨ ਤੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਹੀ ਬਣਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਬੇਰੁਜ਼ਗਾਰੀ ਸਿਖ਼ਰਾਂ ’ਤੇ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਈ ਤਾਂ ਅਜਿਹੇ ਸੁਖਾਵੇਂ ਹਾਲਾਤ ਪੈਦਾ ਕਰੇਗੀ ਕਿ ਨੌਜਵਾਨ ਸਵੈ-ਰੁਜ਼ਗਾਰ ਸ਼ੁਰੂ ਕਰ ਸਕਣ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਕਿਸੇ ਵੀ ਹਾਲਤ ਵਿਚ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਦੀ ਸੂਰਤ ’ਚ ਉੱਤਰ ਪੂਰਬ ਲਈ ਵਿਸ਼ੇਸ਼ ਦਰਜਾ ਫਿਰ ਤੋਂ ਲਾਗੂ ਕੀਤਾ ਜਾਵੇਗਾ।

Facebook Comment
Project by : XtremeStudioz