Close
Menu

ਨਿਊਜ਼ੀਲੈਂਡ ਦਹਿਸ਼ਤੀ ਹਮਲਾ: ਪੰਜ ਭਾਰਤੀਆਂ ਦੀ ਮੌਤ ਦੀ ਪੁਸ਼ਟੀ

-- 18 March,2019

ਕ੍ਰਾਈਸਟਚਰਚ, 18 ਮਾਰਚ
ਭਾਰਤੀ ਹਾਈ ਕਮਿਸ਼ਨ ਨੇ ਅੱਜ ਕਿਹਾ ਕਿ ਨਿਊਜ਼ੀਲੈਂਡ ਵਿੱਚ ਦੋ ਮਸਜਿਦਾਂ ਵਿੱਚ ਨਮਾਜ਼ ਅਦਾ ਕਰ ਰਹੇ ਅਕੀਦਤਮੰਦਾਂ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ ਵਿੱਚ ਮਾਰੇ ਗਏ 50 ਵਿਅਕਤੀਆਂ ’ਚ ਪੰਜ ਭਾਰਤੀ ਸ਼ਾਮਲ ਹਨ। ਉਧਰ ਮੁਲਕ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹਮਲੇ ਤੋਂ ਨੌਂ ਮਿੰਟ ਪਹਿਲਾਂ ਉਨ੍ਹਾਂ ਦੇ ਦਫ਼ਤਰ ਨੂੰ ਬੰਦੂਕਧਾਰੀ ਹਮਲਾਵਰ ਵੱਲੋਂ ‘ਮੈਨੀਫੈਸਟੋ’ ਮਿਲਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੈਨੀਫੈਸਟੋ ਤੀਹ ਤੋਂ
ਵੱਧ ਲੋਕਾਂ ਨੂੰ ਭੇਜਿਆ ਗਿਆ ਸੀ, ਜਿਨ੍ਹਾਂ ਵਿੱਚੋਂ ਉਹ ਇਕ ਸਨ। ਉਧਰ ਬੰਦੂਕਧਾਰੀ ਹਮਲਾਵਰ ਦੇ ਪਰਿਵਾਰਕ ਜੀਆਂ ਨੇ ਕਿਹਾ ਕਿ ਉਹ ਬ੍ਰੈਂਟਨ ਟੈਰੰਟ ਦੇ ਇਸ ਖ਼ੌਫਨਾਕ ਕਾਰੇ ਤੋਂ ‘ਹੈਰਾਨ’ ਹਨ ਤੇ ਪਰਿਵਾਰ ਨੂੰ ‘ਧੱਕਾ’ ਲੱਗਾ ਹੈ।
ਭਾਰਤੀ ਹਾਈ ਕਮਿਸ਼ਨ ਨੇ ਇਕ ਟਵੀਟ ’ਚ ਕਿਹਾ, ‘ਅਸੀਂ ਭਰੇ ਮਨ ਨਾਲ ਇਹ ਖ਼ਬਰ ਸਾਂਝੀ ਕਰਦੇ ਹਾਂ ਕਿ ਕ੍ਰਾਈਸਟਚਰਚ ਦਹਿਸ਼ਤੀ ਹਮਲੇ ਵਿੱਚ ਅਸੀਂ ਆਪਣੇ ਪੰਜ ਨਾਗਰਿਕਾਂ ਦੀਆਂ ਕੀਮਤੀ ਜਾਨਾਂ ਗੁਆ ਲਈਆਂ ਹਨ।’ ਇਨ੍ਹਾਂ ਭਾਰਤੀ ਨਾਗਰਿਕਾਂ ਦੀ ਪਛਾਣ ਮਹਿਬੂਬ ਖੋਖਰ, ਰਮੀਜ਼ ਵੋਰਾ, ਆਰਿਫ਼ ਵੋਰਾ, ਅੰਸੀ ਅਲੀਬਾਵਾ ਤੇ ਓਜ਼ੈਰ ਕਾਦਿਰ ਵਜੋਂ ਦੱਸੀ ਗਈ ਹੈ। ਇਨ੍ਹਾਂ ਵਿੱਚੋਂ ਆਰਿਫ਼ ਵੋਰਾ(58) ਤੇ ਰਮੀਜ਼ ਵੋਰਾ (28) ਪਿਉ-ਪੁੱਤ ਹਨ, ਜੋ ਵਡੋਦਰਾ(ਗੁਜਰਾਤ) ਨਾਲ ਸਬੰਧਤ ਹਨ। ਅਲੀਬਾਵਾ (27) ਪਿੱਛੋਂ ਕੇਰਲਾ ਦੇ ਤਿਰੀਸੁਰ ਦੀ ਸੀ ਤੇ ਪਰਿਵਾਰ ਨੇ ਉਹਦੀ ਦੇਹ ਲਿਆਉਣ ਲਈ ਯਤਨ ਆਰੰਭ ਦਿੱਤੇ ਹਨ। ਇਸ ਦੌਰਾਨ ਹਾਈ ਕਮਿਸ਼ਨ ਨੇ ਇਕ ਵੱਖਰੇ ਟਵੀਟ ’ਚ ਦੱਸਿਆ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕ੍ਰਾਈਸਟਚਰਚ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਛੇਤੀ ਵੀਜ਼ੇ ਜਾਰੀ ਕਰਨ ਵਿਸ਼ੇਸ਼ ਵੈੱਬਪੇਜ ਬਣਾਇਆ ਹੈ। ਹਾਈ ਕਮਿਸ਼ਨ ਨੇ ਪੀੜਤ ਪਰਿਵਾਰਾਂ ਦੀ ਮਦਦ ਲਈ ਹੈਲਪਲਾਈਨ ਨੰਬਰ 021803899, 021850033, 021531212(ਆਕਲੈਂਡ) ਵੀ ਜਾਰੀ ਕੀਤਾ ਹੈ।
ਉਧਰ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਕਿਹਾ ਕਿ ਬੰਦੂਕਧਾਰੀ ਹਮਲਾਵਰ ਨੇ ਹਮਲੇ ਤੋਂ ਨੌਂ ਮਿੰਟ ਪਹਿਲਾਂ ਉਨ੍ਹਾਂ ਦੇ ਦਫ਼ਤਰ ਨੂੰ ਮੇਲ ਰਾਹੀਂ 74 ਸਫ਼ਿਆਂ ਦਾ ਮੈਨੀਫੈਸਟੋ ਭੇਜਿਆ ਸੀ। ਇਸ ਵਿੱਚ ਮੇਲ ਭੇਜਣ ਦੀ ਲੋਕੇਸ਼ਨ ਤੇ ਹੋਰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਵਿੱਚ ਹਮਲੇ ਲਈ ਜਿਹੜਾ ਨਜ਼ਰੀਆ/ਕਾਰਨ ਦਰਸਾਏ ਗਏ ਹਨ, ਉਹ ਬੇਚੈਨ ਕਰਨ ਵਾਲੇ ਹਨ। ਜੈਸਿੰਡਾ ਨੇ ਕਿਹਾ ਕਿ ਉਹ ਹਮਲੇ ਦੀ ਲਾਈਵ ਸਟ੍ਰੀਮਿੰਗ ਕਰਨ ਵਾਲੇ ਫੇਸਬੁੱਕ ਤੇ ਹੋਰਨਾਂ ਸੋਸ਼ਲ ਮੀਡੀਆ ਫਰਮਾਂ ਦੀ ਜਵਾਬਤਲਬੀ ਕਰਨਗੇ। ਪ੍ਰਧਾਨ ਮੰਤਰੀ ਨੇ ਗੰਨ ਲਾਅਜ਼ ਵਿੱਚ ਤਬਦੀਲੀ ਦਾ ਵੀ ਸੰਕੇਤ ਦਿੱਤਾ ਹੈ। ਪੀੜਤ ਪਰਿਵਾਰਾਂ ਵੱਲੋਂ ਸਰਕੁਲੇਟ ਕੀਤੀ ਸੂਚੀ ਮੁਤਾਬਕ ਹਮਲੇ ’ਚ ਫ਼ੌਤ ਹੋਣ ਵਾਲੇ ਲੋਕਾਂ ਦੀ ਉਮਰ ਤਿੰਨ ਤੋਂ 77 ਸਾਲ ਦਰਮਿਆਨ ਸੀ ਤੇ ਇਨ੍ਹਾਂ ’ਚ ਚਾਰ ਔਰਤਾਂ ਵੀ ਸ਼ਾਮਲ ਸਨ। ਇਸ ਦੌਰਾਨ ਨਿਊਜ਼ੀਲੈਂਡ ਪੁਲੀਸ ਨੇ ਐਤਵਾਰ ਦੇਰ ਰਾਤ ਹਵਾਈ ਖੇਤਰ ’ਚ ਸ਼ੱਕੀ ਯੰਤਰ ਵੇਖੇ ਜਾਣ ਮਗਰੋਂ ਇਹਤਿਆਤ ਵਜੋਂ ਡੁਨੇਡਿਨ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ।

Facebook Comment
Project by : XtremeStudioz