Close
Menu

ਨਿਊਜ਼ੀਲੈਂਡ ਨੂੰ ਹਰਾ ਕੇ 5ਵੀਂ ਵਾਰ ਵਰਲਡ ਚੈਂਪੀਅਨ ਬਣਿਆ ਆਸਟ੍ਰੇਲੀਆ

-- 29 March,2015

ਮੈਲਬੌਰਨ, ਆਸਟ੍ਰੇਲੀਆ ਨੇ ਅੱਜ ਆਈਸੀਸੀ ਵਿਸ਼ਵ ਕੱਪ 2015 ਦੇ ਫਾਈਨਲ ‘ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 1987, 1999, 2003 ਤੇ 2007 ‘ਚ ਵਿਸ਼ਵ ਕੱਪ ਜਿੱਤਿਆ ਸੀ।
ਨਿਊਜ਼ੀਲੈਂਡ ਵਲੋਂ ਮਿਲੇ 185 ਦੌੜਾਂ ਦੇ ਆਸਾਨ ਟੀਚੇ ਨੂੰ ਕੰਗਾਰੂ ਟੀਮ ਨੇ 16.5 ਓਵਰ ਰਹਿੰਦਿਆਂ 3 ਵਿਕਟਾਂ ਦੇ ਨੁਕਸਾਨ ‘ਤੇ 186 ਦੌੜਾਂ ਬਣਾ ਕੇ ਹਾਸਲ ਕਰ ਲਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਅਨ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਆਰੋਨ ਫਿੰਚ ਬਿਨ੍ਹਾਂ ਖ਼ਾਤਾ ਖੋਲ੍ਹੇ ਆਊਟ ਹੋ ਗਿਆ। ਡੇਵਿਡ ਵਾਰਨਰ (45) ਦੇ ਰੂਪ ‘ਚ ਆਸਟ੍ਰੇਲੀਆ ਨੂੰ ਦੂਜਾ ਝਟਕਾ ਲੱਗਾ। ਇਸ ਤੋਂ ਬਾਅਦ ਸਟੀਵਨ ਸਮਿੱਥ ਤੇ ਕਪਤਾਨ ਮਾਈਕਲ ਕਲਾਰਕ ਨੇ ਤੀਜੀ ਵਿਕਟ ਲਈ 112 ਦੌੜਾਂ ਦੀ ਸਾਂਝੇਦਾਰੀ ਕਰਕੇ ਆਸਟ੍ਰੇਲੀਅਨ ਟੀਮ ਨੂੰ ਟੀਚੇ ਦੇ ਨੇੜੇ ਲੈ ਆਂਦਾ। ਕਲਾਰਕ 74 ਦੌੜਾਂ ਬਣਾ ਕੇ ਬੋਲਡ ਹੋਇਆ। ਉਸ ਸਮੇਂ ਆਸਟ੍ਰੇਲੀਆ ਨੂੰ ਮੈਚ ਜਿੱਤਣ ਲਈ ਸਿਰਫ 9 ਦੌੜਾਂ ਦੀ ਲੋੜ ਸੀ। ਸਮਿੱਥ ਨੇ ਜੇਤੂ ਚੌਕਾ ਜੜ੍ਹ ਕੇ ਆਸਟ੍ਰੇਲੀਅਨ ਖਿਡਾਰੀਆਂ ਨੂੰ ਨੱਚਣ ਲਾ ਦਿੱਤਾ। ਸ਼ੇਨ ਵਾਟਸਨ 2 ਅਤੇ ਸਮਿੱਥ 56 ਦੌੜਾਂ ਬਣਾ ਕੇ ਅਜੇਤੂ ਰਹੇ।
ਨਿਊਜ਼ੀਲੈਂਡ ਵਲੋਂ ਟ੍ਰੇਟ ਬੌਲਟ ਨੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਮੈਟ ਹੈਰਨੀ ਨੂੰ ਇਕ ਸਫ਼ਲਤਾ ਮਿਲੀ।

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੀਵੀ ਟੀਮ 45 ਓਵਰਾਂ ‘ਚ 183 ਦੌੜਾਂ ਦੀ ਬਣਾ ਸਕੀ। ਨਿਊਜ਼ੀਲੈਂਡ ਵਲੋਂ ਗ੍ਰਾਂਟ ਇਲੀਅਟ ਨੇ ਸਭ ਤੋਂ ਵੱਧ 83 ਦੌੜਾਂ ਬਣਾਈਆਂ ਜਦਕਿ ਚਾਰ ਬੱਲੇਬਾਜ਼, ਬ੍ਰੈਂਡਨ ਮੈਕੂਲਮ, ਕੋਰੀ ਐਂਡਰਸਨ, ਲਿਊਕ ਰੋਂਕੀ ਤੇ ਮੈਟ ਹੈਨਰੀ ਖ਼ਾਤਾ ਵੀ ਨਹੀਂ ਖੋਲ੍ਹ ਸਕੇ। ਮਾਰਟਿਨ ਗੁਪਟਿਲ ਨੇ 15, ਕੇਨ ਵਿਲੀਅਮਸ ਨੇ 12, ਰਾਸ ਟੇਲਰ ਨੇ 40, ਡੇਨੀਅਲ ਵਿਟੋਰੀ ਨੇ 9 ਅਤੇ ਟਿਮ ਸਾਊਥੀ ਨੇ 11 ਦੌੜਾਂ ਬਣਾਈਆਂ।
ਆਸਟ੍ਰੇਲੀਆ ਵਲੋਂ ਮਿਸ਼ੇਲ ਜਾਨਸਨ ਤੇ ਜੇਮਸ ਫਾਕਨਰ ਨੇ 3-3 ਵਿਕਟਾਂ ਝਟਕੀਆਂ ਜਦਕਿ ਮਿਸ਼ੇਲ ਸਟਾਰਕ ਨੇ 2 ਵਿਕਟਾਂ ਹਾਸਲ ਕੀਤੀਆਂ। ਇਕ ਵਿਕਟ ਮੈਕਸਵੈੱਲ ਦੇ ਖ਼ਾਤੇ ਗਈ।

Facebook Comment
Project by : XtremeStudioz