Close
Menu

ਨਿਊ ਚੰਡੀਗੜ੍ਹ ‘ਚ ਮੈਡੀਕਲ ਸੰਸਥਾਵਾਂ ਲਈ 104 ਏਕੜ ਜਗ੍ਹਾ ਰਾਖਵੀਂ-ਸੁਖਬੀਰ ਬਾਦਲ

-- 10 December,2014

*  ਪੰਜਾਬ ਵੱਲੋਂ ਮੈਡੀਸਿਟੀ ‘ਚ ਮੈਡੀਕਲ ਸੰਸਥਾਵਾਂ ਸਥਾਪਤ ਕਰਨ ਲਈ ਪਲਾਟਾਂ ਦੀ ਵੰਡ ਸਬੰਧੀ ਨੀਤੀ ਦਾ ਐਲਾਨ

*   ਪੜਤਾਲੀਆ ਕਮੇਟੀ ਇੰਨ੍ਹਾ ਪਲਾਟਾਂ ਦੀ ਪਾਰਦਰਸ਼ੀ ਵੰਡ ਯਕੀਨੀ ਬਨਾਏਗੀ

ਚੰਡੀਗੜ੍ਹ, ਪੰਜਾਬ ਸਰਕਾਰ ਵਲੋਂ ਨਿਊ ਚੰਡੀਗੜ੍ਹ੍ਵ ਵਿਖੇ ਸਥਾਪਿਤ ਕੀਤੀ ਜਾ ਰਹੀ ਮੈਡੀਸਿਟੀ ਵਿਚ ਮੈਡੀਕਲ ਸੰਸਥਾਵਾਂ ਜਿਵੇਂ ਕਿ ਮਲਟੀ ਸੈਪਸ਼ਲਿਟੀ ਹਸਪਤਾਲ, ਮੈਡੀਕਲ ਕਾਲਜ, ਖੋਜ ਕੇਂਦਰ ਆਦਿ ਦੀ ਸਥਾਪਨਾ ਵਾਸਤੇ ਪਲਾਟਾਂ ਦੀ ਵੰਡ ਕਰਨ ਸਬੰਧੀ ਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਨੀਤੀ ਨੂੰ ਪਾਰਦਰਸ਼ੀ ਬਨਾਉਣ ਲਈ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਯੋਗ ਅਰਜ਼ੀਕਰਤਾਵਾਂ  ਪਲਾਟਾਂ ਦੀ ਵੰਡ ਕਰੇਗੀ।

