Close
Menu

ਨਿਊਜ਼ੀਲੈਂਡ ਤੇ ਇੰਗਲੈਂਡ ਵਿਚਕਾਰ ਮੈਚ ਅੱਜ

-- 19 February,2015

ਵੈਲਿੰਗਟਨ: ਕ੍ਰਿਕਟ ਵਿਸ਼ਵ ਕੱਪ ਮੁਕਾਬਲਿਆਂ ਵਿੱਚ 20 ਫਰਵਰੀ ਨੂੰ ਨਿਊਜ਼ੀਲੈਂਡ ਟੀਮ ਦਾ ਮੁਕਾਬਲਾ ਟੂਰਨਾਮੈਂਟ ਜਿੱਤਣ ਲਈ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀ ਟੀਮ ਨਾਲ ਹੋਵੇਗਾ। ਉਦਘਾਟਨੀ ਮੈਚ ਵਿੱਚ ਸ੍ਰੀਲੰਕਾ ਨੂੰ 98 ਦੌੜਾਂ ਨਾਲ ਹਰਾਉਣ ਮਗਰੋਂ ਇਸ ਟੂਰਨਾਮੈਂਟ ਵਿੱਚ ਜੇਤੂ ਅੰਦਾਜ਼ ਵਿੱਚ ਸ਼ੁਰੂਆਤ ਕਰਨ ਲਈ ਨਿਊਜ਼ੀਲੈਂਡ ਟੀਮ ਵਾਸਤੇ ਇੰਗਲੈਂਡ ਖ਼ਿਲਾਫ਼ ਮੁਕਾਬਲਾ ਚੁਣੌਤੀਪੂਰਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਮੇਜ਼ਬਾਨ ਆਸਟਰੇਲੀਆ ਨੇ ਇੰਗਲੈਂਡ ਨੂੰ ਪਹਿਲੇ ਮੁਕਾਬਲੇ ਵਿੱਚ 111 ਦੌੜਾਂ ਨਾਲ ਹਰਾਇਆ ਸੀ ਪਰ ਇੰਗਲੈਂਡ ਟੀਮ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ ਅਤੇ ਉਹ ਨਿਊਜ਼ੀਲੈਂਡ ਨੂੰ ਹਰਾ ਕੇ ਆਪਣੇ ਦਮਖਮ ਦਾ ਪ੍ਰਦਰਸ਼ਨ ਕਰਨ ਦੇ ਰੌਂਅ ਵਿੱਚ ਹੈ। 1979, 1987 ਅਤੇ 1992 ਦੇ ਵਿਸ਼ਵ ਕੱਪ ਮੈਚਾਂ ਵਿੱਚ ਫਾਈਨਲ ਤਕ ਪਹੁੰਚਣ ਵਾਲੀ ਇੰਗਲੈਂਡ ਦੀ ਟੀਮ ਇਸ ਵਿਸ਼ਵ ਕੱਪ ਜਿੱਤਣ ਦੀ ਦਾਅਵੇਦਾਰ ਟੀਮ ਮੰਨੀ ਜਾ ਰਹੀ ਹੈ। ਦੂਸਰੀ ਪਾਸੇ   ਦੋ ਮੈਚ ਜਿੱਤ ਕੇ  ਅੰਕ ਸਾਰਣੀ ਵਿੱਚ ਸਭ ਤੋਂ ਉਪਰ ਚੱਲ ਰਹੀ ਨਿਊਜ਼ੀਲੈਂਡ ਦੀ ਟੀਮ ਵੀ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ। ਫਿਲਹਾਲ ਇੰਗਲੈਂਡ ਦਾ ਟੀਚਾ ਕੁਆਰਟਰ ਫਾਈਨਲ ਤਕ ਪਹੁੰਚਣ ਦਾ ਹੈ ਜਦੋਂਕਿ ਨਿਊਜ਼ੀਲੈਂਡ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਉਹ ਵਿਸ਼ਵ ਕੱਪ ਜਿੱਤਣ ਲਈ ਕੋਈ ਕਸਰ ਨਹੀਂ ਛੱਡੇਗੀ ਤੇ ਦੋ ਮੈਚ ਜਿੱਤਣ ਮਗਰੋਂ ਟੀਮ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਨਿਊਜ਼ੀਲੈਂਡ ਟੀਮ ਨੂੰ ਇਹ ਗੱਲ ਪੂਰੀ ਤਰ੍ਹਾਂ ਪਤਾ ਹੈ ਕਿ ਇੰਗਲੈਂਡ ਖ਼ਿਲਾਫ਼ ਮੈਚ ਜਿੱਤਣ ਤੋਂ ਬਾਅਦ ਕੁਆਰਟਰ ਫਾਈਨਲ ਤੱਕ ਪਹੁੰਚਣ ਦਾ ਰਸਤਾ ਸਾਫ਼ ਹੋ ਜਾਵੇਗਾ। ਜੇਕਰ ਇੰਗਲੈਂਡ ਇਹ ਮੈਚ ਹਾਰ ਜਾਂਦਾ ਹੈ ਤਾਂ ਉਹ  ਟੂਰਨਾਮੈਂਟ ਤੋਂ ਬਾਹਰ ਹੋ ਸਕਦਾ ਹੈ। ਆਈ ਸੀ ਸੀ ਰੈਂਕਿੰਗ ਵਿੱਚ 104 ਪੁਆਇੰਟ ਲੈਣ ਵਾਲੀ ਨਿਊਜ਼ੀਲੈਂਡ ਦੀ ਟੀਮ ਦੇ ਵਧੇਰੇ ਖਿਡਾਰੀ ਤਜਰਬੇਕਾਰ ਹਨ। ਵਿਸ਼ਵ ਦੇ  ਸਿਖਰਲੇ 10 ਬੱਲੇਬਾਜ਼ਾਂ ਵਿੱਚ ਨਿਊਜ਼ੀਲੈਂਡ ਦੇ ਦੋ ਬੱਲੇਬਾਜ਼ ਰੋਸ ਟੇਲਰ ਅਤੇ ਕੇਨ ਵਿਲੀਅਮਸਨ ਸ਼ਾਮਲ ਹਨ ਜਦੋਂਕਿ ਇੰਗਲੈਂਡ ਦਾ ਜੋਅ ਰੂਟ ਇਕਲੌਤਾ ਅਜਿਹਾ ਬੱਲੇਬਾਜ਼ ਹੈ ਜੋ ਆਈਸੀਸੀ ਦੀ ਸਿਖਰਲੀ ਬੱਲੇਬਾਜ਼ੀ ਰੈਂਕਿੰਗ ਵਿੱਚ 15ਵੇਂ ਨੰਬਰ ‘ਤੇ ਹੈ। ਇਸ ਦੇ ਉਲਟ ਇੰਗਲੈਂਡ ਦੇ ਤਿੰਨ ਗੇਂਦਬਾਜ਼ ਅਜਿਹੇ ਹਨ ਜੋ ਵਿਸ਼ਵ ਦੇ ਸਿਖਰਲੇ 20 ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹਨ।  ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਚੌਥੇ ਨੰਬਰ ‘ਤੇ, ਸਟੀਵਨ ਫਿਨ 12ਵੇਂ ਨੰਬਰ ‘ਤੇ ਅਤੇ ਜੇਮਸ ਟਰੇਡਵੈੱਲ 17ਵੇਂ ਨੰਬਰ ‘ਤੇ ਹੈ। ਹਾਲਾਂਕਿ ਟਰੇਡਵੈੱਲ ਦਾ ਇਸ ਮੈਚ ਵਿੱਚ ਖੇਡਣਾ ਸ਼ੱਕੀ ਲੱਗ ਰਿਹਾ ਹੈ।  ਨਿਊਜ਼ੀਲੈਂਡ ਪਿਛਲੇ ਪੰਜ ਕੌਮਾਂਤਰੀ ਮੈਚਾਂ ਵਿੱਚ ਸਿਰਫ਼ ਇਕ ਮੈਚ ਹਾਰਿਆ ਹੈ ਜਦੋਂਕਿ ਇੰਗਲੈਂਡ ਨੇ ਪੰਜ ਮੁਕਾਬਲਿਆਂ ਵਿੱਚ ਦੋ ਮੈਚ ਹੀ ਜਿੱਤੇ ਹਨ।

Facebook Comment
Project by : XtremeStudioz