Close
Menu

ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾਇਆ

-- 30 December,2014

ਕ੍ਰਾਈਸਟਚਰਚ, ਨਿਊੁਜ਼ੀਲੈਂਡ ਨੇ ਸ੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਪਹਿਲਾ ਟੈਸਟ ਜਿੱਤ ਲਿਆ ਹੈ ਅਤੇ ਇਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ ਲਈ ਸਾਲ 2014 ਸਭ ਤੋਂ ਸਫਲ ਰਿਹਾ।
ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਨਿਊਜ਼ੀਲੈਂਡ ਨੂੰ 105 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਇਸ ਨੂੰ ਟੀਮ ਨੇ ਰੋਸ ਟੇਲਰ (39) ਤੇ ਕੇਨ ਵਿਲੀਅਮਸਨ ਨਾਬਾਦ (31) ਦੀਆਂ ਪਾਰੀਆਂ ਦੀ ਮਦਦ ਨਾਲ ਦੋ ਵਿਕਟਾਂ ਗਵਾ ਕੇ ਹਾਸਲ ਕਰ ਲਿਆ। ਨਿਊਜ਼ੀਲੈਂਡ ਨੇ ਇਕ ਸਾਲ ਵਿੱਚ ਪਹਿਲੀ ਵਾਰ ਪੰਜ ਟੈਸਟ ਜਿੱਤੇ ਹਨ। ਟੀਮ ਨੇ ਘਰੇਲੂ ਲੜੀ ਵਿੱਚ ਭਾਰਤ ਨੂੰ 1-0 ਨਾਲ ਹਰਾਇਆ ਜਦੋਂਕਿ ਵੈਸਟ ਇੰਡੀਜ਼ ਨੂੰ ਉਸ ਦੇ ਮੈਦਾਨਾਂ ਵਿੱਚ ਹੀ 2-1 ਨਾਲ ਹਰਾਇਆ।
ਟੀਮ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਪਾਕਿਸਤਾਨ ਨਾਲ 1-1 ਉੱਤੇ ਡਰਾਅ ਖੇਡਿਆ। ਜਦੋਂਕਿ ਹੁਣ ਸ੍ਰੀਲੰਕਾ ਵਿਰੁੱਧ 1-1 ਦੀ ਲੀਡ ਲਈ ਹੈ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿੱਚ 441 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਟੀਮ 138 ਦੌੜਾਂ ’ਤੇ ਢੇਰ ਹੋ ਗਈ। ਉਸ ਨੂੰ 303 ਦੌੜਾਂ ਨਾਲ ਪਛੜਨ ਕਰਕੇ ਫਾਲੋਆਨ ਖੇਡਣ ਲਈ ਮਜਬੂਰ ਹੋਣਾ ਪਿਆ। ਸ੍ਰੀਲੰਕਾ ਨੇ ਇਸ ਤੋਂ ਬਾਅਦ ਦੂਜੀ ਪਾਰੀ ਵਿੱਚ ਕੁੱਲ 407 ਦੌੜਾਂ ਬਣਾਈਆਂ। ਸ੍ਰੀਲੰਕਾ ਨੇ ਦਿਨ ਦੀ ਸ਼ੁਰੂਆਤ ਪੰਜ ਵਿਕਟਾਂ ’ਤੇ 293 ਦੌੜਾਂ ਤੋਂ ਕੀਤੀ। ਟੀਮ ਨੇ ਸਭ ਤੋਂ ਪਹਿਲਾਂ 10 ਦੌੜਾਂ ਹੋਰ ਜੋੜ ਕੇ ਪਾਰੀ ਦੀ ਹਾਰ ਨੂੰ ਟਾਲਿਆ। ਟਿਮ ਸਾਊਥੀ ਨੇ ਇਸ ਤੋਂ ਬਾਅਦ ਪੁਰਾਣੀ ਗੇਂਦ ਨਾਲ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 19 ਦੌੜਾਂ ’ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਸ੍ਰੀਲੰਕਾ ਦਾ ਸਕੋਰ ਅੱਠ ਵਿਕਟਾਂ ’ਤੇ 325 ਦੌੜਾਂ ਹੋ ਗਿਆ। ਆਫ ਸਪਿੰਨਰ ਮਾਰਕ ਕਰੈਗ ਨੇ ਪ੍ਰਸੰਨਾ ਜੈਵਰਧਨੇ (23) ਨੂੰ ਆਊਟ ਕਰਕੇ ਸ੍ਰੀਲੰਕਾ ਨੂੰ 9ਵਾਂ ਝਟਕਾ ਦਿੱਤਾ। ਸ਼ਮਿੰਦਾ ਈਰਾਂਗਾ (ਨਾਬਾਦ 45) ਤੇ ਸੁਰੰਗਾ ਲਕਮਲ 16 ਨੇ ਹਾਲਾਂਕਿ ਆਖਰੀ ਵਿਕਟ ਲਈ 59 ਦੌੜਾਂ ਜੋੜ ਕੇ ਟੀਮ ਦੀ ਲੀਡ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਨਿਊਜ਼ੀਲੈਂਡ ਦੀ ਤਰਫੋਂ ਸਾਊਥੀ ਨੇ 91 ਜਦੋਂਕਿ ਟਰੈਂਟ ਬੋਲਟ ਨੇ 100 ਦੌੜਾਂ ਬਦਲੇ ਚਾਰ ਵਿਕਟਾਂ ਹਾਸਲ ਕੀਤੀਆਂ।
ਟੀਚੇ ਦਾ ਪਿੱਛਾ ਕਰਨ ਉੱਤਰੇ ਨਿਊਜ਼ੀਲੈਂਡ ਨੇ ਜਲਦੀ ਹੀ ਸਲਾਮੀ ਬੱਲੇਬਾਜ਼ਾਂ ਟਾਮ ਲੈਥਮ (17) ਤੇ ਹਾਮਿਸ਼ ਰੁਚਰਫੋਰਡ (10) ਦੇ ਵਿਕਟ ਗਵਾ ਦਿੱਤੇ ਪਰ ਟੇਲਰ ਤੇ ਵਿਲੀਅਮਸਨ ਨੇ ਦੋ ਵਿਕਟਾਂ ’ਤੇ 107 ਦੌੜਾਂ ਦੇ ਨਾਲ ਟੀਮ ਨੂੰ ਟੀਚੇ ਤੱਕ ਪੁੱਜਦਾ ਕਰ ਦਿੱਤਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦਾ ਸ਼ਾਨਦਾਰ ਪ੍ਰਦਰਸ਼ਨ ਸਾਲ ਵਿੱਚ ਚਾਰ ਟੈਸਟ ਜਿੱਤਣ ਦਾ ਸੀ ਤੇ ਟੀਮ ਇਹ ਪ੍ਰਾਪਤੀ ਪੰਜ ਵਾਰ ਕਰ ਚੁੱਕੀ ਹੈ। ਪਿਛਲੀ ਵਾਰ ਟੀਮ ਨੇ 2008 ਵਿੱਚ ਚਾਰ ਟੈਸਟ ਜਿੱਤੇ ਸਨ।

Facebook Comment
Project by : XtremeStudioz