ਅੱਜ ਇੱਥੇ ਮਕਾਨ ਉਸਾਰੀ ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਨਿੱਜੀ ਖੇਤਰ ਵੱਲੋਂ ਸਿਹਤ ਸਹੂਲਤਾਂ ਅਤੇ ਬਾਇਓਸਾਇੰਸਜ਼ ਦੇ ਖੇਤਰ ‘ਚ ਦਿਖਾਈ ਜਾ ਰਹੀ ਦਿਲਚਸਪੀ ਨੂੰ ਮੱਦੇਨਜ਼ਰ ਰੱਖਦਿਆਂ ਸੂਬੇ ਦੀ ਰਾਜਧਾਨੀ ਨੇੜੇ ਨਿਵੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਮੈਡੀਸਿਟੀ (ਮੈਡੀਕਲ ਸਿਟੀ) ਦੀ ਸਥਾਪਨਾ ਕਰਨਾ ਦਾ ਫੈਸਲਾ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਪੰਜਾਬ ਅੰਦਰ ਕੁਲ ਸਿਹਤ ਸਹੂਲਤਾਂ ‘ਤੇ ਹੋਣ ਵਾਲੇ ਕੁਲ ਖਰਚ ਦਾ 82 ਫੀਸਦੀ ਹਿੱਸਾ ਨਿੱਜੀ ਮੈਡੀਕਲ ਸੰਸਥਾਵਾਂ ਕੋਲ ਹੈ ਅਤੇ ਇਹ ਅੰਕੜੇ ਸਾਬਿਤ ਕਰਦੇ ਹਨ ਕਿ ਸੂਬੇ ਅੰਦਰ ਸਿਹਤ ਸਹੂਲਤਾਂ ਮੁਹੱਈਆ ਕਰਨ ਦੇ ਖੇਤਰ ‘ਚ ਨਿਵੇਸ਼ਕਾਂ ਲਈ ਭਰਪੂਰ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਲੋਕਾਂ ਦੀ ਉਚੇਰੀ ਪ੍ਰਤੀ ਵਿਅਕਤੀ ਆਮਦਨ ਹੋਣ ਕਾਰਨ ਸਿਹਤ ਸਹੂਲਤਾਂ ਦਾ ਲਾਭ ਉਠਾਉਣ ਦੀ ਸਮੱਰਥਾ ਵੀ ਵੱਧ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿੰਨ੍ਹਾ ਕੋਲ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਦਾ ਮਹਿਕਮਾ ਵੀ ਹੈ, ਵੱਲੋਂ ਭਵਿੱਖੀ ਲੋੜਾਂ ਨੂੰ ਮੁੱਖ ਰੱਖਦਿਆਂ ਨਿਊ ਚੰਡੀਗੜ੍ਹ ‘ਚ ਐਜੂਸਿਟੀ (ਵਿਦਿਅਕ ਸਿਟੀ) ਦੇ ਨਾਲ ਹੀ ਮੈਡੀਸਿਟੀ ਸਥਾਪਤ ਕਰਨ ਦੀ ਰਣਨੀਤੀ ਤੈਅ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰੇਟਰ ਮੁਹਾਲੀ ਏਰੀਆ ਡਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਮੈਡੀਸਿਟੀ ਲਈ 258 ਏਕੜ ਜਗ੍ਹਾ ਰਾਖਵੀਂ ਰੱਖੀ ਗਈ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਪ ਮੁੱਖ ਮੰਤਰੀ ਵੱਲੋਂ ਪਲਾਟਾਂ ਦੀ ਵੰਡ ਲਈ ਪ੍ਰਵਾਨਿਤ ਕੀਤੀ ਗਈ ਨੀਤੀ ਤਹਿਤ ਇਸ ਖੇਤਰ ‘ਚੋਂ 104.21 ਏਕੜ ਜ਼ਮੀਨ ਦੀ ਵਰਤੋਂ ਮੈਡੀਕਲ ਸੰਸਥਾਵਾਂ ਦੀ ਸਥਾਪਨਾ ਲਈ ਕੀਤੀ ਜਾਵੇਗੀ ਜਦਕਿ ਬਾਕੀ ਜ਼ਮੀਨ ‘ਤੇ ਸੜਕਾਂ, ਪਾਰਕ, ਗਰੀਨ ਬੈਲਟ, ਪਾਰਕਿੰਗ, ਵਪਾਰਕ ਕਨਵੈਨਸ਼ਨ ਸੈਂਟਰ ਆਦਿ ਉਸਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ 104 ਏਕੜ ਵਿਚੋਂ 50 ਏਕੜ ਜ਼ਮੀਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਰਾਹੀਂ  ਹੋਮੀ ਭਾਬਾ  ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦੀ ਸਥਾਪਨਾ ਲਈ ਅਲਾਟ ਕੀਤੀ ਗਈ ਹੈ।

ਗਮਾਡਾ ਵਲੋਂ ਮੈਡੀਸਿਟੀ ਲਈ ਫੇਜ਼-1 ਤੇ 2 ਵਿਖੇ 258 ਏਕੜ ਜ਼ਮੀਨ ਦਿੱਤੀ ਗਈ ਹੈ ਜਿਸ ਵਿਚ  ਹਸਪਤਾਲ, ਮੈਡੀਕਲ ਕਾਲਜ, ਖੋਜ ਕੇਂਦਰ ਸਥਾਪਿਤ ਕੀਤੇ ਜਾਣਗੇ।  ਪੰਜਾਬ ਸਰਕਾਰ ਦੀ ਨੀਤੀ ਅਨੁਸਾਰ 104.21 ਏਕੜ ਜ਼ਮੀਨ ਦੀ ਵਰਤੋਂ ਮੈਡੀਕਲ ਸੰਸਥਾਵਾਂ ਦੀ ਸਥਾਪਨਾ ਲਈ ਕੀਤੀ ਜਾਵੇਗੀ ਜਦਕਿ ਬਾਕੀ ਜ਼ਮੀਨ ‘ਤੇ ਸੜਕਾਂ, ਪਾਰਕ, ਗਰੀਨ ਬੈਲਟ, ਪਾਰਕਿੰਗ ,ਵਪਾਰਕ ਕਨਵੈਨਸ਼ਨ ਸੈਂਟਰ ਆਦਿ ਉਸਾਰੇ ਜਾਣਗੇ। ਸਾਰੀ ਅਲਾਟਮੈਂਟ  ਨੂੰ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਕਰਨ ਲਈ ਉਪ ਮੁੱਖ ਮੰਤਰੀ ਵਲੋਂ ਮੁੱਖ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਮੁੱਖ ਸਕੱਤਰ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਨਿਵੇਸ਼ ਬਿਊਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ਼ਹਿਰੀ ਤੇ ਮਕਾਨ ਉਸਾਰੀ ਦੇ ਪ੍ਰਮੁੱਖ ਸਕੱਤਰ, ਸਾਇੰਸ ਤੇ ਟੈਕਨਾਲੌਜੀ ਦੇ ਪ੍ਰਮੁੱਖ ਸਕੱਤਰ, ਮੈਡੀਕਲ ਸਿੱਖਿਆ ਦੇ ਪ੍ਰਮੁੱਖ ਸਕੱਤਰ , ਪੀ.ਜੀ.ਆਈ. ਦੇ ਡਾਇਰੈਕਟਰ ਤੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਮੈਂਬਰ ਹਨ। ਇਸ ਪੜਤਾਲੀਆ ਕਮੇਟੀ ਵਲੋਂ ਅਰਜ਼ੀਆਂ ਦੀ ਪੜਤਾਲ ਕਰਨ ਦੇ ਨਾਲ-ਨਾਲ, ਪ੍ਰਾਜੈਕਟ ਦੀ ਸਮਰੱਥਾ, ਅਰਜ਼ੀਕਰਤਾ ਦੇ ਵਰਤਮਾਨ ਸਮੇਂ ਚੱਲ ਰਹੇ ਹਸਪਤਾਲਾਂ ਦੀ ਕਾਰਗੁਜ਼ਾਰੀ ਆਦਿ ਬਾਰੇ ਵੀ ਪੜਤਾਲ ਕੀਤੀ ਜਾਵੇਗੀ।

ਬੁਲਾਰੇ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ  ਸਿੰਘ ਬਾਦਲ ਦੀ ਪਹਿਲਕਦਮੀ ‘ਤੇ ਕਰਵਾਏ ਗਏ ਪੰਜਾਬ ਨਿਵੇਸ਼ਕ ਸੰਮੇਲਨ ਦੌਰਾਨ ਸਿਹਤ ਤੇ ਬਾਇਓਸਾਇੰਸ ਖੇਤਰਾਂ ਦੀ ਨਿਵੇਸ਼ ਲਈ ਪਹਿਚਾਣ ਕੀਤੀ ਗਈ ਸੀ ਤੇ ਇਨ੍ਹਾਂ ਖੇਤਰਾਂ  ਨੂੰ ਵੱਡਾ ਹੁੰਗਾਰਾ ਮਿਲਿਆ ਹੈ।

ਮੈਡੀਸਿਟੀ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਪੀ.ਜੀ.ਆਈ.ਦੇ ਨੇੜੇ ਹੋਣ ਕਾਰਨ ਤੇ ਹੋਮੀ  ਭਾਬਾ ਕੈਂਸਰ ਖੋਜ ਕੇਂਦਰ ਦੀ ਸਥਾਪਨਾ ਤੋਂ ਇਲਾਵਾ ਜ਼ਮੀਨ ਦੀ ਉਪਲਬਧਤਾ, ਸੜਕੀ ਤੇ ਹਵਾਈ ਸੰਪਰਕ, ਵਿਸ਼ਵ ਪੱਧਰੀ ਸੰਚਾਰ ਵਿਵਸਥਾ ਹੋਣ ਨਾਲ ਮੈਡੀਸਿਟੀ ਵਿਚ ਨਿਵੇਸ਼ ਲਈ ਨਿਵੇਸ਼ਕਾਂ ਵਲੋਂ ਵੱਡੀ ਦਿਲਚਸਪੀ ਦਿਖਾਈ ਜਾ ਰਹੀ ਹੈ, ਜਿਸ ਨਾਲ ਨਾ ਸਿਰਫ ਪੰਜਾਬ ਸਗੋਂ ਸਾਰੇ ਉੱਤਰੀ ਭਾਰਤ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।

Facebook Comment
Project by : XtremeStudioz